ਜਗਮੇਲ ਸਿੰਘ ਸੰਪਰਕ:9417224822
ਗੱਲ,ਦਿੱਲੀ ਬਾਡਰਾਂ 'ਤੇ ਚੱਲਦੇ ਸੰਘਰਸ਼ ਦੀ। ਸੰਘਰਸ਼ ਦੇ ਸਮਰਥਨ ਦੀ, ਹਾਕਮ ਹੱਲੇ ਨੂੰ ਰੋਕ ਪਾਉਣ ਦੀ। ਸਮਰਥਨ ਦੇਣ ਵਾਲਿਆਂ ਨੂੰ ਹੱਲਾਸ਼ੇਰੀ ਦੇਣ ਦੀ, ਹੌਂਸਲਾ ਅਫ਼ਜਾਈ ਕਰਨ ਦੀ। ਸੰਘਰਸ਼, ਹਾਕਮ ਦੇ ਅੱਖੀਂ ਚੁੱਭਦਾ ਤੇ ਸੀਨੇ ਖੁੱਭਦਾ। ਬਿਨਾਂ ਮੰਗਾਂ ਮੰਨੇ, ਠਾਉਣਾ ਚਾਹੁੰਦਾ। ਵਾਢੀ ਦੇ ਦਿਨ, ਫਸਲ ਸਾਂਭਣ ਤੇ ਬੀਜਣ ਦੇ ਰੁਝੇਵੇਂ। ਹਾਕਮ ਉਂਗਲਾਂ ਭੰਨਦਾ, ਬੁੱਲ ਟੁੱਕਦਾ, "ਬਾਡਰਾਂ ਤੋਂ 'ਕੱਠ ਘਟਿਆ।" ਤਿਕੜਮਾਂ ਖੇਡਦਾ, ਗੱਲਾਂ ਦੇ ਗੁਲਗਲੇ ਵੀ, ਹਿਟਲਰੀ ਧੌਂਸ ਵੀ। ਅਸਤਰ ਸਸ਼ਤਰ ਸਭ ਦਾ ਮਾਲਕ।ਹਕੂਮਤੀ ਤਾਕਤ, ਜੁਮਲੇ ਬਾਜ਼ੀ ਤੇ ਫਿਰਕੂ ਕਾਤਲੀ ਟੋਲੇ, ਸ਼ੈਤਾਨੀ ਚਾਲਾਂ, ਆਈ ਟੀ ਸੈੱਲ ਤੇ ਧੁਤੂ ਬੜਬੋਲੇ, ਸਭ ਹਾਕਮ ਦੇ ਜਾਬਰ-ਗੋਲੇ। ਕਰੋਨਾ ਵੀ ਇਹ ਦਾ ਸਕਾ-ਸਬੰਧੀ, ਸੰਘਰਸ਼ ਨੂੰ ਪਾਉਣਾ ਚਾਹੁੰਦਾ ਫੰਦੀ।
ਫੌਜੀ ਅਤੇ ਕਾਨੂੰਨੀ ਜ਼ੋਰ, ਬੇਕਿਰਕੀ ਨਾਲ ਨਿਸ਼ੰਗ ਵਰਤਦਾ। ਵਰਤਣਾ, ਉਹਦੇ ਜੀ ਦਾ ਮਾਮਲਾ। ਹਾਕਮ ਦਾ ਜੀ, ਹਾਕਮ ਦੀ ਸਿਆਸਤ। ਲੋਕਾਂ ਤੋਂ ਸਾਰੇ ਜਿਉਣ ਸਾਧਨ ਖੋਹਣ ਦੇ ਦਰਜਨਾਂ ਕਾਲੇ ਕਾਨੂੰਨ, ਹਾਕਮ ਸਿਆਸਤ ਦੇ ਸਬੂਤ। ਲੋਕਾਂ ਦੇ ਨਾਲ ਵੈਰ ਕਮਾਵੇ, ਅੰਦੋਲਨਜੀਵੀ ਨੂੰ ਪਰਜੀਵੀ ਆਖਣ ਤੱਕ ਜਾਵੇ। ਆਜ਼ਾਦੀ, ਜਮਹੂਰੀਅਤ ਦਾ ਢੋਲ ਵਜਾਉਂਦਾ,ਹੱਕ ਸੱਚ ਦਾ ਗਲਾ ਦਬਾਉਂਦਾ।ਸਾਮਰਾਜੀਆਂ ਤੇ ਕਾਰਪੋਰੇਟਾਂ ਦੀਆਂ ਹਿਦਾਇਤਾਂ ਮੰਨੇ, ਮੌਰ ਲੋਕਾਂ ਦੇ ਭੰਨੇ। ਲੋਕਾਂ ਤੋਂ ਜਿਉਣ ਵਸੀਲੇ ਖੋਹੀ ਜਾਵੇ, ਜੋਕਾਂ ਮੂਹਰੇ ਪਰੋਸੀ ਜਾਵੇ। ਉੱਠਦੇ ਘੋਲਾਂ 'ਤੇ ਫੌਜ ਚੜਾਵੇ।ਜ਼ਮੀਨੀ ਘੋਲਾਂ ਦਾ ਇਤਿਹਾਸ, ਫੌਜੀ ਹਮਲਿਆਂ ਦਾ ਰਿਕਾਰਡ।
ਦਿੱਲੀ ਦੇ ਰਾਹ ਤੋਂ ਹੁਣ ਤੱਕ, ਫੌਜੀ ਬਲ ਦੀਆਂ ਕਈ ਝੁੱਟੀਆਂ ਲਵਾ ਚੁੱਕਾ।ਫਹੁ ਨੀਂ ਪਿਆ। ਦੰਦ ਕਰੀਚਦਾ, ਵਜ਼ਨ ਤੋਲਦਾ।
ਹਾਕਮ ਦਾ ਵਰਤਿਆ ਪਰਖਿਆ ਸੰਦ, ਗੁੰਡਾ ਟੋਲੇ।ਬਕਾਇਦਾ ਟਰੇਂਡ, ਪਾਲੇ ਸੰਭਾਲੇ। "ਹਿੰਦੂ ਰਾਸ਼ਟਰਵਾਦ" ਦੇ ਖੋਪਿਆਂ ਵਾਲੇ। ਕਤਲੋਗਾਰਤ ਦੇ ਮਾਹਰ। ਮੁਸਲਮ,ਇਸਾਈ ਤੇ ਦਲਿਤ ਭਾਈਚਾਰਿਆਂ 'ਤੇ ਕਹਿਰ ਵਰਸਾਉਣ ਵਾਲੇ। ਦਿੱਲੀ ਚੋਣਾਂ ਵਿੱਚ " ਗੋਲੀ ਮਾਰੋ.....ਕੋ" ਦਾ ਗੰਦ ਬਕਣ ਵਾਲੇ। ਦਿੱਲੀ ਵਿੱਚ ਫਿਰਕੂ ਕਤਲੇਆਮ ਰਚਾਉਣ ਵਾਲੇ।ਜ. ਨ. ਯੂ., ਜਾ. ਮਿ. ਇ. ਯੂ. ਤੇ ਸ਼ਹੀਨ ਬਾਗ਼ ਮੋਰਚੇ ਵਿੱਚ ਗੁੰਡਾਗਰਦੀ ਕਰਨ ਵਾਲੇ। ਸਿੰਘੂ ਬਾਡਰ ਅਤੇ ਗਾਜ਼ੀਪੁਰ ਹਮਲਾ ਕਰਨ ਵਾਲੇ। ਗਏ ਸੀ ਮੋਰਚਾ ਭੰਨਣ, ਕਰ ਆਏ ਮੋਰਚਾ ਪੱਕਾ। ਘੜਿਆਂ ਦੇ ਚੱਪਣਾ ਤੋਂ ਨੱਕ ਬਚਾ ਕੇ ਭੱਜੇ।
26 ਜਨਵਰੀ, ਲਾਲ ਕਿਲ੍ਹੇ ਦੀ ਘਟਨਾ, ਹਾਕਮ ਦੀਆਂ ਵਾਛਾਂ ਖਿੱਲੀਆਂ। "ਹੁਣ ਗੁੱਲੀ ਦਣ ਪਊ।" ਚੜ੍ਹ ਕੇ ਆਇਆ ਵੀ, ਸਾਰਾ ਲਾਮ ਲਸ਼ਕਰ ਲੈ ਕੇ। ਮੂਹਰੋਂ, ਸੌਦਾ ਮਹਿੰਗਾ ਜਾਪਿਆ। ਵਣਜ ਘਾਟੇ ਵਾਲਾ ਦਿਸਿਆ। ਝੱਟ ਪਿੱਛੇ ਵੱਜਿਆ।
ਹੁਣ ਫੇਰ ਉਵੇਂ ਰੱਸੇ ਪੈੜੇ ਵੱਟ ਰਿਹੈ। ਕਸਰਾਂ ਕੱਢਣ ਦੀ ਤਾਕ ਵਿੱਚ ਆ। ਵੱਡੀ ਝਾਕ ਵਿੱਚ ਆ। ਸੰਘਰਸ਼ ਵਿੱਚ ਘਬਰਾਹਟ ਜਾਂ ਭੜਕਾਹਟ ਚਾਹੁੰਦਾ। ਧੁਖਦੇ ਰੋਹ ਨੂੰ ਝੋਕੇ ਲਈ, ਝੋਕਾਵੇ ਭਾਲਦਾ।
ਕਰੋਨਾ, ਲੋਕਾਂ ਲਈ ਜਾਨ ਦਾ ਖੌਅ। ਬੀਮਾਰੀ, ਰੁਜ਼ਗਾਰਬੰਦੀ ਤੇ ਘਰਬੰਦੀ। ਬੇਰੁਜ਼ਗਾਰੀ, ਗਰੀਬੀ, ਭੁੱਖਮਰੀ ਤੇ ਮੌਤਾਂ। ਜੁਰਮਾਨੇ ਤੇ ਸਜ਼ਾਵਾਂ। ਕੁੱਲ ਮਿਲਾ ਕੇ ਨਿਰਾ ਫਾਹਾ। ਹਾਕਮਾਂ ਲਈ ਸੁਨਹਿਰੀ ਮੌਕਾ, ਪੂਰਾ ਲਾਹਾ।ਮੁਲਕ ਨੂੰ ਵੇਚਣ ਦਾ, ਹੱਥ ਰੰਗਣ ਦਾ। ਕਾਲੇ ਕਾਨੂੰਨ ਬਣਾਉਣ ਦਾ, ਲੋਕਾਂ ਗਲ ਪਾਉਣ ਦਾ। ਸੰਘਰਸ਼ਾਂ ਨੂੰ ਰੋਕਣ ਦਾ। ਪਿਛਲੇ ਸਾਲ ਸ਼ਾਹੀਨ ਬਾਗ ਮੋਰਚੇ 'ਤੇ ਵਰਤਿਆ। ਇਧਰ ਵੀ ਸੈਨਤਾਂ ਜਿਹੀਆਂ ਕਰਦੈ। ਅੱਡੀਆਂ ਚੱਕ ਚੱਕ ਦੇਖਦਾ।
ਇਸ ਸਭ ਦੇ ਹੁੰਦਿਆਂ, ਕੇਰਾਂ ਫੇਰ, ਹਾਕਮ ਦੇ ਸਿਰ, ਸੌ ਘੜਾ ਪਾਣੀ ਮੁਧਿਆ। ਚੜ੍ਹਾਈ ਤੇ ਚਤੁਰਾਈ, ਰਹਿਗੀ ਧਰੀ ਧਰਾਈ । ਜਦ ਸੰਘਰਸ਼ ਦੇ ਮੋਢੇ ਨਾਲ ਮੋਢਾ ਆ ਜੁੜਿਆ, ਸਮਰਥਨ ਦਾ। ਸੰਗਠਨਾਂ ਦੇ ਸਮਰਥਨੀ ਕਾਫ਼ਲੇ ਦਿੱਲੀ ਸੰਘਰਸ਼ ਮੋਰਚੇ ਵਿੱਚ ਪਹੁੰਚੇ। ਇਹ ਏਕੇ ਦੀ ਲੱਠ, ਸਿਰ ਵਿੱਚ ਦੁਸ਼ਮਣ ਦੇ। ਸੰਘਰਸ਼ ਦੀ ਤਾਕਤ ਵਧੀ,ਕਈ ਗੁਣਾਂ। ਆਗੂ ਟੀਮ ਨੂੰ ਸਹਾਰਾ, ਕਾਡਰ ਨੂੰ ਉਤਸ਼ਾਹ। ਸੰਘਰਸ਼ ਦੀ ਵਾਜਬੀਅਤ 'ਤੇ ਮੋਹਰ, ਮੰਗਾਂ ਦੀ ਦਰੁਸਤੀ ਦਾ ਗਵਾਹ। ਹਾਕਮ 'ਤੇ ਦਬਾਅ, ਜਾਬਰ ਚਾਲਾਂ 'ਚ ਰੁਕਾਵਟ।
ਲੋੜੀਂਦੇ ਸਮੇਂ ਦਿੱਤਾ , ਸੰਗਠਿਤ ਲੋਕ ਹਿੱਸਿਆਂ ਵੱਲੋਂ ਦਿੱਤਾ ਅਤੇ ਬਿਨਾਂ ਸ਼ਰਤ ਦਿੱਤਾ ਸਮਰਥਨ, ਸੋਨੇ 'ਤੇ ਸੁਹਾਗਾ। ਸੰਗਠਨਾਂ ਦਾ ਇਹ ਕਦਮ, ਹੌਂਸਲੇ ਤੇ ਸ਼ਲਾਘਾ ਭਰਿਆ।ਹਾਕਮ ਦੀ ਗਿਣਤੀ ਪੁੱਠੀ ਪਾਈ, ਹੱਲੇ ਨੂੰ ਰੋਕ।
ਸਮਰਥਨ, ਬਣੇ ਭਖੇ ਹਾਲਾਤ ਨੂੰ ਹੁੰਗਾਰਾ। ਹਾਕਮ ਨਿੱਤ ਨਵੀਂ ਚੂੜੀ ਚੜ੍ਹਾਉਂਦਾ, ਕਸੀ ਆਉਂਦਾ। ਜਿਉਣਾ ਮੁਹਾਲ ਬਣਾਤਾ। ਬੋਲਣ ਵੀ ਨੀਂ ਦਿੰਦਾ। ਜ਼ਮੀਨਾਂ ਖੁੱਸਣ ਦੇ ਸੰਸੇ। ਨੌਕਰੀਆਂ, ਤਨਖਾਹਾਂ ਛਾਂਗੇ ਜਾਣ ਦਾ ਫ਼ਿਕਰ। ਘਟ ਰਹੇ ਰੁਜ਼ਗਾਰ ਤੇ ਭਰਤੀ ਬੰਦ ਦੀ ਟੈਂਸ਼ਨ। ਦੋ ਡੰਗ ਦੀ ਰੋਟੀ ਦੀ ਚਿੰਤਾ। ਬੱਚਿਆਂ ਦੀ ਪੜ੍ਹਾਈ ਤੇ ਪਰਵਰਿਸ਼ ਦਾ ਝੋਰਾ। ਸਰਕਾਰੇ ਦਰਬਾਰੇ ਕੋਈ ਸੁਣਵਾਈ ਨਹੀਂ। ਮਨਾਂ 'ਚ ਔਖ ਤੇ ਤਣਾਅ। ਬੇਆਸੀ ਤੇ ਗੁੱਸੇ ਦਾ ਰਲਵਾਂ ਗੁੱਭ ਗੁਬ੍ਹਾਟ, ਇੱਕ ਗੋਲਾ ਜਿਹਾ।
ਸੰਘਰਸ਼ ਤੋਂ ਆਸ ਨੂੰ ਚੁਆਤੀ, ਗੋਲਾ ਫਟਿਆ, ਗੁੱਭ ਗੁਬ੍ਹਾਟ ਸਮਰਥਨ ਵਿੱਚ ਵਟਿਆ। ਪਿੰਡੋਂ-ਪਿੰਡ ਅਤੇ ਸ਼ਹਿਰੋ-ਸ਼ਹਿਰ, ਸਮਰਥਨ ਦੀ ਉਠੀ ਲਹਿਰ। ਸਮਰਥਨ ਕਮੇਟੀਆਂ, ਰੈਲੀਆਂ ਤੇ ਮਾਰਚ। ਤਖਤੀਆਂ ਤੇ ਬੈਨਰ, ਇੱਕਠ ਤੇ ਰੋਹ, ਹਾਕਮ ਨੂੰ ਵੰਗਾਰੇ। ਗੀਤ, ਨਾਟਕ, ਕਿਤਾਬਾਂ, ਭਾਸ਼ਣ ਤੇ ਲੇਖ, ਦਲੀਲ ਨੂੰ ਬਲ ਦਿੰਦੀਆਂ। ਖਾਣ-ਪੀਣ ਤੇ ਰਹਿਣ-ਸਹਿਣ ਦਾ ਸਮਾਨ, ਸਰਦੀ ਗਰਮੀ ਵਿੱਚ ਡਟੇ ਰਹਿਣ ਦੀ ਤਾਕਤ। ਨਾ ਚੰਦੇ ਦੀ ਤੋਟ, ਨਾ ਬੰਦੇ ਦੀ ਘਾਟ, ਵੇਹੜਾ ਭਰਿਆ ਭਰਿਆ। ਇੱਕ ਅਧਿਆਪਕ ਸੰਗਠਨ ਵੱਲੋਂ ਦਸ ਲੱਖ ਰੁਪਏ, ਸੰਘਰਸ਼ ਦੀ ਤਕੜਾਈ। ਵਿਦੇਸ਼ਾਂ ਵਿੱਚ ਹਮੈਤੀ ਮੁਜ਼ਾਹਰੇ ਅਤੇ ਵਿਦੇਸ਼ੀ ਕਲਾਕਾਰਾਂ, ਖਿਡਾਰੀਆਂ, ਵਾਤਾਵਰਣ ਪ੍ਰੇਮੀਆਂ ਦੀ ਟੂਲ ਕਿੱਟ, ਅੰਤਰਰਾਸ਼ਟਰੀ ਸਮਰਥਨ। ਜੁਝਾਰੂ ਤਾਕਤ ,ਸਨਅਤੀ-ਮਜ਼ਦੂਰ ਤੇ ਖੇਤ-ਮਜ਼ਦੂਰ, ਕਿਸਾਨ ਨਾਲ ਜੋਟੀ ਪਾ ਭੰਨਣਗੇ, ਹਾਕਮ ਦਾ ਗਰੂਰ।
ਹਾਕਮ ਰਵੱਈਆ, ਭੁਲਾਇਆਂ ਵੀ ਨਾ ਭੁੱਲੇ! ਹਾਕਮ ਬੇਦਲੀਲਾ, ਹੰਕਾਰੀ, ਸ਼ੈਤਾਨ, ਕੱਟੜ ਫਿਰਕੂ,ਧੱਕੜ ਤੇ ਜੁਮਲੇਬਾਜ਼। ਕਾਨੂੰਨਾਂ ਨੂੰ ਗਲਤ ਮੰਨ ਕੇ ਵੀ ਰੱਦ ਨੀਂ ਕਰ ਰਿਹੈ। "ਮੈਂ ਨਾ ਮਾਨੂੰ" ਜ਼ਿਦ ਫੜੀ ਖੜਾ। ਚਾਲਾਂ ਵੀ ਚੱਲ ਰਿਹਾ, ਜੁਮਲੇਬਾਜ਼ੀ ਵੀ। ਹੰਕਾਰੀ ਬੰਦੇ, ਛੇਤੀ ਕੀਤਿਆਂ ਨਾ ਜ਼ਿਦ ਛੱਡਣ,ਨਾ ਹਾਰ ਮੰਨਣ। ਗੰਢੇ ਤੇ ਛਿੱਤਰਾਂ ਦਾ ਸੁਆਦ ਚੱਖਣ ਤੱਕ ਜਾਂਦੇ ਹੁੰਦੇ ਆ। ਇਹ ਤਾਂ ਹਾਰ ਕੇ ਵੀ, ਹਾਰ ਨੀਂ ਮੰਨਦੇ, ਵੇਖਿਆ ਨੀਂ ਇਹਨਾਂ ਦਾ ਕਾਗਜ਼ੀ ਸ਼ੇਰ, ਡੌਨਲਡ ਟਰੰਪ!
ਹਾਕਮ ਦਾ ਕਿਰਦਾਰ ਵਿਹਾਰ, ਸਾਮਰਾਜੀਆਂ ਤੇ ਕਾਰਪੋਰੇਟਾਂ ਦਾ ਗੋਲ੍ਹਪੁਣਾ। ਪੱਕਾ ਜੀ ਹਜੂਰੀਆ। ਉਹਨਾਂ ਦੇ ਲੁਟੇਰੇ ਹਿੱਤਾਂ ਦਾ ਪਹਿਰੇਦਾਰ। ਕੋਈ ਲੁਕੀ ਗੱਲ ਨਹੀਂ, ਲਿਖਤੀ ਦਸਤਾਵੇਜ਼ ਨੇ।ਸਾਮਰਾਜ ਆਪਣਾ ਗਲਬਾ ਵਧਾ ਰਿਹੈ, ਸਮਝੌਤੇ-ਸੰਧੀਆਂ ਰਾਹੀਂ, ਆਪਣੀਆਂ ਸੰਸਾਰ ਬੈਂਕ ਵਰਗੀਆਂ ਸੰਸਥਾਵਾਂ ਦੀਆਂ ਸ਼ਰਤਾਂ ਤੇ ਹਿਦਾਇਤਾਂ ਰਾਹੀਂ। ਹਾਕਮ ਸਤ-ਬਚਨੀਆ ਬਣ, ਕਾਨੂੰਨ ਘੜੀ ਜਾਂਦਾ, ਮੁਲਕ ਸਿਰ ਮੜੀ ਜਾਂਦਾ।
ਅਜਿਹੀ ਹਾਲਤ ਵਿੱਚ ਸੰਘਰਸ਼ਾਂ ਦਾ ਉੱਠਣਾ, ਯਕੀਨੀ ਤੇ ਜ਼ਰੂਰੀ। ਸੰਘਰਸ਼, ਹਾਕਮ ਨੂੰ ਵਾਰਾ ਨਹੀਂ ਖਾਂਦਾ। ਸਾਮਰਾਜੀ ਸੇਵਾ ਵਿੱਚ ਵਿਘਨ ਪੈਂਦਾ। ਹਾਕਮ ਟਿਕ ਨਹੀਂ ਬੈਠੂ।ਹਮਲੇ ਲਈ ਮੌਕਾ ਭਾਲੂ।
ਫੌਜੀ ਬਲ ਦਾ ਤਾਂ ਜ਼ਿੰਮਾ, ਮੁੱਢ ਤੋਂ ਹੀ ਮਿੱਥਿਆ, ਹਾਕਮ ਦੀ ਕਹੀ ਕੀਤੀ ਪੁਗਾਉਣੀ। ਹਾਕਮੀ ਤਾਮ ਝਾਮ ਦੀ ਰਾਖੀ ਕਰਨਾ। ਗੁੰਡਾਗਰਦੀ ਦੀਆਂ ਡੋਰਾਂ, ਹਾਕਮ ਦੀ ਉਂਗਲ 'ਚ। ਆਪਾਂ ਪੁਗਾਊ ਬੀਮਾਰੀ ਦੇ ਸ਼ਿਕਾਰ, ਬਾਹਲੇ ਤੱਤੇ, ਬਹੁਤੇ ਕਾਹਲੇ। ਮਾਰਕੇਬਾਜ਼ ਤੇ ਫਿਰਕੂ ਕੱਟੜ, ਜਨ ਅੰਦੋਲਨ 'ਚ ਪਾਉਣ ਖਿਲਾਰੇ। ਸੰਘਰਸ਼ ਨੂੰ ਲੀਹੋਂ ਲਾਹੁਣ, ਕਮਜ਼ੋਰ ਕਰਨ ਤੇ ਹਾਕਮ ਨੂੰ ਹਮਲੇ ਦਾ ਮੌਕਾ ਦੇਣ ਦੇ, ਲੱਗੇ ਆਹਰੇ।ਕਰੋਨਾ, ਕਿਹੜਾ ਗਿਆ ਕਿਧਰੇ, ਹਾਕਮ ਤਾਂ ਇਹਦੇ ਤੀਜੇ ਹੱਲੇ ਨੂੰ ਹੋਕਰੇ ਮਾਰ ਰਿਹੈ। ਇਹਦੇ ਡਰ ਆਸਰੇ, ਹਕੂਮਤੀ ਛੱਪਾ ਪਾਈ ਰੱਖਣ ਦੀ ਨੀਤ ਪਾਲਦਾ।
ਸਮਾਂ, ਚੇਤਨ ਨਿਗਾਹਦਾਰੀ, ਤੱਤਿਆਂ ਤੇ ਫਿਰਕੂਆਂ ਨਾਲੋਂ ਨਿਖੇੜਾ, ਸੰਘਰਸ਼ ਦਾ ਅਗਾਂਹ ਵਧਾਰਾ ਅਤੇ ਵਿਸ਼ਾਲ ਸਮਰਥਨ ਨਾਲ ਮਜ਼ਬੂਤ ਜੋਟੀ ਮੰਗਦਾ।
ਸਮਰਥਨ ਨੂੰ ਸਲਾਮ, ਯੁੱਗ ਯੁੱਗ ਜੀਵੇ, ਵਧੇ-ਫੁਲੇ, ਪੱਕੀ ਜੋਟੀ ਪਵੇ, ਆਸਾਂ ਨੂੰ ਬੂਰ ਪਵੇ, ਜਿੱਤਾਂ ਮਾਣੇ।
ਜਗਮੇਲ ਸਿੰਘ
ਸੰਪਰਕ:9417224822