Hindi English Sunday, 23 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਲੇਖ

More News

ਸ਼ਹੀਦੀ ਦਿਹਾੜੇ ਮੌਕੇ ਵਿਸ਼ੇਸ਼ : 70ਵਿਆਂ ਦੀ ਵਿਦਿਆਰਥੀ ਲਹਿਰ ਦਾ ਨਾਇਕ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ

Updated on Sunday, July 18, 2021 11:21 AM IST

 

                                                -ਪਾਵੇਲ ਕੁੱਸਾ

ਪਿਰਥੀਪਾਲ ਸਿੰਘ ਰੰਧਾਵੇ ਦੀ ਕਰਨੀ ਤੇ ਸ਼ਹਾਦਤ ਪੰਜਾਬ ਦੀ ਜਵਾਨੀ ਲਈ ਫ਼ਖ਼ਰਯੋਗ ਇਤਿਹਾਸ ਦੇ ਪੰਨੇ ਹਨ। ਉਹ ਪੰਨੇ ਜਿਹੜੇ ਅਜੋਕੀ ਜਵਾਨੀ ਵੱਲੋਂ ਫਰੋਲੇ ਜਾਣੇ ਚਾਹੀਦੇ ਹਨ। ਇਹ ਲੋਕਾਂ ਦੀਆਂ ਲਹਿਰਾਂ ਦਾ ਤੇ ਉਸ ਦੇ ਆਗੂਆਂ ਦਾ ਅਜਿਹਾ ਇਤਿਹਾਸ ਹੈ ਜਿਸ ਨੂੰ ਲੋਕਾਂ ਨੇ ਖ਼ੁਦ ਹੀ ਫਰੋਲਣਾ ਹੁੰਦਾ ਹੈ। ਰਾਜ ਸੱਤਾ ਸਦਾ ਅਜਿਹੇ ਇਤਿਹਾਸ ਨੂੰ ਦਫ਼ਨ ਕਰਨਾ ਲੋਚਦੀ ਆਈ ਹੈ।

   ਅੱਜ ਤੋਂ 42 ਵਰ੍ਹੇ ਪਹਿਲਾਂ ਪੰਜਾਬ ਦੀ ਵਿਦਿਆਰਥੀ ਲਹਿਰ ਦਾ ਮਕਬੂਲ ਆਗੂ ਪ੍ਰਿਥੀਪਾਲ ਸਿੰਘ ਰੰਧਾਵਾ ਰਾਜਕੀ ਸ਼ਹਿ ਪ੍ਰਾਪਤ ਗੁੰਡਾ ਗਰੋਹ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ। ਪਿਰਥੀ ਦੀ ਸ਼ਹਾਦਤ ਸਿਰਫ਼ ਵਿਦਿਆਰਥੀ ਲਹਿਰ ਲਈ ਹੀ ਨਹੀਂ ਸਗੋਂ ਸਮੁੱਚੀ ਲੋਕ ਲਹਿਰ ਲਈ ਇੱਕ ਵੱਡਾ ਝੰਜੋੜਾ ਸੀ ਕਿਉਂਕਿ ਉਹ ਉਸ ਸਮੇਂ ਵਿਦਿਆਰਥੀ ਵਰਗ ਤੋਂ ਅੱਗੇ ਲੋਕਾਂ ਦੇ ਆਗੂ ਵਜੋਂ ਉੱਭਰਿਆ ਹੋਇਆ ਸੀ। 

ਸੱਤਰਵਿਆਂ ਦੇ ਸ਼ੁਰੂਆਤੀ ਸਾਲਾਂ 'ਚ ਇਕ ਵਿਦਿਆਰਥੀ ਆਗੂ ਵਜੋਂ ਪਿਰਥੀ ਦਾ ਉੱਭਰਨਾ ਉਸ ਦੌਰ 'ਚ ਅੰਗੜਾਈ ਲੈ ਰਹੀ ਵਿਦਿਆਰਥੀ ਲਹਿਰ ਦੇ ਉਭਾਰ ਨਾਲ ਹੀ ਗੁੰਦਿਆ ਹੋਇਆ ਸੀ। ਉਹ ਦੌਰ ਪੰਜਾਬ ਅੰਦਰ ਤਿੱਖੇ ਰਾਜਕੀ ਜਬਰ ਦੇ ਹਾਲਾਤਾਂ ਦਾ ਦੌਰ ਸੀ ਜਦੋਂ ਨਕਸਲਬਾੜੀ ਲਹਿਰ ਦੇ ਝੰਜੋੜੇ ਨਾਲ ਜਾਗੀ ਹੋਈ ਪੰਜਾਬ ਦੀ ਜਵਾਨੀ ਦੀਆਂ ਟੁਕੜੀਆਂ ਰਾਜ ਤੇ ਸਮਾਜ ਬਦਲਣ ਦੇ ਹੋਕੇ ਨਾਲ ਸੰਗਰਾਮਾਂ ਦੇ ਮੈਦਾਨਾਂ 'ਚ ਨਿੱਤਰ ਰਹੀਆਂ ਸਨ ਤੇ ਹਕੂਮਤਾਂ ਵੱਲੋਂ ਝੂਠੇ ਪੁਲੀਸ ਮੁਕਾਬਲਿਆਂ, ਜੇਲ੍ਹਾਂ-ਕੇਸਾਂ ਦੇ ਕਹਿਰ ਰਾਹੀਂ ਇਹ ਆਵਾਜ਼ ਕੁਚਲੀ ਜਾ ਰਹੀ ਸੀ। ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਅੰਦਰ ਸੰਨਾਟੇ ਦਾ ਮਾਹੌਲ ਸੀ ਤੇ ਇਸ ਜਬਰ ਗ੍ਰੱਸੇ ਵਾਤਾਵਰਨ ਦਾ ਲਾਹਾ ਲੈ ਕੇ ਧੱਕੜ ਅਧਿਕਾਰੀ ਮਨਮਾਨੀਆਂ ਕਰਦੇ ਸਨ। ਲੋਕਾਂ ਦੇ ਹਰ ਤਰ੍ਹਾਂ ਦੇ ਜਮਹੂਰੀ ਹੱਕ ਕੁਚਲੇ ਜਾ ਰਹੇ ਸਨ। ਅਜਿਹੇ ਦਹਿਸ਼ਤ ਭਰਪੂਰ ਮਾਹੌਲ ਦੇ ਦਰਮਿਆਨ ਪਿਰਥੀ ਦੀ ਅਗਵਾਈ 'ਚ ਪੰਜਾਬ ਦੇ ਵਿਦਿਆਰਥੀਆਂ ਨੇ ਆਪਣੇ ਹੱਕਾਂ ਲਈ ਜਥੇਬੰਦ ਹੋਣ ਦਾ ਪਰਚਮ ਚੁੱਕਿਆ ਤੇ ਹਰ ਤਰ੍ਹਾਂ ਦੇ ਝੱਖੜ ਝੋਲਿਆਂ ਦਰਮਿਆਨ ਇਸ ਪਰਚਮ ਨੂੰ ਲਹਿਰਾਇਆ ਗਿਆ। ਲੀਡਰਸ਼ਿਪ ਦੀ ਗ਼ਲਤ ਪਹੁੰਚ ਕਾਰਨ ਤੇ ਹਕੂਮਤੀ ਜਬਰ ਕਾਰਨ ਖਿੰਡ ਚੁੱਕੀ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਨੂੰ ਮੁੜ ਜਥੇਬੰਦ ਕੀਤਾ ਗਿਆ। ਦਸੂਹੇ 'ਚ ਜੰਮਿਆ ਤੇ ਪੀ ਏ ਯੂ ਲੁਧਿਆਣਾ 'ਚ ਉਚੇਰੀ ਪੜ੍ਹਾਈ ਲਈ ਆਇਆ ਇਕ ਗੰਭੀਰ, ਸਨਿਮਰ ਤੇ ਹੋਣਹਾਰ ਨੌਜਵਾਨ ਪਿਰਥੀ ਇਸ ਮਹਾਨ ਕਾਰਜ ਦਾ ਮੋਹਰੀ ਹੋ ਨਿਬੜਿਆ।

ਜਥੇਬੰਦੀ ਨੂੰ ਮੁੜ ਜਥੇਬੰਦ ਕਰਨ ਦੇ ਮੁੱਢਲੇ ਅਰਸੇ ਦੌਰਾਨ ਹੀ ਮੋਗੇ ਦੇ ਰੀਗਲ ਸਿਨੇਮੇ ਦਾ ਗੋਲੀ ਕਾਂਡ ਵਾਪਰਿਆ। ਮੋਗੇ 'ਚ ਰੀਗਲ ਸਿਨੇਮੇ ਦੇ ਮਾਲਕਾਂ ਦੀ ਗੁੰਡਾਗਰਦੀ ਖ਼ਿਲਾਫ਼ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ 'ਤੇ ਪੁਲੀਸ ਨੇ ਅੰਨ੍ਹੇਵਾਹ ਗੋਲੀ ਚਲਾ ਦਿੱਤੀ ਜਿਸ ਵਿਚ ਦੋ ਵਿਦਿਆਰਥੀ ਹਰਜੀਤ ਤੇ ਸਵਰਨ ਤੋਂ ਇਲਾਵਾ ਹੋਰ ਲੋਕ ਵੀ ਸ਼ਹੀਦ ਹੋਏ। ਹਕੂਮਤੀ ਜਬਰ ਤੇ ਅਨਿਆਂ ਦੇ ਸਤਾਏ ਲੋਕਾਂ ਦਾ ਰੋਹ ਇਸ ਗੋਲੀ ਕਾਂਡ ਖ਼ਿਲਾਫ਼ ਫੁੱਟ ਪਿਆ। ਪੰਜਾਬ ਦੇ ਵਿਦਿਆਰਥੀਆਂ ਨੇ ਦੋਸ਼ੀ ਪੁਲੀਸ ਅਧਿਕਾਰੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੰਜਾਬ ਅੰਦਰ ਮਹਾਂ-ਸੰਗਰਾਮ ਸ਼ੁਰੂ ਕਰ ਜਿਸ ਨੂੰ ਪੰਜਾਬ ਦੇ ਲੋਕਾਂ ਨੇ ਡਟਵੀਂ ਹਮਾਇਤ। ਪਿਰਥੀ ਦੀ ਅਗਵਾਈ 'ਚ ਲੜੇ ਗਏ ਇਸ ਵੱਡੇ ਸੰਘਰਸ਼ ਨੇ ਪੰਜਾਬ ਅੰਦਰੋਂ ਦਹਿਸ਼ਤ ਦਾ ਸੰਨਾਟਾ ਹੂੰਝ ਦਿੱਤਾ। ਵਿਦਿਆਰਥੀਆਂ ਦੀ ਜਥੇਬੰਦੀ ਅਤੇ ਉਸ ਦਾ ਆਗੂ ਪਿਰਥੀ ਪਾਲ ਰੰਧਾਵਾ ਲੋਕਾਂ ਦੀਆਂ ਹੱਕੀ ਜਮਹੂਰੀ ਉਮੰਗਾਂ ਦਾ ਤਰਜਮਾਨ ਬਣ ਕੇ ਉੱਭਰ ਆਏ। ਅੱਜ ਪਿਰਥੀ ਦੀ ਜ਼ਿੰਦਗੀ ਤੇ ਵਿਦਿਆਰਥੀ ਲਹਿਰ ਦਾ ਇਤਿਹਾਸ ਇਉਂ ਇੱਕ ਮਿੱਕ ਹੋ ਚੁੱਕੇ ਹਨ ਕਿ ਦੋਹਾਂ ਦੀ ਵੱਖਰੀ ਚਰਚਾ ਮੁਸ਼ਕਿਲ ਹੈ।

ਪਿਰਥੀ ਦੀ ਅਗਵਾਈ ਹੇਠ ਵਿਦਿਆਰਥੀ ਲਹਿਰ ਦੀ ਸਭ ਤੋਂ ਮਹਾਨ ਪ੍ਰਾਪਤੀ ਸੂਬੇ ਅੰਦਰ ਇਨਕਲਾਬੀ ਜਨਤਕ ਲੀਹ ਦੀ ਸਥਾਪਤੀ ਸੀ ਜਿਸ ਨੇ ਇਨਕਲਾਬੀ ਸਮਾਜਿਕ ਤਬਦੀਲੀ ਦੇ ਸੰਘਰਸ਼ਾਂ ਲਈ ਚੰਦ ਵਿਅਕਤੀਆਂ 'ਤੇ ਟੇਕ ਰੱਖਣ ਦੀ ਗ਼ਲਤ ਪਹੁੰਚ ਨੂੰ ਰੱਦ ਕਰਦਿਆਂ ਲੋਕਾਂ ਨੂੰ ਚੇਤਨ ਕਰਨ, ਜਥੇਬੰਦ ਕਰਨ ਤੇ ਉਭਾਰਨ ਦੀ ਜਨਤਕ ਪਹੁੰਚ ਦੇ ਮਹੱਤਵ ਨੂੰ ਦਰਸਾਇਆ। ਇਸ ਪਹੁੰਚ 'ਤੇ ਚੱਲਦਿਆਂ ਇਨਕਲਾਬੀ ਵਿਦਿਆਰਥੀ ਲਹਿਰ ਨੇ ਸ਼ਾਨਾਮੱਤੀਆਂ ਪ੍ਰਾਪਤੀਆਂ ਕੀਤੀ ਤੇ ਹੱਕਾਂ ਦੀ ਪ੍ਰਾਪਤੀ ਲਈ ਲੋਕਾਂ ਦੀ ਲਹਿਰ ਸਾਹਮਣੇ ਕਈ ਮਿਸਾਲਾਂ ਪੇਸ਼ ਕੀਤੀਅਾਂ। 1974 'ਚ ਦੇਸ਼ ਅੰਦਰ ਉੱਭਰੇ ਜੇ ਪੀ ਅੰਦੋਲਨ ਦਰਮਿਆਨ ਇਹ ਪਿਰਥੀ ਦੀ ਅਗਵਾਈ ਹੇਠਲਾ ਪੰਜਾਬ ਦੇ ਵਿਦਿਆਰਥੀਆਂ ਦਾ ਕਾਫ਼ਲਾ ਸੀ ਜਿਸ ਨੇ ਹਾਕਮ ਜਮਾਤਾਂ ਦੇ ਭਟਕਾਊ ਭਰਮਾਊ ਨਾਅਰਿਆਂ ਤੋਂ ਲੋਕਾਂ ਨੂੰ ਸੁਚੇਤ ਕਰਦਿਆਂ ਕੌਮ ਲਈ ਕਲਿਆਣ ਦੇ ਅਸਲ ਮਾਰਗ ਨੂੰ ਪੇਸ਼ ਕੀਤਾ। ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਮੋਗੇ 'ਚ ਕੀਤੀ ਗਈ ਸੰਗਰਾਮ ਰੈਲੀ ਪੰਜਾਬ ਦੇ ਸਿਆਸੀ ਦ੍ਰਿਸ਼ 'ਤੇ ਵੱਡੀ ਘਟਨਾ ਹੋ ਨਿੱਬੜੀ ਸੀ ਜਿਸ ਨੇ ਪੰਜਾਬ ਦੇ ਨੌਜਵਾਨਾਂ , ਵਿਦਿਆਰਥੀਆਂ ਤੇ ਲੋਕਾਂ ਨੂੰ ਸਿਆਸੀ ਚੇਤਨਾ ਦੇਣ ਦੀ ਵੱਡੀ  ਭੂਮਿਕਾ ਅਦਾ ਕੀਤੀ। ਉਸ ਤੋਂ ਮਗਰੋਂ 1975 'ਚ ਇੰਦਰਾ ਗਾਂਧੀ ਹਕੂਮਤ ਵੱਲੋਂ ਲੋਕਾਂ 'ਤੇ ਮੜ੍ਹੀ ਐਮਰਜੈਂਸੀ ਖ਼ਿਲਾਫ਼ ਪਿਰਥੀ ਦੀ ਅਗਵਾਈ 'ਚ ਪੰਜਾਬ ਸਟੂਡੈਂਟਸ ਯੂਨੀਅਨ ਨੇ ਐਮਰਜੈਂਸੀ ਦੇ ਵਿਰੋਧ ਲਈ ਲੋਕਾਂ ਨੂੰ ਲਾਮਬੰਦ ਕੀਤਾ, ਇਸ ਦੇ ਬਹੁਤ ਸਾਰੇ ਆਗੂ ਤੇ ਕਾਰਕੁੰਨ ਜੇਲ੍ਹੀਂ ਡੱਕੇ ਗਏ। ਮੀਸਾ ਤਹਿਤ ਗ੍ਰਿਫ਼ਤਾਰ ਕੀਤੇ ਗਏ ਪਿਰਥੀ ਪਾਲ ਰੰਧਾਵੇ 'ਤੇ ਵੀ ਪੁਲੀਸ ਨੇ ਅੰਨ੍ਹਾ ਤਸ਼ੱਦਦ ਕੀਤਾ, ਪਰ ਉਸ ਨੇ ਮਿਸਾਲੀ ਅਡੋਲਤਾ ਦਾ ਮੁਜ਼ਾਹਰਾ ਕੀਤਾ। ਉਹ ਆਪਣੇ ਕਈ ਸਾਥੀਆਂ ਨਾਲ ਲਗਪਗ ਡੇਢ ਵਰ੍ਹਾ ਜੇਲ੍ਹ ਅੰਦਰ ਰਿਹਾ। ਐਮਰਜੈਂਸੀ ਮਗਰੋਂ ਉੱਭਰੇ ਜਮਹੂਰੀ ਹੱਕਾਂ ਦੇ ਦਮਨ ਦੇ ਪ੍ਰਸੰਗ ਅੰਦਰ ਜਮਹੂਰੀ ਹੱਕਾਂ ਦੀ ਰਾਖੀ ਦੀ ਲਹਿਰ ਉਸਾਰਨ ਦਾ ਸੰਦੇਸ਼ ਦੇਣ ਲਈ 1977 ਵਿਚ ਮੋਗੇ ਅੰਦਰ ਵਿਸ਼ਾਲ ਵਿਦਿਆਰਥੀ ਮਾਰਚ ਜਥੇਬੰਦ ਕੀਤਾ ਗਿਆ ਤੇ ਇਉਂ ਵਿਦਿਆਰਥੀਆਂ ਨੇ ਜਮਹੂਰੀ ਹੱਕਾਂ ਦੀ ਲਹਿਰ ਦੀ ਮੋਹਰੀ ਟੁਕੜੀ ਵਜੋਂ ਆਪਣਾ ਰੋਲ ਅਦਾ। ਇਸ ਸਾਰੇ ਅਰਸੇ ਦਰਮਿਆਨ ਪਿਰਥੀ ਦੀ ਅਗਵਾਈ ਹੇਠ ਵਿਦਿਆਰਥੀ ਲਹਿਰ ਸਿਰਫ਼ ਵਿਦਿਆਰਥੀ ਤਬਕੇ ਤੱਕ ਸੀਮਤ ਨਹੀਂ ਸੀ ਸਗੋਂ ਉਸ ਨੇ ਸਮਾਜ ਅੰਦਰ ਝੰਜੋੜੂ ਹਿਰਾਵਲ ਦਸਤੇ ਦਾ ਰੋਲ ਅਦਾ ਕੀਤਾ। ਇਸ ਵਿਦਿਆਰਥੀ ਲਹਿਰ ਨੇ ਸਾਮਰਾਜਵਾਦ ਤੋਂ ਮੁਕਤੀ ਲਈ ਲੜੇ ਜਾ ਰਹੇ ਕੌਮੀ ਸੰਗ੍ਰਾਮ ਅੰਦਰ ਆਪਣੀ ਸ਼ਾਨਾਮੱਤੀ ਭੂਮਿਕਾ ਅਦਾ ਕੀਤੀ ਤੇ ਲੋਕਾਂ 'ਚ ਸਾਮਰਾਜ ਵਿਰੋਧੀ ਚੇਤਨਾ ਦੇ ਸੰਚਾਰ ਲਈ ਗੰਭੀਰ ਯਤਨ ਜੁਟਾਏ। ਪਿਰਥੀ ਦੀ ਅਗਵਾਈ ਹੇਠ ਪੰਜਾਬ ਦੇ ਵਿਦਿਆਰਥੀਆਂ ਦੀ ਆਵਾਜ਼ ਦੁਨੀਆਂ ਭਰ ਦੇ ਲੋਕਾਂ ਦੇ ਸਾਮਰਾਜ ਵਿਰੋਧੀ ਸੰਗਰਾਮਾਂ ਦੀ ਹਮਾਇਤ ਵਿੱਚ ਗੂੰਜਦੀ ਰਹੀ। 

ਪਿਰਥੀ ਦੀ ਅਗਵਾਈ ਹੇਠਲੀ ਵਿਦਿਆਰਥੀ ਲਹਿਰ ਨੇ ਪੰਜਾਬ ਦੀ ਜਮਹੂਰੀ ਲਹਿਰ ਦੇ ਖੇਤਰ ਅੰਦਰ ਨਵੀਆਂ ਪਿਰਤਾਂ ਪਾਈਆਂ ਜਿਨ੍ਹਾਂ 'ਤੇ ਚੱਲਦਿਆਂ ਅੱਜ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਲਹਿਰ ਮੁਲਕ ਭਰ ਅੰਦਰ ਆਪਣਾ ਸਿਰਕੱਢਵਾਂ ਸਥਾਨ ਬਣਾਈ ਖੜ੍ਹੀ ਹੈ। ਅੱਜ ਮੁਲਕ ਭਰ 'ਚ ਲੜੇ ਜਾ ਰਹੇ ਕਿਸਾਨ ਸੰਘਰਸ਼ ਅੰਦਰ ਜੇਕਰ ਪੰਜਾਬ ਦੀ ਕਿਸਾਨ ਲਹਿਰ ਧੁਰੇ ਦਾ ਰੋਲ ਅਦਾ ਕਰ ਰਹੀ ਹੈ ਤਾਂ ਇਸ ਵਿੱਚ ਪਿਰਥੀ ਦੀ ਅਗਵਾਈ ਹੇਠਲੀ ਵਿਦਿਆਰਥੀ ਲਹਿਰ ਵੱਲੋਂ ਜਨਤਕ ਸੰਘਰਸ਼ਾਂ ਲਈ ਵਿਕਸਤ ਕੀਤੀਆਂ ਤੇ ਸਥਾਪਤ ਕੀਤੀਆਂ  ਗੲੀਆਂ ਸਹੀ ਨੀਤੀਆਂ ਦੀ ਵੀ ਅਹਿਮ ਭੂਮਿਕਾ ਹੈ। ਉਸ ਦੌਰ ਵਿਚ ਵਿਦਿਆਰਥੀਆਂ ਨੇ ਅਧਿਆਪਕਾਂ, ਮੁਲਾਜ਼ਮਾਂ ਸਨਅਤੀ ਕਾਮਿਆਂ ਤੇ ਕਿਸਾਨਾਂ ਸਮੇਤ ਹਰ ਮਿਹਨਤਕਸ਼ ਤਬਕੇ ਦੇ ਸੰਘਰਸ਼ਾਂ ਦੀ ਡਟਵੀਂ ਹਮਾਇਤ ਕੀਤੀ ਤੇ ਲੋਕਾਂ ਦੇ ਅੰਦਰ ਸਾਂਝੇ ਸੰਘਰਸ਼ਾਂ ਦੀਆਂ ਰਵਾਇਤਾਂ ਨੂੰ ਹੁਲਾਰਾ ਦਿੱਤਾ। ਸੱਤਰਵਿਆਂ ਦੇ ਦਹਾਕੇ ਦੀ ਪੰਜਾਬ ਦੀ ਵਿਦਿਆਰਥੀ ਲਹਿਰ ਮੁਲਕ ਭਰ ਅੰਦਰ ਆਪਣਾ ਵਿਸ਼ੇਸ਼ ਸਥਾਨ ਰੱਖਦੀ ਹੈ।

 ਪਿਰਥੀ ਲਗਪਗ 8 ਸਾਲ ਪੀ ਐਸ ਯੂ ਦਾ ਜਨਰਲ ਸਕੱਤਰ ਰਿਹਾ। ਵਿਦਿਆਰਥੀ ਲਹਿਰ ਅੰਦਰ ਨੌਂ ਵਰ੍ਹਿਆਂ ਦੇ ਆਗੂ ਸਫਰ ਮਗਰੋਂ ਅਜੇ ਰੰਧਾਵੇ ਨੇ ਜਥੇਬੰਦੀ ਤੋਂ ਵਿਦਾਇਗੀ ਲਈ ਹੀ ਸੀ ਕਿ ਮੌਕੇ ਦੀ ਅਕਾਲੀ ਹਕੂਮਤ ਦੇ ਲੀਡਰਾਂ ਦੀ ਸ਼ਹਿ ਵਾਲੇ ਇਕ ਗੁੰਡਾ ਗਰੋਹ ਨੇ ਪਿਰਥੀ ਨੂੰ ਅਗਵਾ ਕਰਨ ਮਗਰੋਂ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ। ਅਗਲੀ ਸਵੇਰ ਉਸ ਦੀ ਲਾਸ਼ ਲੁਧਿਆਣੇ ਦੇ ਬਾਹਰਵਾਰ ਖੇਤਾਂ ਚੋਂ ਮਿਲੀ ਸੀ। ਹਕੂਮਤੀ ਪ੍ਰਚਾਰ ਤੰਤਰ ਨੇ ਇਸ ਨੂੰ ਦੋ ਵਿਦਿਆਰਥੀ ਗੁੱਟਾਂ ਦੀ ਲੜਾਈ ਬਣਾ ਕੇ ਪੇਸ਼ ਕਰਨ ਦਾ ਯਤਨ ਕੀਤਾ ਪਰ ਪੰਜਾਬ ਦੇ ਵਿਦਿਆਰਥੀਆਂ ਤੇ ਲੋਕਾਂ ਦੇ ਸੰਗਰਾਮੀ ਕਾਫ਼ਲਿਆਂ ਨੇ ਇਸ ਝੂਠ ਨੂੰ ਹਵਾ ਚ ਉਡਾ ਦਿੱਤਾ, ਪਿਰਥੀ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਪੰਜਾਬ ਦੀ ਧਰਤੀ 'ਤੇ ਬਹੁਤ ਵੱਡਾ ਸੰਘਰਸ਼ ਹੋਇਆ। ਸਭਨਾਂ ਵੱਡੀਆਂ ਅਖ਼ਬਾਰਾਂ ਨੇ ਵੀ ਇਸ ਨੂੰ ਸਿਆਸੀ ਕਤਲ ਕਿਹਾ। ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਅੰਦਰ ਇਹ ਅਜਿਹਾ ਸਿਆਸੀ ਕਤਲ ਸੀ ਜਿਸ ਨੇ ਪੰਜਾਬ ਅੰਦਰ ਵੱਡੀ ਹਿਲਜੁਲ ਪੈਦਾ ਕੀਤੀ। ਪਿਰਥੀ ਦੀ ਸ਼ਹਾਦਤ ਮਗਰੋਂ ਉਸ ਦੇ ਇੱਕ ਅਧਿਆਪਕ  ਨੇ ਉਸ ਨੂੰ ਸਾਡੇ ਸਮਿਆਂ ਦੇ ਭਗਤ ਸਿੰਘ ਦੀ ਉਪਮਾ ਦਿੱਤੀ ਸੀ। ਕਿਸੇ ਨੇ ਇਸ ਨੂੰ ਪਰਬਤੋਂ ਭਾਰੀ ਮੌਤ ਕਿਹਾ। ਉੱਘੇ ਇਨਕਲਾਬੀ ਕਵੀ ਪਾਸ਼ ਨੇ ਆਪਣੇ ਨਿਵੇਕਲੇ ਅੰਦਾਜ਼ 'ਚ ਇਕ ਕਵਿਤਾ ਰਾਹੀਂ ਉਸ ਨੂੰ ਸ਼ਰਧਾਂਜਲੀ ਦਿੱਤੀ ਤੇ ਲੋਕਾਂ ਦੇ ਕਾਫਲਿਆਂ ਨੇ ਸੰਘਰਸ਼ ਦੇ ਮੈਦਾਨ 'ਚ। 

ਪਿਰਥੀ ਨੂੰ ਲੋਕਾਂ ਦੇ ਕਾਫ਼ਲੇ 'ਚੋਂ ਵਿਛੜਿਆਂ ਚਾਹੇ ਚਾਰ ਦਹਾਕੇ ਤੋਂ ਉੱਪਰ ਹੋ ਚੁੱਕੇ ਹਨ ਪਰ ਲੋਕਾਂ ਦੀ ਲਹਿਰ ਨੂੰ ਉਸ ਦੀਆਂ ਦੇਣਾਂ ਅਮਰ ਹਨ। ਅੱਜ ਵੀ ਚੇਤਨ ਵਿਦਿਆਰਥੀਆਂ ਦੀਆਂ ਟੁਕੜੀਆਂ ਪਿਰਥੀ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਉਸ ਤੋਂ ਪ੍ਰੇਰਨਾ ਲੈ ਰਹੀਆਂ ਹਨ ਤੇ ਫਿਰ ਤੋਂ ਵਿਦਿਆਰਥੀ ਹੱਕਾਂ ਦੀ ਰਾਖੀ ਖਾਤਰ  ਵੱਡੇ ਸੰਘਰਸ਼ ਉਸਾਰਨ ਲਈ ਯਤਨਸ਼ੀਲ ਹਨ।

ਵੀਡੀਓ

ਹੋਰ
Have something to say? Post your comment
X