(ਦੇਸ਼ ਕਲਿੱਕ ਬਿਉਰੋ)
ਜਦੋਂ ਭਾਰਤ ਦੀ ਵਿਗੜ ਰਹੀ ਆਰਥਿਕਤਾ ਬਾਰੇ ਅੰਕੜੇ ਛੁਪਾਏ ਜਾਂਦੇ ਸਨ ਤਾਂ ਲੋਕ ਚੁੱਪ ਰਹੇ। ਜਦੋਂ ਨੋਟਬੰਦੀ ਕਾਰਨ ਲਾਈਨਾਂ ਵਿੱਚ ਖੜ੍ਹੇ ਮਰਨ ਵਾਲੇ ਲੋਕਾਂ ਦੀ ਸੰਖਿਆ ਛੁਪਾਈ ਗਈ ਤਾਂ ਵੀ ਲੋਕ ਚੁੱਪ ਰਹੇ। ਜਦੋਂ ਚੀਨ ਵੱਲੋਂ ਭਾਰਤ ਦੀ ਸਰਹੱਦ ‘ਚ ਘੁਸਪੈਂਠ ਕਰਕੇ ਕੀਤੇ ਕਬਜ਼ੇ ਦੇ ਅੰਕੜੇ ਛੁਪਾਏ ਗਏ ਤਾਂ ਵੀ ਲੋਕ ਚੁੱਪ ਰਹੇ। ਭੀੜਾਂ ਦੁਆਰਾ ਗਊ ਹੱਤਿਆ, ਗਊ ਮਾਸ ਤੇ ਲਵ ਜਹਾਦ ਦੇ ਨਾਂ ‘ਤੇ ਕੁੱਟੇ ਗਏ ਲੋਕਾਂ ਦੇ ਅੰਕੜੇ ਛੁਪਾਏ ਗਏ ਤਾਂ ਵੀ ਲੋਕ ਚੁੱਪ ਰਹੇ, ਸਰਹੱਦ ਤੇ ਮਰਨ ਵਾਲੇ ਫੌਜੀ ਸ਼ਹੀਦਾਂ ਦੇ ਅੰਕੜੇ ਛੁਪਾਏ ਗਏ ਤਾਂ ਵੀ ਲੋਕ ਚੁੱਪ ! ਤੇ ਹੁਣ ਹਸਪਤਾਲਾਂ ਅੱਗੇ ਬੀਮਾਰ ਖੜ੍ਹੇ ਲੋਕਾਂ ਨੂੰ ਬੈੱਡ ਨਹੀਂ ਮਿਲ ਰਹੇ, ਦਾਖਲ ਮਰੀਜ਼ਾਂ ਨੂੰ ਆਕਸੀਜਨ ਤੇ ਰੈਮਡਸਿਵਿਰ ਟੀਕਾ ਨਹੀਂ ਮਿਲ ਰਿਹਾ, ਆਈ.ਸੀ.ਯੂ. ‘ਚ ਵੈਂਟੀਲੇਟਰ ਨਹੀਂ ਮਿਲ ਰਿਹਾ, ਮਰੀਜ਼ ਨੂੰ ਚੁੱਕਣ ਲਈ ਐਂਬੂਲੈਂਸ ਨਹੀਂ ਮਿਲ ਰਹੀ, ਸ਼ਮਸ਼ਾਨ ਘਾਟ ‘ਚ ਤੇ ਕਬਰਸਤਾਨਾਂ ‘ਚ ਲਾਸ਼ਾਂ ਦਾ ਸਸਕਾਰ ਤੇ ਦਫਨਾਉਣ ਲਈ ਵਾਰੀ ਨਹੀਂ ਮਿਲ ਰਹੀ ਤਾਂ ਲੋਕ ਰੋ ਰਹੇ ਹਨ, ਆਪਣੇ ਆਪ ਨੂੰ ਕੋਸ ਰਹੇ ਹਨ ਤੇ ਹੱਥਾਂ ‘ਚੋਂ ਜਾ ਰਹੇ ਆਪਣੇ ਪਿਆਰਿਆਂ ਨੂੰ ਬੇਬਸੀ ‘ਚ ਤੋਰ ਰਹੇ ਹਨ। ਲੋਕ ਜ਼ਿੰਮੇਵਾਰਾਂ ਨੂੰ ਕੋਸਣ ਤੋਂ ਡਰ ਰਹੇ ਹਨ। ਦੇਸ਼ ਤੇ ਵਿਦੇਸ਼ ਦੇ ਅਖਬਾਰ ਟੀ.ਵੀ. ਚੈਨਲ ਤੇ ਸ਼ੋਸ਼ਲ ਮੀਡੀਆ ਉਪਰ ਦਵਾਈ, ਆਕਸੀਜਨ, ਆਈ.ਸੀ.ਯੂ., ਵੈਂਟੀਲੇਟਰਾਂ ਤੇ ਟੀਕਿਆਂ ਦੀ ਘਾਟ ਦਾ ਸ਼ਰੇਆਮ ਜ਼ਿਕਰ ਹੋ ਰਿਹਾ ਹੈ। ਸੁਰਖੀਆਂ ਛਪ ਰਹੀਆਂ ਹਨ, ਬਰੇਕਿੰਗ ਨਿਊਜ਼ ਆ ਰਹੀਆਂ ਹਨ ਤਾਂ ਵੀ ਦੇਸ਼ ਦੇ ਸਿਹਤ ਮੰਤਰੀ ਬੇਸ਼ਰਮੀ ਨਾਲ ਐਲਾਨ ਕਰ ਰਹੇ ਹਨ ਕਿ ਦਵਾਈਆਂ ਤੇ ਆਕਸੀਜਨ ਦੀ ਕੋਈ ਘਾਟ ਨਹੀਂ ਹੈ। ਇਹੀ ਨਹੀਂ, ਅਜੇ ਕੁਝ ਦਿਨ ਪਹਿਲਾਂ ਉਹ ਪ੍ਰਧਾਨ ਮੰਤਰੀ ਨੂੰ ਕਰੋਨਾ ਉਪਰ ਵਿਜੇ ਪਾਉਣ ਵਾਲਾ ‘ਸੁਪਰਮੈਨ‘ ਕਹਿ ਰਹੇ ਸਨ। ਤੱਥਾਂ ਨੂੰ ਛੁਪਾਉਣ ਦੀ ਇਸ ਤੋਂ ਵੱਧ ਬੇਸ਼ਰਮੀ ਕੀ ਹੋ ਸਕਦੀ ਹੈ? ਹੁਣ ਤਾਂ ਕਰੋਨਾ ਰਾਹੀਂ ਹੋ ਰਹੀਆਂ ਮੌਤਾਂ ਦੀ ਗਿਣਤੀ ਛੁਪਾਉਣ ਦੀਆਂ ਖਬਰਾਂ ਵੀ ਆ ਰਹੀਆਂ ਹਨ। ਅਜੇ ਕੁਝ ਦਿਨ ਪਹਿਲਾਂ ਨਿਊਯਾਰਕ ਟਾਈਮਜ਼ ਤੇ ਭਾਰਤ ‘ਚ ਭਾਸਕਰ ਅਖਬਾਰ ਨੇ ਵੱਡੀਆਂ ਖਬਰਾਂ ਲਾ ਕੇ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 5 ਗੁਣਾਂ ਦੱਸੀ ਹੈ।
ਅਜਿਹਾ ਕਿਉਂ ਕੀਤਾ ਜਾ ਰਿਹਾ ਹੈ? ਕੀ ਸਿਹਤ ਮੰਤਰੀ ਹਰਸ਼ਵਰਧਨ ਇਹ ਸਭ ਕਝ ਆਪਣੀ ਮਰਜ਼ੀ ਨਾਲ ਕਹਿ ਰਹੇ ਹਨ? ਬਿਲਕੁਲ ਨਹੀਂ। ਇਸ ਦੇਸ਼ ਵਿੱਚ ਜੋ ਕੁਝ ਚੱਲ ਰਿਹਾ ਹੈ ਉਹ ਪੀ.ਐਮ.ਓ. ਹੀ ਚਲਾ ਰਿਹਾ ਹੈ ਭਾਵ ਦੋ ਚਾਰ ਵਿਅਕਤੀਆਂ ਦੀ ਜੰਡਲੀ। ਇਸ ਦੇਸ਼ ਦੀਆਂ ਸੰਸਥਾਵਾਂ ਮੰਤਰੀ, ਮੁੱਖ ਮੰਤਰੀ, ਸੁਪਰੀਮ ਕੋਰਟ, ਚੋਣ ਕਮਿਸ਼ਨ, ਆਰ.ਬੀ.ਆਈ., ਸੀ.ਬੀ.ਆਈ., ਪਾਰਲੀਮੇਂਟ, ਰਾਸ਼ਟਰਪਤੀ ਇਸ ਗੁੱਟ ਵੱਲੋਂ ਲਏ ਰਾਜਨੀਤਕ ਫੈਸਲੇ ਨੂੰ ਆਪਣੀ ਭਾਸ਼ਾ ‘ਚ ਲਾਗੂ ਕਰ ਰਹੇ ਹਨ। ਕਰੋਨਾ ਬਾਰੇ ਅਜੇ ਕੁਝ ਮਹੀਨੇ ਪਹਿਲਾਂ ਇਸ ਦੇਸ਼ ਦੀ ਕੀ ਸਮਝ ਸੀ ਤੇ ਅੱਜ ਉਹ ਕੀ ਹੈ ਨੂੰ ਦੇਖਣ ਲਈ ਸਾਨੂੰ ਪ੍ਰਧਾਨ ਮੰਤਰੀ ਵੱਲੋਂ ਕੌਮਾਂਤਰੀ ਤੇ ਕੌਮੀ ਡਾਕਟਰਾਂ, ਮਾਹਰਾਂ, ਪ੍ਰਸ਼ਾਸ਼ਕਾਂ ਦੀ 28 ਜਨਵਰੀ 2021 ਨੁੰ ਡੋਵਾਸ ਮੀਟਿੰਗ ‘ਚ ਦਿੱਤਾ ਭਾਸ਼ਨ ਦੇਖਣਾ ਪਵੇਗਾ ਜਿੱਥੇ ਸਾਰੀ ਦੁਨੀਆਂ ਦੇ ਮਹੱਤਵਪੂਰਨ ਦੇਸ਼ਾਂ ਦੇ ਸਿਹਤ ਮੰਤਰੀ ਤੇ ਸੰਸਾਰ ਦੀਆਂ ਵੱਡੀਆਂ ਸੰਸਥਾਵਾਂ ਦੇ ਅਧਿਕਾਰੀ ਸ਼ਾਮਲ ਸਨ। ਪ੍ਰਧਾਨ ਮੰਤਰੀ ਵੱਲੋਂ ਉਸ ਮੀਟਿੰਗ ‘ਚ ਦਿੱਤਾ ਭਾਸ਼ਨ ਇਸ ਤਰ੍ਹਾਂ ਸੀ, ”ਦੁਨੀਆਂ ਦੇ ਨਾਮੀ ਮਾਹਰ, ਡਾਕਟਰ ਤੇ ਸੰਸਥਾਵਾਂ ਨੇ ਭਾਰਤ ਬਾਰੇ ਕਿਹਾ ਸੀ ਕਿ ਦੁਨੀਆਂ ‘ਚ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਭਾਰਤ ਹੋਵੇਗਾ। ਕਰੋਨਾ ਦੀ ਸੁਨਾਮੀ ਆਉਣ ਦੀ ਵੀ ਭਵਿੱਖਵਾਣੀ ਕੀਤੀ ਸੀ, 700–800 ਮਿਲੀਅਨ ਕਰੋਨਾ ਦੇ ਮਰੀਜ਼ ਤੇ 2 ਮਿਲੀਅਨ ਮੌਤਾਂ ਹੋਣ ਦਾ ਅੰਦੇਸ਼ਾ ਜਿਤਾਇਆ ਸੀ।ਵੱਡੇ ਵਿਕਸਤ ਦੇਸ਼ਾਂ ਦਾ ਹਾਲ ਦੇਖ ਕੇ ਅਜਿਹਾ ਸੋਚਣਾ ਸੁਭਾਵਿਕ ਵੀ ਸੀ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ‘ਚ ਇਹ ਹੋ ਸਕਦਾ ਹੈ। ਪਰ ਕਿੱਥੇ ਗਈ ਉਹ ਸੁਨਾਮੀ? ਭਾਰਤ ਪੀ.ਪੀ.ਪੀ. ਮੋਡ ਅਪਣਾ ਕੇ ਅੱਗੇ ਵਧਦਾ ਗਿਆ। ਭਾਰਤ ਨੇ ਕੋਵਿਡ ਹੈਲਥ ਇਨਫਰਾਸਟਰਕਚਰ ਤਿਆਰ ਕੀਤਾ, ਹਿਉਮੈਨ ਰਿਸੋਰਸਜ਼ ਫੋਰਸ ਨੂੰ ਟਰੇਂਡ ਕੀਤਾ, ਟਰੇਸ ਤੇ ਟੈਸਟ ਤਕਨਾਲੋਜੀ ਦਾ ਪੂਰਾ ਇਸਤੇਮਾਲ ਕੀਤਾ।……..ਅਜਿਹਾ ਕਰਕੇ ਭਾਰਤ ਨੇ ਆਪਣੇ ਜ਼ਿਆਦਾ ਤੋਂ ਜ਼ਿਆਦਾ ਨਾਗਰਿਕਾਂ ਦੀ ਜਾਨ ਬਚਾ ਲਈ।” ਪ੍ਰਧਾਨ ਮੰਤਰੀ ਵੱਲੋਂ 28 ਜਨਵਰੀ ਨੂੰ ਦਿੱਤੇ ਇਸ ਭਾਸ਼ਨ ਵੇਲੇ ਦੇਸ਼ ਨੂੰ ਅੱਜ ਵਾਲੀ ਸਥਿਤੀ ਦਾ ਕੋਈ ਚਿਤ ਚੇਤਾ ਵੀ ਨਹੀਂ ਸੀ। ਕਹਾਂ ਗਈ ਵੋ ਸੁਨਾਮੀ? ਪੱਛਣ ਵਾਲੇ ਪ੍ਰਧਾਨ ਮੰਤਰੀ ਦਾ ਹੁਣ ਕੀ ਜਵਾਬ ਹੈ। ਢਹਿ ਢੇਰੀ ਹੋ ਚੁੱਕੇ ਢਾਂਚੇ ਨੂੰ ਦੁਨੀਆਂ ਸਾਹਮਣੇ ਵਡਿਆਇਆ ਗਿਆ ਪਰ ਹੁਣ ਜਦੋਂ ਸੁਨਾਮੀ ਆਈ ਹੈ ਤਾਂ ਸਾਰਾ ਢਾਂਚਾ ਚਿਰਮਰਾ ਆ ਗਿਆ ਹੈ। ਹੁਣ ”ਆਤਮ ਨਿਰਭਰ ਭਾਰਤ” ਖੁਦ–ਬ–ਖੁਦ ਦੁਨੀਆਂ ਦੇ ਦੇਸ਼ਾਂ ਨਾਲੋਂ ਕੱਟ ਗਿਆ ਹੈ। ਹੁਣ ਉਸੇ ਭਾਈਚਾਰੇ ਅੱਗੇ ਲ੍ਹੇਲੜੀਆਂ ਕੱਢੀਆਂ ਜਾ ਰਹੀਆਂ ਹਨ ਜਿਸ ਸਾਹਮਣੇ ਪਹਿਲਾਂ ਭਾਰਤ ਦੇ ਸਭ ਤੋਂ ਉੱਤਮ ਹੋਣ ਦੀ ਸ਼ੇਖੀ ਮਾਰੀ ਜਾ ਰਹੀ ਸੀ।
ਅਜਿਹਾ ਕਿਉਂ ਹੋਇਆ ਹੈ? ਇਸ ਦਾ ਵੱਡਾ ਕਾਰਨ ਸਿਹਤ ਢਾਂਚੇ ਦਾ ਢਹਿ ਢੇਰੀ ਹੋਣਾ ਹੈ ਜਿਸਨੂੰ ਸਰਕਾਰ ਨੇ ਬਿਲਕੁਲ ਅਣਗੌਲਿਆਂ ਕੀਤਾ ਹੋਇਆ ਹੈ।ਦੂਜਾ ਵੱਡਾ ਕਾਰਨ ਕੇਂਦਰ ਸਰਕਾਰ ਵੱਲੋਂ ਦਿੱਲੀ ਖਾਲੀ ਕਰਕੇ ਰਾਜਾਂ ਦੀਆਂ ਚੋਣਾਂ ਜਿੱਤਣ ‘ਚ ਮਸ਼ਰੂਫ ਹੋਣਾ ਹੈ ਜਿਸ ਨਾਲ ਕਰੋਨਾ ਦੀ ਸ਼ੁਰੂ ਹੋਈ ਦੂਜੀ ਲਹਿਰ ਬਾਰੇ ਸਰਕਾਰੀ ਲਾਪ੍ਰਵਾਹੀ ਹੋਈ। ਦੇਸ਼ ਦਾ ਆਰ. ਐਂਡ. ਡੀ. ਬਿਲਕੁਲ ਖਤਮ ਕਰ ਦਿੱਤਾ ਹੈ। ਕਿਸੇ ਯੂਨੀਵਰਸਿਟੀ ਤੇ ਨਾ ਕਿਸੇ ਰਿਸਰਚ ਸੰਸਥਾ ਨੂੰ ਬਜਟ ਦਿੱਤਾ ਜਾਂਦਾ ਹੈ ਜਿਸ ਨਾਲ ਉਹ ਆਉਣ ਵਾਲੇ ਤੇ ਮੌਜੂਦਾ ਰੋਗਾਂ ਦੀ ਨਿਸ਼ਾਨਦੇਹੀ ਤੇ ਉਸ ਤੋਂ ਉਪਾਅ ਬਾਰੇ ਸੋਚ ਸਕਣ। ਸਾਰੀਆਂ ਸੰਵਿਧਾਨਿਕ ਸੰਸਥਾਵਾਂ ਖਤਮ ਹੋਣ ਵੱਲ ਵਧ ਰਹੀਆਂ ਹਨ। ਪਹਿਲਾਂ ਇੱਕ ਗੁੱਟ ਸਿਆਸੀ ਫੈਸਲਾ ਕਰਦਾ ਹੈ ਫਿਰ ਉਸਨੂੰ ਲੋਕਾਂ ਉੱਪਰ ਠੋਸ ਦਿੱਤਾ ਜਾਂਦਾ ਹੈ। ਸਮੂਹਿਕ ਰਾਏ ਖਤਮ ਕਰ ਦਿੱਤੀ ਗਈ ਤੇ ਵਿਰੋਧੀ ਵਿਚਾਰਾਂ ਪ੍ਰਤੀ ਅਸਹਿਣਸ਼ੀਲਤਾ ਜ਼ੋਰਾਂ ਤੇ ਹੈ। ਦੇਸ਼ ਤਾਨਾਸ਼ਾਹਾਂ ਵਾਂਗ ਚਲਾਇਆ ਜਾ ਰਿਹਾ ਹੈ। ਕਿਸਾਨ ਅੰਦੋਲਨ ਨੂੰ ਛੱਡ ਕੇ ਬਾਕੀ ਸਭ ਫੈਸਲਿਆਂ ‘ਤੇ ਲੋਕ ਚੁੱਪ ਹਨ ਜੋ ਹਾਕਮਾਂ ਦਾ ਹੌਸਲਾ ਵਧਾ ਰਹੇ ਹਨ। ਹੁਣ ਲੋਕਾਂ ਦਾ ਚੁੱਪ ਰਹਿਣਾ ਦੇਸ਼ ਦੀਆਂ ਸਾਰੀਆਂ ਸੰਸਥਾਵਾਂ , ਸੰਵਿਧਾਨ ਤੇ ਜਮਹੂਰੀ ਪ੍ਰਣਾਲੀ ਨੂੰ ਤਹਿਸ਼ ਨਹਿਸ਼ ਕਰਨ ਦੀ ਆਗਿਆ ਦੇਣ ਦੇ ਤੁੱਲ ਹੈ। ਸਮਾਂ ਹੁਣ ਜਾਗਣ ਦੀ, ਸੋਚਣ ਦੀ, ਇਕੱਠੇ ਹੋਣ ਦੀ, ਰੋਸ ਪ੍ਰਗਟ ਕਰਨ ਦੀ, ਲੜਨ ਦੀ ਤੇ ਜਿੱਤਣ ਵੱਲ ਵਧਣ ਦੀ ਮੰਗ ਕਰਦਾ ਹੈ। ਜਦੋਂ ਮੌਤ ਦੇ ਅੰਕੜੇ ਛੁਪਾਏ ਜਾਣ ਤਾਂ ਇਹ ਇਨਸਾਨ ਨਹੀਂ, ਹੈਵਾਨ ਬਿਰਤੀ ਹੁੰਦੀ
ਹੈ। ਸੋ ਹੈਵਾਨਗੀ ਖਿਲਾਫ ਲੜਨਾ ਹੁਣ ਲੋਕਾਂ ਦਾ ਮੁੱਖ ਏਜੰਡਾ ਹੈ।