ਸ਼ਹੀਦ ਸੁਖਦੇਵ ਦਾ ਜਨਮ 15 ਮਈ 1905 ਨੂੰ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਮਾਤਾ ਰੱਲੀ ਦੇਵੀ ਅਤੇ ਪਿਤਾ ਲਾਲਾ ਰਾਮ ਥਾਪਰ ਦੇ ਘਰ ਹੋਇਆ। ਸੁਖਦੇਵ ਕੇਵਲ ਤਿੰਨ ਸਾਲ ਦਾ ਸੀ ਜਦੋਂ 1910 ਵਿਚ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ। ਗਿਆਰਾਂ ਵਰ੍ਹੇ ਦੀ ਉਮਰ ਵਿਚ ਸੁਖਦੇਵ ਨੇ ਆਪਣੇ ਤਾਇਆ ਜੀ ਲਾਲਾ ਚਿੰਤਰਾਮ ਥਾਪਰ ਨਾਲ ਸਿਆਸੀ ਕੰਮਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਜਦੋਂ ਲਾਲਾ ਜੀ ਨੇ 13 ਅਪਰੈਲ 1919 ਦੇ ਜੱਲ੍ਹਿਆਂਵਾਲਾ ਬਾਗ਼ ਦੇ ਹੱਤਿਆ ਕਾਂਡ ਤੋਂ ਪਹਿਲਾਂ 19 ਮਾਰਚ 1919 ਨੂੰ ਐੱਸਏਟੀ ਰੌਲਟ ਦੀ ਅਗਵਾਈ ਹੇਠ ਬਣਾਈ ਕਮੇਟੀ ਦੁਆਰਾ ਤਿਆਰ ਕੀਤੇ ‘ਰੌਲਟ ਐਕਟ’ (ਨਾ ਅਪੀਲ, ਨਾ ਦਲੀਲ ਤੇ ਨਾ ਵਕੀਲ) ਅਤੇ ‘ਮਾਰਸ਼ਲ ਕਾਨੂੰਨ’ ਖ਼ਿਲਾਫ਼ ਭਾਰਤੀ ਲੋਕਾਂ ਨੂੰ ਜੱਥੇਬੰਦ ਕਰਨਾ ਸ਼ੁਰੂ ਕੀਤਾ ਤਾਂ ਸੁਖਦੇਵ ਨੇ ਆਪਣੇ ਤਾਇਆ ਲਾਲਾ ਚਿੰਤਰਾਮ ਥਾਪਰ ਦੀ ਮਦਦ ਕੀਤੀ। 1922 ਵਿਚ ਸੁਖਦੇਵ ਨੇ ਲਾਇਲਪੁਰ ਦੇ ਸਨਾਤਮ ਧਰਮ ਸਕੂਲ ਤੋਂ ਦਸਵੀਂ ਪਾਸ ਕੀਤੀ। ਉੱਥੇ ਉੱਚੇਰੀ ਸਿੱਖਿਆ ਨਾ ਹੋਣ ਕਰ ਕੇ ਅਗਲੀ ਪੜ੍ਹਾਈ ਲਈ ਨੈਸ਼ਨਲ ਕਾਲਜ ਲਾਹੌਰ ਜਾਣਾ ਪਿਆ ਜਿੱਥੇ ਇਕ ਸਾਲ ਬਾਅਦ ਉਸ ਦਾ ਭਗਤ ਸਿੰਘ, ਭਗਵਤੀ ਚਰਨ ਵੋਹਰਾ, ਯਸ਼ਪਾਲ, ਰਾਮ ਚੰਦਰ ਅਤੇ ਤੀਰਥ ਰਾਮ ਨਾਲ ਸੰਪਰਕ ਹੋ ਗਿਆ। ਬਾਅਦ ਵਿਚ ਉਸ ਨੇ ‘ਦਵਾਰਕਾ ਦਾਸ ਲਾਇਬਰੇਰੀ’ ਦੀ ਮਦਦ ਨਾਲ ਸੋਵੀਅਤ ਰੂਸ, ਫ਼ਰਾਂਸ ਅਤੇ ਹੋਰ ਦੇਸ਼ਾਂ ਵਿਚ ਹੋਏ ਕ੍ਰਾਂਤੀਕਾਰੀ ਸੰਘਰਸ਼ਾਂ ਬਾਰੇ ਡੂੰਘਾਈ ਨਾਲ ਅਧਿਐਨ ਕੀਤਾ। ਸੁਖਦੇਵ ਅਤੇ ਭਗਤ ਸਿੰਘ ਦੀ ਮਿਹਨਤ ਕਰਨ ਦੀ ਲਗਨ ਇੱਕੋ ਜਿਹੀ ਸੀ ਪਰ ਸੁਖਦੇਵ ਦੀ ਕਿਸੇ ਮਸਲੇ ’ਤੇ ਵਿਚਾਰ ਦੀ ਪੜਤਾਲ ਦੀ ਖਾਸੀਅਤ ਜ਼ਿਆਦਾ ਸੀ। ਉਹ ਠੋਸ ਸਵਾਲ ਕਰ ਕੇ ਭਗਤ ਸਿੰਘ ਨੂੰ ਗਹਿਰਾਈ ਨਾਲ ਸੋਚਣ ਲਈ ਮਜਬੂਰ ਕਰ ਦਿੰਦਾ। ਸ਼ਿਵ ਵਰਮਾ ਆਪਣੀ ਪੁਸਤਕ ‘23 ਮਾਰਚ ਦੇ ਸ਼ਹੀਦ’ (1976) ਵਿਚ ਲਿਖਦੇ ਹਨ, “ਭਗਤ ਸਿੰਘ ਤੋਂ ਬਾਅਦ ਸਮਾਜਵਾਦ ਬਾਰੇ ਸਭ ਤੋਂ ਵਧੇਰੇ ਜੇ ਕਿਸੇ ਸਾਥੀ ਨੇ ਪੜ੍ਹਿਆ ਅਤੇ ਸਮਝਿਆ ਸੀ, ਤਾਂ ਉਹ ਸੁਖਦੇਵ ਹੀ ਸੀ।” ਸੁਖਦੇਵ ਨੇ ਬੰਬ ਬਣਉਣ ਦੀ ਸਿਖਲਾਈ ਸਭ ਤੋਂ ਪਹਿਲਾਂ ਆਗਰੇ ਵਿਚ ਜੇਐੱਨ ਦਾਸ ਤੋਂ ਹਾਸਲ ਕੀਤੀ। 15 ਅਪਰੈਲ 1929 ਨੂੰ ਸੁਖਦੇਵ ਨੂੰ ਕਿਸ਼ੋਰੀ ਲਾਲ ਅਤੇ ਜੈ ਗੁਪਾਲ ਸਮੇਤ ਲਾਹੌਰ ਦੀ ਕਸ਼ਮੀਰ ਬਿਲਡਿੰਗ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। 23 ਮਾਰਚ 1931 ਨੂੰ ਸੁਖਦੇਵ ਨੂੰ 23 ਸਾਲ 9 ਮਹੀਨੇ 23 ਦਿਨ ਦੀ ਉਮਰ ਵਿਚ ਲਾਹੌਰ ਦੀ ਕੇਂਦਰੀ ਜੇਲ੍ਹ ਵਿਚ ਭਗਤ ਸਿੰਘ ਅਤੇ ਰਾਜਗੁਰੂ ਨੂੰ ਫ਼ਾਂਸੀ ਦੇ ਦਿੱਤੀ ਗਈ।