Hindi English Sunday, 23 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਲੇਖ

More News

ਮੇਲੇ ਤੋਂ ਮੋਰਚੇ ਤੱਕ ਪਹੁੰਚਦਿਆਂ-2 : ਬਹੁ-ਸੱਭਿਆਚਾਰਵਾਦ ਦੀ ਉਮਦਾ ਮਿਸਾਲ ਗਾਜ਼ੀਪੁਰ ਦਾ ਕਿਸਾਨ ਮੋਰਚਾ

Updated on Monday, June 21, 2021 08:12 AM IST

 ਕੁਲਦੀਪ ਸਿੰਘ ਦੀਪ (ਡਾ.)

 

ਲਗਭਗ ਛੇ-ਸੱਤ ਘੰਟਿਆਂ ਦੇ ਅਕਾਊਂ ਸਫ਼ਰ ਤੋਂ ਬਾਅਦ ਜਦ ਲੇਖਕਾਂ ਦਾ ਸਾਡਾ ਕਾਫ਼ਲਾ ਗਾਜ਼ੀਪੁਰ ਦੇ ਕਿਸਾਨ ਮੋਰਚੇ ਵਿਚ ਪਹੁੰਚਿਆ ਤਾਂ ਸਭ ਦੇ ਅੰਦਰ ਵੱਖਰਾ ਹੀ ਚਾਅ ਤੇ ਉਤਸ਼ਾਹ ਸੀ। ਇਉਂ ਲਗਦਾ ਸੀ ਕਿ ਤੁਸੀਂ ਇਕ ਵੱਡੀ ਜੰਗ ਦੇ ਵੱਡੇ ਨਾਇਕ ਦੇ ਰੂਬਰੂ ਹੋਣ ਜਾ ਰਹੇ ਹੋ ਤੇ ਇਹ ਵੀ ਲਗਦਾ ਸੀ ਕਿ ਕਿਸੇ ਵੀ ‘ਹੱਟ’ ਵਿਚ ਤੁਹਾਨੂੰ ਟਿਕੈਤ ਬੈਠਾ ਨਜ਼ਰ ਆ ਜਾਏਗਾ....ਚਿੱਟੇ ਕਪੱੜਿਆਂ ਵਿਚ ਚਿੱਟੀ ਤੇ ਹਰੀ ਟੋਪੀ ਪਹਿਨੀਂ ਮਹਿੰਦਰ ਟਿਕੈਤ ਦਾ ਸੂਰਮਾ ਪੁੱਤ ਰਾਕੇਸ਼ ਟਿਕੈਤ ਉਹ ਨਾਇਕ ਹੈ, ਜੋ ਕਿਸਾਨ ਸੰਘਰਸ਼ ਦਾ ਤਾਕਵਰ ਚਿਹਰਾ ਹੈ। ਉਥੇ ਪਹੁੰਚ ਕੇ ਇੰਝ ਲਗਦਾ ਸੀ ਜਿਵੇਂ ਰਾਕੇਸ਼ ਟਿਕੈਤ ਅਤੇ ਗਾਜ਼ੀਪੁਰ ਤੇ ਗਾਜ਼ੀਪੁਰ ਤੇ ਸਮੁੱਚਾ ਕਿਸਾਨ ਮੋਰਚਾ ਇੱਕ ਮਿੱਕ ਹੋ ਗਏ ਹੋਣ।(MOREPIC1)

 

ਅਜ਼ੀਬ ਘਟਨਾ ਇਹ ਵਾਪਰੀ ਕਿ ਲੰਗਰ ਛਕਣ ਤੋਂ ਬਾਅਦ ਮੈਂ ਇੱਕਲਾ ਹੀ ਬਾਹਰ ਨਿਕਲ ਪਿਆ ਤੇ ਇਕ ਪੰਜਾਬੀ ਝੋਂਪੜੀ ਦੇ ਅੰਦਰ ਝਾਕਦਿਆਂ ਇਕ ਬਜ਼ੁਰਗ ਤੋਂ ਪੁੱਛਿਆ : ਬਾਬਾ ਜੀ ਟਿਕੈਤ ਕਿੱਥੇ ਮਿਲੂਗਾ? ਉਸ ਨੇ ਕੋਲ ਬੈਠੇ ਨੌਜਵਾਨ ਮੁੰਡੇ ਨੂੰ ਕਿਹਾ, “ਜਾ ਉਏ ਇਹਨੂੰ ਟਿਕੈਤ ਸੂੰ ਦੀ ਟਰਾਲੀ ਤੱਕ ਛੱਡ ਆ’

 

ਕਿੰਨਾ ਕਮਾਲ ਦਾ ਸ਼ਬਦ ਬੋਲਿਆ ਉਸ ਬਜ਼ੁਰਗ ਨੇ : ਟਿਕੈਤ ਸੂੰ... ਕੋਈ ਬੰਦਾ ਕਿਸੇ ਇਕ ਸਾਧਾਰਨ ਬੰਦੇ ਲਈ ਏਨਾ ਆਪਣਾ ਬਣ ਜਾਂਦਾ ਹੈ ਕਿ ਜਾਤ, ਧਰਮ ਤੇ ਖੇਤਰ ਦੀਆਂ ਸਾਰੀਆਂ ਵਲਗਣਾਂ ਸਹਿਜੇ ਹੀ ਟੁੱਟ ਜਾਂਦੀਆਂ ਹਨ ਤੇ ਇਕ ਵੱਖਰੇ ਧਰਮ/ਜਾਤ/ਖਿੱਤੇ ਦਾ ਬੰਦਾ ਉਸ ਲਈ ਆਪਣੇ ਲਾਣੇ ਦਾ ਵੱਡਾ ਬਜ਼ੁਰਗ ‘ਟਿਕੈਤ ਸੂੰ’ ਬਣ ਜਾਂਦਾ ਹੈ। ਅੱਜ ਸਾਡੇ ‘ਚੋਂ ਕਿੰਨੇ ਹੀ ਟਿਕੈਤ ਦਾ ਪੂਰਾ ਨਾਮ ਸ਼ਾਇਦ ਨਾ ਜਾਣਦੇ ਹੋਣ..ਹੋ ਸਕਦਾ ਨਰੇਸ਼ ਜਾਂ ਰਾਕੇਸ਼ ਵਿਚ ਭੁਲੇਖਾ ਖਾ ਜਾਂਦੇ ਹੋਣ, ਪਰ ਕਿਸਾਨ ਮੋਰਚੇ ਨਾਲ ਸਿੱਧੇ-ਅਸਿੱਧੇ ਜੁੜੇ ਹਰ ਬੰਦੇ ਨੂੰ ‘ਟਿਕੈਤ’ ਨਾਂ ਕਦੇ ਨਹੀਂ ਭੁਲਦਾ। ਬਹੁ-ਸੱਭਿਆਚਾਰਵਾਦ ਜਾਂ ਵੰਨ-ਸੁਵੰਨੇ ਸੱਭਿਆਚਾਰ ਦੀ ਇਸ ਤੋਂ ਵੱਡੀ ਉਦਾਹਰਨ ਕੋਈ ਨਹੀਂ ਹੋ ਸਕਦੀ।(MOREPIC2)

 

ਕਿਸਾਨ ਸੰਘਰਸ਼ ਦੀ ਇਹ ਹੁਣ ਤੱਕ ਦੀ ਸੱਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇਕ ਪ੍ਰਾਪਤੀ ਹੈ ਕਿ ਇਸ ਨੇ ਆਰ ਐਸ ਐਸ ਅਤੇ ਉਸ ਦੇ ਇਸ਼ਾਰਿਆਂ ਤੇ ਕੰਮ ਕਰ ਰਹੀ ਕੇਂਦਰੀ ਸੱਤਾ ਦੇ ਇਸ ਨੈਰਟਿਵ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਹੈ ਕਿ ਇਸ ਦੇਸ਼ ਦੇ ਵੰਨ-ਸੁਵੰਨੇ ਸੱਭਿਆਚਾਰ ਨੂੰ ਤਬਾਹ ਕਰਕੇ ਸਾਰੇ ਦੇਸ਼ ਵਿਚ ‘ਭਗਵਾ ਕੋਡ’ ਲਾਗੂ ਕਰ ਦਿੱਤਾ ਜਾਵੇ। ਇਹਨਾਂ ਤਾਕਤਾਂ ਦਾ ਜੇਕਰ ਕੋਈ ਸੱਭ ਤੋਂ ਵੱਡਾ ਹਮਲਾ ਸੀ ਤਾਂ ਉਹ ਇਹ ਸੀ ਕਿ ਸਦੀਆਂ ਤੋਂ ਬਹੁ ਸੱਭਿਆਚਾਰਵਾਦ ਦਾ ਨਮੂਨਾ ਬਣੇ ਭਾਰਤ ਦੀ ਸਾਂਝੀ ਤੇ ਵੰਨ-ਸੁਵੰਨੀ ਵਿਰਾਸਤ ਨੂੰ ਤਹਿਸ-ਨਹਿਸ ਕਰ ਦਿੱਤਾ ਜਾਵੇ। ਘੱਟ ਗਿਣਤੀਆਂ ਨੂੰ ਕਾਫਰ, ਗੁੰਡੇ, ਅੱਤਵਾਦੀ, ਵੱਖਵਾਦੀ ਕਹਿ ਕੇ ਉਹਨਾਂ ਦੀ ਹਰ ਪਛਾਣ ਨੂੰ ਖ਼ਤਮ ਕਰ ਦਿੱਤਾ ਜਾਵੇ। ਉਹਨਾਂ ਉੱਤੇ ਏਨੇ ਕੁ ਹਮਲੇ ਕਰ ਦਿੱਤੇ ਜਾਣ ਕਿ ਜਾਂ ਤਾਂ ਉਹ ਇਥੋਂ ਪਲਾਇਨ ਕਰ ਜਾਣ ਤੇ ਜਾਂ ਫਿਰ ਇਹਨਾਂ ਦੁਆਰਾ ਪੈਦਾ ਕੀਤੀ ਬਹੁਗਿਣਤੀ ਦੀ ਦਹਿਸ਼ਤ ਤੋਂ ਖੌਫ਼ਜ਼ਦਾ ਹੋ ਕੇ ‘ਇਹਨਾਂ ਦੀ ਮੁੱਖਧਾਰਾ’ ਦਾ ਹਿੱਸਾ ਬਣ ਜਾਣ। ਲਵ-ਜ਼ਿਹਾਦ ਵਰਗੇ ਮੁੱਦਿਆਂ ਤੋਂ ਲੈ ਕੇ ਧਾਰਾ 370 ਦੇ ਖਾਤਮੇ ਤੱਕ, ਐਨ ਆਰ ਸੀ ਤੋਂ ਲੈ ਕੇ ਸੀ ਈ ਈ ਤੱਕ, ਅਤੇ ਫਿਰ ਕਿਸਾਨ ਸੰਘਰਸ਼ ਦੇ ਦੌਰਾਨ ਸਿੱਖ ਕਿਸਾਨਾਂ ਨੂੰ ਅੱਤਵਾਦੀ ਅਤੇ ਗੁੰਡੇ ਗਰਦਾਨਣ ਤੱਕ ਸਾਰਾ ਕੁਝ ਇਕ ਗਿਣੀ-ਮਿੱਥੀ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ।

ਕੀ ਹੈ ਬਹੁ ਸੱਭਿਆਚਾਰਵਾਦ...

ਉਰਦੀ ਦਾ ਇਕ ਸ਼ਿਅਰ ਹੈ :

ਚਮਨ ਮੇਂ ਇਖ਼ਤਿਲਾਤ-ਏ- ਰੰਗ-ਓ-ਬੂ ਸੇਂ ਬਾਤ ਬਨਤੀ ਹੈ,

ਹਮ ਹੀ ਹਮ ਹੈਂ ਤੋ ਕਿਆ ਹਮ ਹੈਂ, ਤੁਮ ਹੀ ਤੁਮ ਹੋ ਤੋ ਕਿਆ ਤੁਮ ਹੋ..

 

ਕੁਦਰਤ ਨੇ ਹਜ਼ਾਰਾਂ ਰੰਗ ਦੇ ਫੁੱਲ ਸਿਰਜੇ ਹਨ, ਹਰ ਫੁੱਲ ਆਪਣੀ ਥਾਂ ਬਾਕਮਾਲ ਹੈ, ਕੁਦਰਤ ਨੇ ਹਜ਼ਾਰਾਂ ਤਰ੍ਹਾਂ ਦੇ ਰੁੱਖ ਤੇ ਫਸਲਾਂ ਸਿਰਜੀਆਂ ਹਨ, ਜਿੰਨਾਂ ਦੇ ਕੱਦ, ਫੈਲਾਅ, ਪੱਤਿਆਂ ਦਾ ਰੰਗ, ਤਾਸੀਰ ਤੇ ਵਰਤੋਂ ਬਿਲਕੁਲ ਅੱਲਗ-ਅੱਲਗ ਹੈ ਤੇ ਬਾਕਮਾਲ ਹੈ। ਬਿਲਕੁਲ ਇਸੇ ਤਰ੍ਹਾਂ ਇਸ ਧਰਤੀ ਤੇ ਕਿੰਨੀਆਂ ਹੀ ਕੌਮਾਂ ਤੇ ਕੌਮੀਅਤਾਂ ਆਪੋ ਆਪਣੇ ਸੱਭਿਆਚਾਰਾਂ, ਰੰਗਾਂ, ਢੰਗਾਂ ਤੇ ਜੀਵਨ ਜਾਚਾਂ ਨਾਲ ਵਿਚਰ ਰਹੀਆਂ ਹਨ, ਸਾਰੀਆਂ ਹੀ ਬਾਕਮਾਲ ਹਨ। ਪਰ ਕਦੇ ਔਰੰਗਜ਼ੇਬ ਨੂੰ, ਕਦੇ ਹਿਟਲਰ ਨੂੰ ਤੇ ਕਦੇ ਜਨਰਲ ਡਾਇਰ ਨੂੰ ਇਹ ਝੱਲ ਵੱਜਦਾ ਹੈ ਕਿ ਉਹਨਾਂ ਦੀ ਕੌਮ/ਧਰਮ/ ਸੱਭਿਆਚਾਰ ਹੀ ਸਰਵ-ਉੱਤਮ ਹੈ ਅਤੇ ਉਹ ਦੂਜਿਆਂ ਨੂੰ ਕੀੜੇ-ਮਕੌੜੇ ਸਮਝ ਦਰੜਨ ਦੀ ਕੋਸ਼ਿਸ਼ ਕਰਦਾ ਹੈ। ਇੱਹੋ ਝੱਲ ਮੌਜੂਦਾ ਹਾਕਮਾਂ ਨੂੰ ਵੀ ਵੱਜਿਆਂ ਹੋਇਆ ਹੈ। ਉਹ ਵੀ ਹਿੰਦੂ ਬਹੁਗਿਣਤੀਵਾਦ ਨੂੰ ਸਰਵ ਉੱਤਮ ਮੰਨ ਕੇ ਦੂਜਿਆਂ ਨੂੰ ਕੀੜੇ ਮਕੌੜੇ ਸਮਝ ਕੇ ਉਹਨਾਂ ਨੂੰ ਦਰੜਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਰੁਝਾਨ ਨੂੰ ਜੇਕਰ ਸੱਭ ਤੋਂ ਵੱਡੀ ਠੱਲ ਕਿਸੇ ਨੇ ਹੁਣ ਤੱਕ ਪਾਈ ਹੈ, ਉਹ ਕਿਸਾਨ ਅੰਦੋਲਨ ਨੇ ਪਾਈ ਹੈ। ਕਿਸਾਨ ਅੰਦੋਲਨ ਦੇ ਵਿੱਚੋਂ ਵੀ ਜੇਕਰ ਹੋਰ ਅੱਗੇ ਜਾਣਾ ਹੋਵੇ ਤਾਂ ਟਿਕੈਤ ਦੀ ਅਗਵਾਈ ਵਿਚ ਜੋ ਗ਼ੈਰ-ਪੰਜਾਬੀ ਲੋਕ ਇਸ ਮੋਰਚੇ ਵਿਚ ਵੱਡੀ ਪੱਧਰ ਤੇ ਸ਼ਾਮਿਲ ਹੋਏ, ਉਹਨਾਂ ਨੇ ਸੱਤਾ ਦੇ ਇਸ ਇਕ-ਵਚਨੀ ਸੱਭਿਆਚਾਰ ਦੀ ਸਾਜ਼ਿਸ਼ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਇਹ ਪਹਿਲੀ ਵਾਰ ਹੋਇਆ ਹੈ ਕਿ ਵਿਸ਼ਵ ਦਾ ਏਨਾ ਵੱਡਾ ਅੰਦੋਲਨ ਕਿਸੇ ਜਾਤ/ਧਰਮ/ਭਾਸ਼ਾ ਜਾਂ ਖਿੱਤੇ ਦੀ ਪਛਾਣ ਤੋਂ ਉੱਪਰ ਉੱਠ ਕੇ ਅਵਾਮ ਦੇ ਬੁਨਿਆਦੀ ਮੁੱਦਿਆਂ ਤੇ ਫੋਕਸ ਹੋਇਆ ਹੋਵੇ। ਹਰਿਆਣੇ ਦੀਆਂ ਖਾਪ ਪੰਚਾਇਤਾਂ, ਟਿਕੈਤ ਅਤੇ ਸੰਯੁਕਤ ਮੋਰਚੇ ਵਿਚ ਸ਼ਾਮਿਲ ਕੁਝ ਹੋਰ ਗ਼ੈਰ ਪੰਜਾਬੀ ਜਥੇਬੰਦੀਆਂ ਦੇ ਨੇਤਾਵਾਂ ਨੇ ਮੋਰਚੇ ਨੂੰ ਜੋ ਧਰਮ ਨਿਰਪੱਖਤਾ ਦੀ ਸ਼ਕਤੀਸ਼ਾਲੀ ਰੰਗਤ ਦਿੱਤੀ, ਉਹ ਇਸ ਕਿਸਾਨ ਸੰਘਰਸ਼ ਦਾ ਹਾਸਿਲ ਹੈ।(MOREPIC3)

ਇਸ ਦਾ ਮਤਲਬ ਇਹ ਨਹੀਂ ਕਿ ਪੰਜਾਬੀ ਜਾਂ ਸਿੱਖ ਕਿਸਾਨਾਂ ਨੇ ਇਸ ਵਿਚ ਨਾਂਹਪੱਖੀ ਰੋਲ ਨਿਭਾਇਆ ਹੈ, ਪਰ ਜਿਸ ਤਰ੍ਹਾਂ ਇਸ ਅੰਦੋਲਨ ਦੀ ਸ਼ੁਰੂਆਤ ਪੰਜਾਬ ਤੋਂ ਹੋਈ ਅਤੇ ਦਿੱਲੀ ਦੇ ਕਿਸਾਨ ਮੋਰਚੇ ਤੋਂ ਪਹਿਲਾਂ ਪੰਜਾਬ ਦੇ ਕਿਸਾਨ ਟੋਲ-ਪਲਾਜ਼ਿਆਂ ਤੇ ਰੇਲਗੱਡੀਆਂ ਦੀਆਂ ਲਾਈਨਾਂ ਜ਼ਾਮ ਕਰਕੇ ਜੰਗ ਦਾ ਬਿਗੁਲ ਵਜਾ ਚੁੱਕੇ ਸਨ, ਉਸ ਰੁਝਾਨ ਤੋਂ ਕੇਂਦਰੀ ਸੱਤਾ ਨੇ ਆਪਣੇ ਝੋਲੀਚੁੱਕ ਮੀਡੀਆ ਦੀ ਮਦਦ ਨਾਲ ਇਹ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਕਿ ਇਹ ਅੰਦੋਲਨ ਸਿੱਖਾਂ ਦਾ ਅੰਦੋਲਨ ਹੈ ਤੇ ਇਸ ਵਿਚ ਵੱਡੀ ਮਾਤਰਾ ਵਿਚ ‘ਦੇਸ਼ ਵਿੱਰੋਧੀ ਤੱਤ’ ਸ਼ਾਮਿਲ ਹਨ। ਖਾਸ ਤੌਰ ਤੇ 26 ਜਨਵਰੀ ਦੀ ਘਟਨਾ ਤੋਂ ਬਾਅਦ ਇਸ ਨੈਰੇਟਿਵ ਦਾ ਪ੍ਰਚਾਰ ਸਿੱਖਰ ਤੇ ਸੀ। ਜੇਕਰ ਟਿਕੈਤ ਦੇ ਹੰਝੂਆਂ ਰਾਹੀਂ ਸੈਲਾਬ ਨਾ ਆਉਂਦਾ ਤੇ ਲੋਕ ਰਾਤੋ ਰਾਤ ਘਰਾਂ ਤੋਂ ਵਾਪਸੀ ਨਾ ਕਰਦੇ ਤਾਂ ਅੱਗਲੇ ਦਿਨ ਕਿਸਾਨ ਮੋਰਚੇ ਲਈ ਬਹੁਤ ‘ਭਾਰੇ’ ਪੈਣ ਵਾਲੇ ਸਨ। ਹਰਿਆਣਾ, ਯੂਪੀ, ਰਾਜਸਥਾਨ, ਤਿਲੰਗਾਨਾ, ਉਤਰਾਂਚਲ ਤੇ ਝਾਰਖੰਡ ਆਦਿ ਦੇ ਗ਼ੈਰ ਪੰਜਾਬੀ ਕਿਸਾਨਾਂ ਨੇ ਇਸ ਫਿਰਕੂ ਨੈਰੇਟਿਵ ਦਾ ਡਟ ਕੇ ਵਿਰੋਧ ਕੀਤਾ ਅਤੇ ਸਰਕਾਰ ਦੀ ਇਹ ਚਾਲ ਨੂੰ ਬੁਰੀ ਤਰ੍ਹਾਂ ਫੇਲ੍ਹ ਕਰ ਦਿੱਤਾ।

 ਮੇਲੇ ਤੋਂ ਮੋਰਚੇ ਤੱਕ ਪਹੁੰਚਦਿਆਂ - 1 : ਬਦਲ ਗਏ ਨੇ ਰੰਗ-ਢੰਗ ਮੋਰਚੇ ਦੇ ...

ਕਿਸਾਨ ਮੋਰਚੇ ਨੇ 26 ਜਨਵਰੀ ਦੀ ਘਟਨਾ ਤੋਂ ਬਾਅਦ ਜਿਸ ਤਰ੍ਹਾਂ ਆਪਸੀ ਭਾਈਚਾਰੇ ਦੀ ਮਿਸਾਲ ਕਾਇਮ ਕੀਤੀ, ਇਸ ਦਾ ਪਹਿਲਾ ਪ੍ਰਗਟਾਵਾ ਉਸ ਵਕਤ ਦੇਖਣ ਨੂੰ ਮਿਲਿਆ ਜਦ 27 ਜਨਵਰੀ ਨੂੰ ਸੱਤਾ ਆਪਣੇ ਲਾਮ ਲਸ਼ਕਰ ਨਾਲ ਟਿਕੈਤ ਦਾ ਟਿਕਾਣਾ ਪੁੱਟਣ ਲਈ ਪਹੁੰਚੀ ਸੀ ਤਾਂ ਉਸ ਵਕਤ ਸਾਰੇ ਮੀਡੀਆ ਨੇ ਦੇਖਿਆ ਕਿ ਟਿਕੈਤ ਦੇ ਆਲੇ ਦੁਆਲੇ ਕੁਝ ਸਿੱਖ ਨੌਜਵਾਨ ਸੁੱਰਖਿਆ ਕਵੱਚ ਬਣ ਕੇ ਖੜ੍ਹੇ ਸਨ ਅਤੇ ਦੋ ਢਾਈ ਸੌ ਦੇ ਕਰੀਬ ਪੰਜਾਬੀ ਅਤੇ ਗ਼ੈਰ ਪੰਜਾਬੀ ਕਿਸਾਨ ਉਸੇ ਤਰ੍ਹਾਂ ਤਿਆਰ ਬਰ ਤਿਆਰ ਖੜ੍ਹੇ ਸਨ ਜਿਸ ਤਰ੍ਹਾਂ ਸਾਰਾਗੜ੍ਹੀ ਵਿਚ ਬੈਠੇ 21 ਸਿੰਘ ਇਹ ਜਾਣਦੇ ਹੋਏ ਵੀ ਜੋਸ਼ ਨਾਲ ਭਰੇ ਹੋਏ ਸਨ ਕਿ ਬਾਹਰ ਲੱਖਾਂ ਦੀ ਗਿਣਤੀ ਵਿਚ ਫੌਜ ਆ ਚੁੱਕੀ ਹੈ। ਇਹ ਇਤਿਹਾਸ ਦਾ ਸਾਂਨਦਾਰ ਦ੍ਰਿਸ਼ ਸੀ ਜਿਸ ਨੂੰ ਹਮੇਸ਼ਾ ਆਪਣੇ ਚੇਤਿਆਂ ਵਿਚ ਵਸਾ ਕੇ ਰੱਖਣ ਦੀ ਜ਼ਰੂਰਤ ਹੈ। ਜੇਕਰ ਰਾਤੋ ਰਾਤ ਲੋਕ ਵਾਪਿਸ ਨਾ ਮੁੜਦੇ ਤਾਂ ਉਥੇ ਇਕ ਹੋਰ ‘ਸਾਰਾਗੜ੍ਹੀ’ ਦਾ ਕਾਂਡ ਸਿਰਜੇ ਜਾਣ ਦੀ ਪੂਰੀ ਪੂਰੀ ਸੰਭਾਵਨਾ ਸੀ।(MOREPIC4)

 

ਗਾਜ਼ੀਪੁਰ ਦੇ ਮੋਰਚੇ ਵਿਚ ਵਿਚਰਦਿਆਂ ਇਹ ਅਹਿਸਾਸ ਹੁੰਦਾ ਹੈ ਕਿ ਸਿੰਘੂ ਤੇ ਟਿਕਰੀ ਦੇ ਮੁਕਾਬਲੇ ਇਹ ਮੋਰਚਾ ਆਪਣੇ ਆਪ ਵਿਚ ਕਈ ਪੱਖਾਂ ਤੋਂ ਵਿੱਲਖਣ ਹੈ। ਜਿੱਥੇ ਸਿੰਘੂ ਤੇ ਟਿਕਰੀ ਦੇ ਮੋਰਚੇ ਦੀ ਬਹੁਤੀ ਕਮਾਂਡ ਪੰਜਾਬੀ ਆਗੂਆਂ ਦੇ ਹੱਥ ਵਿਚ ਹੈ, ਉੱਥੇ ਗਾਜ਼ੀਪੁਰ ਦੀ ਸਾਰੀ ਕਮਾਂਡ ਗ਼ੈਰ ਪੰਜਾਬੀ ਟਿਕੈਤ ਦੇ ਹੱਥ ਵਿਚ ਹੈ ਤੇ ਉਸ ਮੋਰਚੇ ਵਿਚ ਸ਼ਾਮਿਲ ਸਾਰੇ ਪੰਜਾਬੀਆਂ ਸਮੇਤ ਸਭ ਨੇ ਇਹ ਕਮਾਂਡ ਸਵੀਕਾਰ ਕੀਤੀ ਹੋਈ ਹੈ। ਇਥੇ ਜੋ ਪੰਜਾਬੀ ਸ਼ਾਮਿਲ ਹਨ, ਉਹ ਪਿਛੋਕੜ ਪੱਖੋਂ ਤਾਂ ਪੰਜਾਬ ਤੋਂ ਹਨ, ਪਰ ਇਸ ਵਕਤ ਉਹ ਯੂਪੀ, ਉਤਰਾਂਚਲ, ਅਤੇ ਗੁਜਰਾਤ ਵਰਗੀਆਂ ਥਾਵਾਂ ਤੇ ਵੱਸੇ ਹੋਏ ਬਹੁਤ ਹੀ ਛੋਟੇ ਛੋਟੇ ਘੱਟਗਿਣਤੀ ਵਰਗ ਹਨ। ਪਰ ਉਹਨਾਂ ਦੇ ਜਲਵੇ ਉਸੇ ਤਰ੍ਹਾਂ ਕਾਇਮ ਹਨ, ਉਸੇ ਤਰ੍ਹਾਂ ਇਹਨਾਂ ਨੇ ਥਾਂ ਥਾਂ ਲੰਗਰ ਲਗਾਏ ਹੋਏ ਹਨ, ਜਿਥੇ ਦਾਲ ਰੋਟੀ ਤੇ ਕੜਾਹ, ਪ੍ਰਸਾਦ ਦੇ ਨਾਲ ਨਾਲ ਚਾਹ-ਪਕੌੜਿਆਂ ਦਾ ਲੰਗਰ ਵੀ ਖੁੱਲ੍ਹਾ ਚਲਦਾ ਰਹਿੰਦਾ ਹੈ। ਇਸ ਮੋਰਚੇ ਤੇ ਪੰਜਾਬੀਆਂ ਦੀ ਗਿਣਤੀ ਦੁਜੇ ਮੋਰਚਿਆਂ ਦੇ ਮੁਕਾਬਲੇ ਮੁਕਾਬਲਤਨ ਘੱਟ ਹੋਣ ਕਾਰਨ ਇੱਥੇ ਬਹੁ ਸੱਭਿਆਚਾਰਵਾਦ ਦੀ ਅਸਲ ਝਲਕ ਮਿਲਦੀ ਹੈ। ਕਿਤੇ ਝਾਰਖੰਡ ਦੇ ਜਥੇ ਆ ਰਹੇ ਹਨ, ਕਿਤੇ ਤਿਲੰਗਾਨਾ ਦੇ, ਕਿਤੇ ਨੈਨੀਤਾਲ ਤੇ ਅਤੇ ਕਿਤੇ ਤਰਾਈ ਦੇ...ਸੱਭ ਦਾ ਏਜੰਡਾ ਦਮਨਕਾਰੀ ਸੱਤਾ ਦਾ ਵਿਰੋਧ ਅਤੇ ਤਿੰਨ ਕਨੂੰਨਾਂ ਨੂੰ ਰੱਦ ਕਰਾਉਣਾ ਹੈ, ਪਰ ਸਭ ਦੇ ਤਰੀਕੇ ਵੱਖ ਵੱਖ ਹਨ। ਗੀਤ, ਸੰਗੀਤ, ਨੁੱਕੜ ਨਾਟਕ, ਭਾਸ਼ਣ, ਮੀਡੀਆ ਕਵਰੇਜ਼ ਆਦਿ ਆਪੋ ਆਪਣੇ ਤਰੀਕਿਆਂ ਨਾਲ ਚੱਲ ਰਹੀ ਹੈ। ਨੈਨੀਤਾਲ ਤੋਂ ਆਏ ਸ਼ਾਇਰ ਬੱਲੀ ਸਿੰਘ, ਅਤੇ ਕਿਸਾਨ ਆਗੂ ਰਜਿੰਦਰ ਸਿੰਘ ਮਾਨ ਹੋਰਾਂ ਨੇ ਇਸ ਮੋਰਚੇ ਦੀਆਂ ਬਹੁਤ ਸਾਰੀਆਂ ਪਰਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਇਹਨਾਂ ਕਿਸਾਨਾਂ ਵਿਚ ਬੈਠ ਕੇ ਡਾ. ਸੁਖਦੇਵ ਸਿਰਸਾ ਅਤੇ ਸੁਰਜੀਤ ਜੱਜ ਦੀ ਅਗਵਾਈ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਕੀਤਾ ਕਵੀਦਰਬਾਰ ਵੀ ਯਾਦਗਾਰੀ ਰਿਹਾ।

 

ਕਾਫਿਲੇ ਦੇ ਵਿਚਕਾਰ ਜਿਹੇ ਇਕ ਟਰਾਲੀ ਵਿਚ ਟਿਕੈਤ ਦਾ ਟਿਕਾਣਾ ਹੈ। ਉਹ ਜਦ ਵੀ ਉੱਥੇ ਹੁੰਦਾ ਹੈ ਤਾਂ ਹਰ ਟਰਾਲੀ ਜਾਂ ਝੋਂਪੜੀ ਤੱਕ ਪਹੁੰਚਦਾ ਹੈ, ਸੱਭ ਨੂੰ ਸੁਣਦਾ ਹੈ, ਮਾਣਦਾ ਹੈ, ਸਮਝਦਾ ਹੈ ਤੇ ਜਾਣਦਾ ਹੈ..ਇਸੇ ਲਈ ਉਸ ਦੀ ਇਕ ਹਾਕ ਤੇ ਅੱਧੇ ਮੁਲਕ ਦਾ ਕਿਸਾਨ ‘ਉਹਨੀ ਪੈਰੀ’ ਵਾਪਿਸ ਮੋਰਚੇ ਨੂੰ ਮੁੜ ਗਿਆ ਸੀ। ਸ਼ਾਇਦ ਇਤਿਹਾਸ ਦਾ ਇਹ ਇੱਕੋ ਇਕ ਨਾਇਕ ਹੋਵੇਗਾ, ਜਿਸ ਉੱਪਰ ਦੋ-ਤਿੰਨ ਦਿਨਾਂ ਵਿਚ ਸੱਭ ਤੋਂ ਵੱਧ ਕਵਿਤਾਵਾਂ, ਲੇਖ ਤੇ ਫੇਸਬੁੱਕ ਪੋਸਟਾਂ ਲਿਖੀਆਂ ਗਈਆਂ ਹੋਣ...

 

ਤਵਾਰੀਖ਼ ਦੇ ਇਹ ਮਾਣਮੱਤੇ ਪੱਲ ਸਾਡੇ ਦੌਰ ਵਿਚ ਸਿਰਜੇ ਗਏ ਹਨ, ਇਸ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ...ਗਾਜ਼ੀਪੁਰ ਦੇ ਉਸ ਮੋਰਚੇ ਤੇ ਟਿਕੈਤ ਨੂੰ ਮਿਲਦਿਆਂ ਅਸੀਂ ਸਾਰੇ ਆਪਣੀਆਂ ਛਾਤੀਆਂ ਵਿਚ ਇਹਨਾਂ ਮਾਣਮੱਤੇ ਪੱਲਾਂ ਨੂੰ ਸਾਂਭ ਕੇ ਬਹੁਤ ਅਮੀਰ ਮਹਿਸੂਸ ਕਰ ਰਹੇ ਸਾਂ...

 

 

ਵੀਡੀਓ

ਹੋਰ
Have something to say? Post your comment
X