Hindi English Sunday, 23 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਲੇਖ

More News

ਮੇਲੇ ਤੋਂ ਮੋਰਚੇ ਤੱਕ-4 : ਕਿਸਾਨਾਂ ਦਾ ਕੈਲੀਫੋਰਨੀਆ

Updated on Wednesday, June 23, 2021 08:45 AM IST

ਡਾ. ਕੁਲਦੀਪ ਸਿੰਘ ਦੀਪ

 ਕੈਲੀਫੋਰਨੀਆ ਉਂਝ ਤਾਂ ਅਮਰੀਕਨ ਸਟੇਟ ਹੈ, ਪਰ ਇਹ ਅਕਸਰ ਇਕ ਮਾਡਲ ਸਟੇਟ ਦੇ ਰੂਪ ਵਿਚ ਭਾਰਤੀਆਂ ਦੇ ਸੁਪਨਿਆਂ ਵਿਚ ਆਉਂਦੀ ਹੈ। ਸਿਹਤ, ਸਿੱਖਿਆ ਅਤੇ ਸਾਫ਼ ਵਾਤਵਰਨ, ਕੈਲੀਫੋਰਨੀਆ ਦੇ ਤਿੰਨ ਉੱਘੇ ਲੱਛਣ ਹਨ। ਆਬਾਦੀ ਪੱਖੋਂ ਅਮਰੀਕਾ ਦੀ ਇਹ ਸਭ ਤੋਂ ਵੱਡੀ ਸਟੇਟ ਹੈ ਅਤੇ ਖੇਤਰ ਪੱਖੋਂ ਤੀਜੀ ਵੱਡੀ ਸਟੇਟ ਹੈ। ਕਿਹਾ ਜਾਂਦਾ ਹੈ ਕਿ ਕੈਲੀਫੋਰਨੀਆ ਵਿਚ ਇਕ ਸਾਲ ਵਿਚ 10 ਹਜ਼ਾਰ ਵਾਰ ਨਿੱਕੇ ਵੱਡੇ ਭੂਚਾਲ ਆਉਂਦੇ ਹਨ, ਪਰ ਫੇਰ ਵੀ ਵਿਕਾਸ ਪੱਖੋਂ ਇਸ ਨੇ ਬੇਹਤਰੀਨ ਕੰਮ ਕੀਤਾ ਹੈ।

ਇਕ ਲਤੀਫ਼ਾ ਪ੍ਰਚਲਿਤ ਹੈ :

 ਕਹਿੰਦੇ ਇਕ ਵਾਰ ਅਮਰੀਕਾ ਦਾ ਰਾਸ਼ਟਰਪਤੀ ਭਾਰਤ ਆਇਆ ਤੇ ਉਸ ਨੇ ਬਿਹਾਰ ਜਾਣ ਦੀ ਇੱਛਾ ਜ਼ਾਹਿਰ ਕੀਤੀ। ਪਹਿਲਾਂ ਤਾਂ ਸਾਡੇ ਹਾਕਮਾਂ ਨੇ ਟਾਲਮਟੋਲ ਜਿਹੀ ਕੀਤੀ, ਪਰ ਉਸ ਨੇ ਲਾਲੂ ਪ੍ਰਸਾਦ ਯਾਦਵ ਦੇ ਸਟਾਈਲ ਅਤੇ ਉਸ ਦੀ ਠੇਠ ਭਾਸ਼ਾ ਵਿਚ ਹਾਜ਼ਰਜੁਆਬੀ ਬਾਰੇ ਕਾਫੀ ਕੁਝ ਸੁਣਿਆ ਹੋਇਆ ਸੀ ਤੇ ਉਹ ਉਸ ਨੂੰ ਮਿਲਣਾ ਚਾਹੁੰਦਾ ਸੀ।

 ਚਲੋ ਖੈਰ ..ਪਹੁੰਚ ਗਏ ਬਿਹਾਰ...ਸਾਰੇ ਬਿਹਾਰ ਦੀ ਗੇੜੀ ਲਾਈ...ਜਾਣਕਾਰੀ ਲਈ ਕਿ ਉਥੇ ਗ਼ਰੀਬੀ, ਭੁੱਖਮਰੀ, ਗੁੰਡਾਗਰਦੀ ਅਤੇ ਅਪਰਾਧ ਬਹੁਤ ਹੈ। ਅਖੀਰ ਤੇ ਆ ਕੇ ਲਾਲੂ ਪ੍ਰਸਾਦ ਨੂੰ ਕਹਿੰਦੇ :

“ਲਾਲੂ ਜੀ, ਅੱਗਰ ਆਪ ਯੇ ਬਿਹਾਰ ਹਮੇਂ ਦੇ ਦੋ ਤੋ ਹਮ ਇਸ ਕੋ ਦੋ ਸਾਲੋਂ ਮੇਂ ਕੈਲੀਫੋਰਨੀਆ ਬਨਾ ਦੇਂਗੇ...”

ਲਾਲੂ ਸਾਹਿਬ ਵੱਟ ਖਾ ਗਏ..ਅਤੇ ਕਹਿਣ ਲੱਗੇ :

"ਸੂਸਰੀ ਯੂ ਕੇ ਬਾਤ ਹੋਈ....ਆਪ ਅਪਨਾ ਕੈਲੀਫੋਰਨੀਆ ਮੁਝੇ ਦੇ ਦੋ ਮੈਂ ਇਸੇ ਦੋ ਮਹੀਨੋਂ ਮੇਂ ਬਿਹਾਰ ਬਨਾ ਦੂੰਗਾ..."(MOREPIC1)

ਹੁਣ ਗੱਲ ਕਰਦੇ ਹਾਂ ਕਿਸਾਨਾਂ ਦੇ ਕੈਲੀਫੋਰਨੀਆ ਦੀ...ਉਂਝ ਤਾਂ ਮੋਦੀ ਦਾ ਜ਼ੁਮਲਾ ਵੀ ਹੈ ਕਿ ਇਹਨਾਂ ਤਿੰਨ ਕਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਕਿਸਾਨ ਆਪਣੀ ਫ਼ਸਲ ਕੈਲੀਫੋਰਨੀਆ ਵੀ ਵੇਚ ਸਕੇਗਾ...

ਜਿਹੋ ਜਿਹੀ ਹਾਲਤ ਹੈ ਕਿਸਾਨਾਂ ਦੀ...ਫ਼ਸਲ ਤਾਂ ਸ਼ਾਇਦ ਪਿੰਡ ਦੀ ਜੂਹ ਵੀ ਨਾ ਟੱਪੇ ਪਰ ਕਿਸਾਨਾਂ ਦੀ ਆਵਾਜ਼ ਅਮਰੀਕਾ ਪਹੁੰਚ ਗਈ। ਨਿਉਜਰਸੀ ਦੇ ਡਾਕਟਰ ਸਵੈਮਾਨ ਸਿੰਘ ਨੂੰ ਜਦ ਇਹ ਪਤਾ ਲੱਗਾ ਕਿ ਅਮਰੀਕਾ ਵਿਚ ਰਹਿ ਕੇ ਕਮਾਈ ਕਰਨ ਨਾਲੋਂ ਮੇਰੇ ਦੇਸ਼ ਦੇ ਕਿਸਾਨਾਂ ਨੂੰ ਮੇਰੀਆਂ ਸੇਵਾਵਾਂ ਦੀ ਲੋੜ ਹੈ, ਤਾਂ ਉਸ ਦਾ ਸਵੈਮਾਨ ਜਾਗਿਆ ਤੇ ਉਹ ਭੱਜਾ ਆਇਆ ਦਿੱਲੀ ਦੇ ਮੋਰਚਿਆਂ ਤੇ...

ਪਹਿਲਾਂ ਕੁਝ ਦੇਰ ਸਿੰਘੂ ਰਿਹਾ ਤੇ ਫਿਰ ਟਿਕਰੀ ਵੱਲ ਨੂੰ ਆ ਗਿਆ..

ਆ ਕੇ ਦੇਖਿਆ..ਸਫ਼ਾਈ ਦੀ ਕਮੀ, ਸਿਹਤ ਸਹੂਲਤਾਂ ਦੀ ਘਾਟ ਤੇ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਕਿਸਾਨ...

ਉਸ ਨੂੰ ਲੱਗਿਆ ਕਿ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਇਹਨਾਂ ਲਈ...

ਇਕ ਦਿਨ ਭਿਆਨਕ ਹਾਦਸਾ ਵਾਪਰਿਆ। ਅੱਤ ਦੀ ਸਰਦੀ ਕਾਰਨ ਉਸ ਨੇ ਇਕ ਬਜ਼ੁਰਗ ਕਿਸਾਨ ਨੂੰ ਆਪਣੇ ਸਾਮ੍ਹਣੇ ਦਮ ਤੋੜਦੇ ਦੇਖਿਆ ਤਾਂ ਉਸ ਨੂੰ ਡੂੰਘਾ ਸਦਮਾ ਲੱਗਾ ਅਤੇ ਉਸ ਨੇ ਮਨ ਹੀ ਮਨ ਫੈਸਲਾ ਕਰ ਲਿਆ ਕਿ ਕਿਸਾਨਾਂ ਲਈ ਰੈਣ-ਬਸੇਰਾ ਬਣਾਇਆ ਜਾਵੇ।(MOREPIC2)

ਇਸ ਲਈ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਹਾਦਰਗੜ੍ਹ ਦੇ ਨਵੇਂ ਬਣ ਰਹੇ ਬੱਸ ਅੱਡੇ ਨੂੰ ਆਪਣਾ ਅੱਡਾ ਬਣਾ ਕੇ ਇਸ ਦੇ ਬਾਹਰ ਬੋਰਡ ਲਗਾ ਦਿੱਤਾ :

ਕੈਲੀਫੋਰਨੀਆ ਪਿੰਡ

ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਸੰਗਤ ਦੇ ਸਹਿਯੋਗ ਨਾਲ ਸਫ਼ਾਈ ਮੁਹਿੰਮ ਸ਼ੁਰੂ ਹੋ ਗਈ...ਫੌਜ ਜਿਵੇਂ ਛਾਉਣੀ ਬਣਾਉਂਦੀ ਹੈ, ਇੱਥੇ ਵੀ ਸਾਰਾ ਕੁਝ ਇੰਝ ਹੀ ਜੰਗੀ ਪੱਧਰ ਤੇ ਹੋਇਆ...ਕਿਸਾਨਾਂ ਲਈ ਕੈਂਪ ਬਣਾ ਦਿੱਤੇ ਗਏ..ਪੀਣ ਲਈ ਸਾਫ ਸੁਥਰਾ ਪਾਣੀ ਦੇਣ ਲਈ ਆਰ ਓ ਲਗਾ ਦਿੱਤੇ ਗਏ ਅਤੇ ਪਖਾਨੇ ਬਣਾ ਦਿੱਤੇ ਗਏ। ਕਪੜੇ ਧੋਣ ਲਈ ਵਾਸ਼ਿੰਗ ਮਸ਼ੀਨਾਂ ਲਗਾਈਆਂ ਗਈਆਂ ਅਤੇ ਪਖਾਨਿਆਂ ਅਤੇ ਹੋਰ ਸਫਾਈ ਲਈ 30 ਕਰਮਚਾਰੀ ਪੱਕੇ ਤੌਰ ਤੇ ਰੱਖ ਲਏ ਗਏ।

ਲੋਕਾਂ ਨੂੰ ਪਲਾਸਟਿਕ ਦੀਆਂ ਵਸਤਾਂ ਵਰਤਣ ਤੋਂ ਗੁਰੇਜ ਕਰਨ ਲਈ ਕਿਹਾ ਤੇ ਕੂੜੇ ਲਈ ਡਸਟਬਿਨਾਂ ਦਾ ਪ੍ਰਬੰਧ ਕੀਤਾ।

ਕੈਲੀਫੋਰਨੀਆ ਪਿੰਡ ਦੇ ਅੰਦਰ ‘ਕੈਂਪ ਹਸਪਤਾਲ’ ਖੋਲ੍ਹ ਦਿੱਤਾ ਗਿਆ...ਚੰਡੀਗੜ੍ਹ ਤੋਂ 10 ਡਾਕਟਰਾਂ ਦੀ ਟੀਮ ਹੋਰ ਬੁਲਾ ਲਈ ਅਤੇ ਨਾਲ ਹੀ ਸਹਾਇਕ ਸਟਾਫ਼ ਵੀ ਬੁਲਾ ਲਿਆ। ਹੁਣ ਇਸ ਹਸਪਤਾਲ ਵਿਚ ਹਰ ਰੋਜ਼ 5 ਤੋਂ ਛੇ ਹਜ਼ਾਰ ਦੇ ਕਰੀਬ ਕਿਸਾਨ ਅਤੇ ਆਮ ਸ਼ਹਿਰੀ ਚੈਕ-ਅੱਪ ਤੇ ਇਲਾਜ ਲਈ ਆਉਂਦੇ ਹਨ..

 

100 ਦੇ ਕਰੀਬ ਵਲੰਟੀਅਰ ਬਣਾਏ ਗਏ ਜੋ ਕਿਸਾਨਾਂ ਦੀ ਸੇਵਾ ਵਿਚ 24 ਘੰਟੇ ਤਤਪਰ ਰਹਿੰਦੇ ਹਨ..

ਘੱਟੋ ਘੱਟ 5000 ਔਰਤਾਂ ਦੇ ਰਹਿਣ ਲਈ ਰੈਣਬਸੇਰਾ ਬਣਾ ਦਿੱਤਾ ਜਿਥੇ ਖਾਣ-ਪੀਣ, ਬੈਠਣ, ਸੌਣ ਅਤੇ ਗਰਮ ਪਾਣੀ ਤੱਕ ਦੀ ਸਹੂਲਤ ਦਿੱਤੀ ਗਈ।

ਵਿਦਿਆ ਲਈ ਸਕੂਲ ਅਤੇ ਖੇਡਣ ਲਈ ਛੋਟੇ ਗਰਾਉਂਡ ਬਣਾ ਦਿੱਤੇ ਗਏ..

ਮੀਡੀਆ ਰੂਮ ਬਣਾ ਦਿੱਤਾ ਗਿਆ ਜਿਸ ਨੂੰ ਮੁਫ਼ਤ ਵਾਈ ਜੋਨ ਦਾ ਨਾਂ ਦਿੱਤਾ ਗਿਆ।(MOREPIC3)

ਪਿਛੋਕੜ ਵਜੋਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੱਖੋ ਕੇ ਦੇ ਰਹਿਣ ਵਾਲੇ ਡਾ ਸਵੈਮਾਨ ਸਿੰਘ ਦੇ ਪੁਰਖਿਆਂ ਨੇ ਅਕਾਲੀ ਮੋਰਚਿਆਂ ਵਿਚ ਜੇਲ੍ਹਾਂ ਕੱਟੀਆਂ। ਉਨ੍ਹਾਂ ਦੇ ਪੜਨਾਨਾ ਤਾਰਾ ਸਿੰਘ ਨੇ ਜੈਤੋ ਦੇ ਮੋਰਚੇ ਦੇ ਤੀਜੇ ਜਥੇ ਵਿਚ ਗਿ੍ਰਫਤਾਰੀ ਦਿੱਤੀ ਅਤੇ ਨਾਭਾ ਜੇਲ੍ਹ ਵਿਚ ਤੇਜਾ ਸਿੰਘ ਸਮੁੰਦਰੀ ਨਾਲ ਨਜ਼ਰਬੰਦ ਰਹੇ। ਇਸੇ ਤਰ੍ਹਾਂ ਉਨ੍ਹਾਂ ਦੇ ਦਾਦਾ ਜਗਜੀਤ ਸਿੰਘ ਸਾਰੀ ਉਮਰ ਆਪਣੇ ਪਿੰਡ ਪੱਖੋਕੇ ਦੇ ਸਰਪੰਚ ਰਹੇ ਅਤੇ ਪੰਜਾਬੀ ਸੂਬਾ ਮੋਰਚੇ ਵਿਚ ਹਿੱਸਾ ਲੈਂਦੇ ਰਹੇ। ਮਾਤਾ-ਪਿਤਾ ਨੇ ਐਸ ਐਫ ਆਈ ਵਰਗੀਆਂ ਜਥੇਬੰਦੀਆਂ ਵਿਚ ਕੰਮ ਕੀਤਾ। ਇਹ ਜਜ਼ਬਾ ਡਾ. ਸਵੈਮਾਨ ਸਿੰਘ ਵਿਚ ਵੀ ਉਸੇ ਤਰ੍ਹਾਂ ਵਿਰਾਸਤ ਦੇ ਰੂਪ ਵਿਚ ਆਇਆ। ਉਹ ਮੈਡੀਕਲ ਕੋਰਸ ਕਰਦਾ-ਕਰਦਾ ਛੇ ਮਹੀਨਿਆਂ ਦੀ ਛੁੱਟੀਆਂ ਲੈ ਕੇ ਇੰਗਲੈਂਡ ਵਿਚ ਊਧਮ ਸਿੰਘ ਦੀ ਯਾਦਗਾਰ ਕੈਕਸਟਨ ਹਾਲ ਵੇਖਣ ਲਈ ਗਿਆ। ਸ਼ਹੀਦ ਭਗਤ ਸਿੰਘ ਨੇ ਜੇਲ੍ਹ ਵਿਚ ਭੁੱਖ ਹੜਤਾਲ ਕੀਤੀ ਸੀ ਅਤੇ ਸਵੈਮਾਨ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਹਰ ਸਾਲ 23 ਮਾਰਚ ਨੂੰ ਵਰਤ ਰੱਖਦਾ ਹੈ। ਜਦ ਉਸ ਨੂੰ ਲੱਗਾ ਕਿ ਨੌਕਰੀ ਨਾਲੋਂ ਇਸ ਵਕਤ ਆਪਣੀ ਜੰਮਣ ਭੋਂਇ ਦੀ ਰਾਖੀ ਕਰਨ ਵਾਲੇ ਕਿਸਾਨਾਂ ਨੂੰ ਉਸ ਦੀ ਜ਼ਰੂਰਤ ਹੈ ਤਾਂ ਡਾ. ਸਵੈਮਾਨ 5 ਲੱਖ ਡਾਲਰ ਸਲਾਨਾ ਦੀ ਨੌਕਰੀ ਨੂੰ ਠੁੱਡ ਮਾਰ ਕੇ ਅਤੇ ਆਪਣੀ ਪਤਨੀ ਅਤੇ ਬੇਟੀ ਤੋਂ ਕੁਝ ਸਮੇਂ ਲਈ ਅਲਵਿਦਾ ਲੈ ਕੇ ਇਥੇ ਆਇਆ ਸੀ ਤੇ ਲੱਗਭਗ ਪੰਜ ਮਹੀਨਿਆਂ ਤੋਂ ਇਥੇ ਡਟਿਆ ਹੋਇਆ ਹੈ।(MOREPIC4) 

ਇਹਨਾਂ ਪੰਜ ਮਹੀਨਿਆਂ ਵਿਚ ਉਹ ਸਭ ਤੋਂ ਵੱਧ ਚੁਣੌਤੀਪੂਰਨ ਸਮਾਂ ਕਰੋਨਾ ਕਾਲ ਨੂੰ ਮੰਨਦਾ ਹੈ। ਜਦੋਂ ਪੂਰਾ ਦੇਸ਼ ਘਰਾਂ ਵਿਚ ਸਿਮਟ ਗਿਆ ਸੀ, ਉਦੋਂ ਵੀ ਕਿਸਾਨ ਉਸੇ ਤਰ੍ਹਾਂ ਮੋਰਚਿਆਂ ਵਿਚ ਸਨ..ਸਰਕਾਰ ਉਹਨਾਂ ਨੂੰ ਇਹ ਕਹਿ ਕੇ ਬਦਨਾਮ ਵੀ ਕਰ ਰਹੀ ਸੀ ਕਿ ਇਹ ਕਰੋਨਾ ਮਹਾਂਮਾਰੀ ਫੈਲਾਉਣਗੇ ਤੇ ਡਰਾ ਵੀ ਰਹੀ ਸੀ ਕਿ ਕਿਸਾਨਾਂ ਨੂੰ ਇੱਥੋਂ ਹਟਾਉਣ ਲਈ 'ਆਪਰੇਸ਼ਨ ਕਲੀਨ' ਕੀਤਾ ਜਾਏਗਾ। ਪਰ ਨਾ ਕਿਸਾਨ ਇੱਥੋ ਹਿੱਲੇ ਤੇ ਨਾ ਡਾਕਟਰ ਸਵੈਮਾਨ ਸਿੰਘ...

 ਉਹ ਦਸਦੇ ਹਨ ਕਿ ਇਸ ਕਰੋਨਾ ਕਾਲ ਵਿਚ ਉਹਨਾਂ ਦੀ ਸੰਸਥਾ ਨੇ ਇਕ ਲੱਖ ਦੇ ਕਰੀਬ ਐਨ-95 ਮਾਸਕ ਵੰਡੇ, ਪੰਜਾਹ ਹਜ਼ਾਰ ਤੋਂ ਵੱਧ ਸੈਨੀਟਾਈਜ਼ਰ ਵੰਡੇ, ਕਰੋਨਾ ਤੋਂ ਬਚਣ ਲਈ ਚੇਤਨਾ ਮੁਹਿੰਮ ਚਲਾਈ, ਰੈਗੂਲਰ ਚੈਕਅੱਪ ਕੀਤਾ, ਇਲਾਜ ਕੀਤਾ, ਲੋਕਾਂ ਨੂੰ ਵੈਕਸੀਨ ਲਈ ਪ੍ਰੇਰਿਤ ਕੀਤਾ ਅਤੇ ਇੰਝ ਮੋਰਚੇ ਨੂੰ ਆਪਣੇ ਡਾਕਟਰ ਸਾਥੀਆਂ ਅਤੇ ਹੋਰ ਅਮਲੇ ਨਾਲ ਇਸ ਨਾਮੁਰਾਦ ਬਿਮਾਰੀ ਤੋਂ ਬਚਾਇਆ।

ਬਿਹਾਰ ਭਾਵੇਂ ਕੈਲੀਫੋਰਨੀਆ ਨਹੀਂ ਬਣ ਸਕਿਆ....ਵਰਤਮਾਨ ਸੱਤਾ ਨੇ ਸਾਰੇ ਦੇਸ਼ ਨੂੰ ਬਿਹਾਰ ਬਣਨ ਦੇ ਰਾਹ ਪਾ ਦਿੱਤਾ, ਪਰ ਡਾ. ਸਵੈਮਾਨ ਸਿੰਘ ਨੇ ਮੋਰਚੇ ਤੇ ਕੈਲੀਫੋਰਨੀਆ ਪਿੰਡ ਵਸਾ ਦਿੱਤਾ...

ਜਦ ਕਿਤੇ ਕਿਸਾਨ ਮੋਰਚੇ ਦੀਆਂ ਪ੍ਰਾਪਤੀਆਂ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਅਜਿਹੇ ਲੋਕਾਂ ਦਾ ਨਾਂ ਸੁਨਹਿਰੇ ਅੱਖਰਾਂ ਵਿਚ ਲਿਖਿਆ ਜਾਏਗਾ...

ਦੁਨੀਆ ਲੱਖ ਬੁਰੀ ਹੈ, ਫਿਰ ਵੀ ਚੰਗੇ ਲੋਕਾਂ ਤੋਂ ਸੱਖਣੀ ਨਹੀਂ ਹੈ...ਡਾ. ਸਵੈਮਾਨ ਸਿੰਘ ਇਸ ਦੀ ਖ਼ੂਬਸੂਰਤ ਉਦਾਹਰਨ ਹੈ..ਸਲਾਮ..

ਵੀਡੀਓ

ਹੋਰ
Have something to say? Post your comment
X