ਕੁਦਰਤ ਨੇ ਹਜ਼ਾਰਾਂ ਰੰਗ ਦੇ ਫੁੱਲ ਸਿਰਜੇ ਹਨ, ਹਰ ਫੁੱਲ ਆਪਣੀ ਥਾਂ ਬਾਕਮਾਲ ਹੈ, ਕੁਦਰਤ ਨੇ ਹਜ਼ਾਰਾਂ ਤਰ੍ਹਾਂ ਦੇ ਰੁੱਖ ਤੇ ਫਸਲਾਂ ਸਿਰਜੀਆਂ ਹਨ, ਜਿੰਨਾਂ ਦੇ ਕੱਦ, ਫੈਲਾਅ, ਪੱਤਿਆਂ ਦਾ ਰੰਗ, ਤਾਸੀਰ ਤੇ ਵਰਤੋਂ ਬਿਲਕੁਲ ਅੱਲਗ-ਅੱਲਗ ਹੈ ਤੇ ਬਾਕਮਾਲ ਹੈ। ਬਿਲਕੁਲ ਇਸੇ ਤਰ੍ਹਾਂ ਇਸ ਧਰਤੀ ਤੇ ਕਿੰਨੀਆਂ ਹੀ ਕੌਮਾਂ ਤੇ ਕੌਮੀਅਤਾਂ ਆਪੋ ਆਪਣੇ ਸੱਭਿਆਚਾਰਾਂ, ਰੰਗਾਂ, ਢੰਗਾਂ ਤੇ ਜੀਵਨ ਜਾਚਾਂ ਨਾਲ ਵਿਚਰ ਰਹੀਆਂ ਹਨ, ਸਾਰੀਆਂ ਹੀ ਬਾਕਮਾਲ ਹਨ। ਪਰ ਕਦੇ ਔਰੰਗਜ਼ੇਬ ਨੂੰ, ਕਦੇ ਹਿਟਲਰ ਨੂੰ ਤੇ ਕਦੇ ਜਨਰਲ ਡਾਇਰ ਨੂੰ ਇਹ ਝੱਲ ਵੱਜਦਾ ਹੈ ਕਿ ਉਹਨਾਂ ਦੀ ਕੌਮ/ਧਰਮ/ ਸੱਭਿਆਚਾਰ ਹੀ ਸਰਵ-ਉੱਤਮ ਹੈ ਅਤੇ ਉਹ ਦੂਜਿਆਂ ਨੂੰ ਕੀੜੇ-ਮਕੌੜੇ ਸਮਝ ਦਰੜਨ ਦੀ ਕੋਸ਼ਿਸ਼ ਕਰਦਾ ਹੈ।