ਜਗਮੇਲ ਸਿੰਘ
ਇੱਕ ਫੋਟੋ, ਮੂੰਹੋਂ ਬੋਲੇ। ਜੀਹਨੇ ਖਿੱਚੀ, ਜੀਹਨੇ ਛਾਪੀ,ਧੰਨ ਐ।ਹਸਪਤਾਲ ਦਾ ਕਮਰਾ। ਕਮਰੇ 'ਚ ਨਾ ਡਾਕਟਰ, ਨਾ ਦਵਾਈ। ਕਮਰੇ 'ਚ ਮੰਜਾ। ਮੰਜੇ 'ਤੇ ਬਜ਼ੁਰਗ। ਬਜ਼ੁਰਗ ਨੂੰ ਬੇੜੀ! ਹੇਠਾਂ ਲਿਖਿਆ "ਨੋ ਮੋਰ", "ਫਾਦਰ ਸਟੈਨ ਸਵਾਮੀ।" ਫੋਟੋ,ਕਰੋੜਾਂ ਦਿਲਾਂ ਨੂੰ ਛੂਹ ਗਈ।ਮਨਾਂ ਨੂੰ ਝੰਜੋੜ ਜਗਾ ਗਈ। ਰੋਸ ਤੇ ਗੁੱਸੇ ਦੀ ਉਂਗਲੀ ਫੜ, ਸੜਕਾਂ 'ਤੇ ਲੈ ਆਈ। ਸਵਾਮੀ ਨੂੰ ਸ਼ਰਧਾਂਜਲੀਆਂ,ਹਕੂਮਤ ਨੂੰ ਫਿੱਟ ਲਾਹਨਤਾਂ। ਨਾਹਰੇ ਗੂੰਜੇ,"ਸਵਾਮੀ ਦੀ ਮੌਤ ਦੇ ਜ਼ੁੰਮੇਵਾਰ, ਰਾਜ ਮਸ਼ੀਨਰੀ ਦੇ ਕੁੱਲ ਹਥਿਆਰ।"
ਫਾਦਰ ਸਟੈਨ ਸਵਾਮੀ, ਜੰਗਲਾਂ ਅਤੇ ਜ਼ਮੀਨਾਂ ਉਤੇ ਕਾਰਪੋਰੇਟੀ ਕਬਜ਼ਿਆਂ ਦਾ ਨਿਧੜਕ ਵਿਰੋਧੀ। ਦਲਿਤਾਂ ਤੇ ਆਦਿਵਾਸੀਆਂ ਦੇ ਹੱਕਾਂ ਦਾ ਡੱਟਵਾਂ ਹਾਮੀ।ਜਾਗਰਿਤੀ,ਜਥੇਬੰਦੀ ਤੇ ਸੰਘਰਸ਼ ਦਾ ਆਗੂ। ਜੂਝਦੇ ਜੂਝਾਰੂਆਂ ਦੀ ਨਿੱਡਰ ਆਵਾਜ਼। ਹਾਕਮਾਂ ਦੀ ਅੱਖ ਦਾ ਰੋੜ।
ਭਾਜਪਾ ਹਕੂਮਤ, ਹਿਟਲਰੀ ਰਾਹ। ਹਿੰਦੂ ਰਾਸ਼ਟਰ ਦੀ ਕੱਟੜਤਾ, ਫਿਰਕੂ ਕਤਲੋਗਾਰਤ, ਲੋਕ-ਦੋਖੀ ਨੀਤੀਆਂ-ਕਾਨੂੰਨ, ਮੁੱਖ ਅਜੰਡਾ। ਸਾਮਰਾਜੀਆਂ ਦੀ ਚਾਕਰ।ਕਾਰਪੋਰੇਟਾਂ ਦੀ ਬਾਂਦੀ। ਇਹਨਾਂ ਦੀਆਂ ਹਿਦਾਇਤਾਂ, ਹਕੂਮਤ ਦਾ ਫੈਸਲਾ-ਕਾਨੂੰਨ,ਮੁਲਕ ਵੇਚਣਾ। ਲੋਕਾਂ ਤੋਂ ਰੋਜ਼ੀ ਰੋਟੀ ਖੋਹਣੀ। ਲੋਕਾਂ ਦੀ ਆਵਾਜ਼ ਸੁਣਨੀ ਨਹੀਂ, ਦਬਾਉਣਾ-ਕੁਚਲਣਾ।ਮੁਲਕ ਦੀ ਦੋਖਣ, ਲੋਕਾਂ ਦੀ ਵੈਰਨ।ਇਹਦਾ ਗੋਬਲਜ਼-ਗੁੱਟ, ਤੋਤਕੜਿਆਂ ਦੀ ਮਸ਼ੀਨ, ਝੂਠਾਂ ਦੀ ਪੰਡ।ਕਹੇ, ਮੋਦੀ ਹੁੰਦਿਆਂ ਹੋਰ ਨਹੀਂ। ਆਰ. ਐੱਸ. ਐੱਸ. ਹੁੰਦਿਆਂ ਹੋਰ ਵਿਚਾਰ ਕਿਉਂ? ਤੇ ਭਾਜਪਾ ਸਰਕਾਰ ਹੁੰਦਿਆਂ ਵੱਖਰੀ ਸਿਆਸਤ ਕਿਉਂ?
ਸਟੈਨ ਸਵਾਮੀ ਖਿਲਾਫ਼ ਤੋਤਕੜਿਆਂ ਦਾ ਗਰਦ ਗੁਬਾਰ, ਗੋਬਲਜ਼-ਗੁੱਟ ਦੀ ਪਿੱਠ ਥਾਪੜੇ ਭਾਜਪਾ ਸਰਕਾਰ। ਝੂਠ ਦਾ ਪਰਚਾ, ਝੂਠੀ ਰਿਪੋਰਟ। ਜੇਲ੍ਹੀਂ ਡੱਕਿਆ।ਨਾ ਸੁਣਵਾਈ, ਨਾ ਪੜਤਾਲ। ਨੌ ਮਹੀਨੇ ਬੰਨੀਂ ਰੱਖਿਆ, ਬੇੜੀਆਂ ਨਾਲ। ਨਾ ਦਵਾਈ, ਨਾ 'ਸਿੱਪਰ'। ਨਾ ਸੰਭਾਲੂ, ਨਾ ਪਹਿਰੂ।ਆਖਰੀ ਸਮੇਂ ਵੀ, ਬੇੜੀਆਂ ਦਾ ਜਕੜ-ਪੰਜਾ।ਅੱਖ ਦਾ ਰੋੜ ਕੱਢਣ ਦੀ ਭਾਜਪਾਈ ਕਰਤੂਤ, ਮੂੰਹੋਂ ਬੋਲਣ ਤੱਥ-ਸਬੂਤ। (advt52)
ਇਹ ਕਤਲ,ਹੋ ਗਿਆ ਨੰਗਾ ਚਿੱਟਾ,ਹਾਕਮਾਂ ਦਾ ਦੇਸੀ ਵਿਦੇਸ਼ੀ ਟੋਲਾ ਪਿਆ ਛਿੱਥਾ। ਸੰਯੁਕਤ ਰਾਸ਼ਟਰ ਸੰਘ ਤੇ ਯੂਰਪੀਅਨ ਯੂਨੀਅਨ ਦੇ ਮਨੁੱਖੀ ਅਧਿਕਾਰ ਵਿੰਗ, ਸਵਾਮੀ ਦੀ ਮੌਤ 'ਤੇ ਦੁੱਖ, ਹਕੂਮਤ 'ਤੇ ਔਖ ਦਿਖਾਈ।ਕਿਹਾ, "ਮਨੁੱਖੀ ਅਧਿਕਾਰ ਕਾਰਕੁੰਨਾਂ ਨੂੰ ਜੇਲ੍ਹ ਵਿੱਚ ਰੱਖਣਾ ਸਾਨੂੰ ਮਨਜ਼ੂਰ ਨਹੀਂ ਹੈ।" "ਉਹ ਆਦਿਵਾਸੀ ਲੋਕਾਂ ਦੇ ਹੱਕਾਂ ਲਈ ਲੜਨ ਵਾਲੇ ਯੋਧੇ ਸਨ।" ਅਮਰੀਕਾ ਦੀ ਸੰਘੀ ਸੰਸਥਾ ਨੇ ਕਿਹਾ, "ਜਾਣ ਬੁੱਝ ਕੇ ਕੀਤੀ ਅਣਗਹਿਲੀ ਕਾਰਨ ਮੌਤ ਹੋਈ।" ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ ਦਾ ਕਹਿਣਾ,"ਭਾਰਤ ਦੇ ਘੱਟ ਗਿਣਤੀ ਭਾਈਚਾਰੇ ਨੂੰ ਸਖ਼ਤ ਸਜ਼ਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਅਮਰੀਕਨ ਸਰਕਾਰ ਨੂੰ ਕਿਹਾ,ਭਾਰਤ ਨਾਲ ਦੁਵੱਲੇ ਸਬੰਧਾਂ ਵਿਚ ਧਾਰਮਕ ਆਜ਼ਾਦੀਆਂ ਦਾ ਮੁੱਦਾ ਉਭਾਰੇ।" ਸੰਯੁਕਤ ਰਾਸ਼ਟਰ ਦੇ ਧਾਰਮਿਕ ਆਜ਼ਾਦੀਆਂ ਬਾਰੇ ਕੌਮਾਂਤਰੀ ਕਮਿਸ਼ਨ ਨੇ ਆਖਿਆ, "....ਡੂੰਘਾ ਅਫਸੋਸ ਹੈ।ਉਹ ਨੀਵੀਆਂ ਜਾਤੀਆਂ ਤੇ ਗਰੀਬ ਲੋਕਾਂ ਦੇ ਹੱਕਾਂ ਲਈ ਕਈ ਸਾਲਾਂ ਤੱਕ ਲੜਦੇ ਰਹੇ। ਮਿਥ ਕੇ ਨਿਸ਼ਾਨਾ ਬਣਾਇਆ ਗਿਆ ਹੈ। ਪਹਿਲਾਂ ਵੀ ਆਲਮੀ ਪੱਧਰ ਤੇ ਰਿਹਾਈ ਦੀ ਮੰਗ ਕਰਦੇ ਰਹੇ ਹਾਂ।"
ਭਾਰਤ ਦੇ ਜਮਹੂਰੀਅਤ ਤੇ ਇਨਸਾਫਪਸੰਦ ਲੋਕਾਂ ਨੇ ਮੁਲਕ ਪੱਧਰ 'ਤੇ ਸ਼ਰਧਾਂਜਲੀ ਸਭਾਵਾਂ ਜਥੇਬੰਦ ਕੀਤੀਆਂ ਤੇ ਰੋਸ ਮਾਰਚ ਕੀਤੇ।
ਇਹ,ਪੜ-ਸੁਣ ਕੇ ਭਾਜਪਾ ਹਕੂਮਤ ਬੁਖ਼ਲਾ ਉੱਠੀ, "ਜੋ ਕਰ ਸਕਣਾ ਸੰਭਵ ਸੀ, ਕੀਤਾ।" ਪਰ ਤੱਥ,ਬੜੇ ਮੂੰਹ-ਫੱਟ।
ਕੇਸ ਦਰਜ ਕਰਨ ਤੋਂ ਪਹਿਲਾਂ, ਜਰੂਰੀ ਤੇ ਮੁੱਢਲੀ ਪੜਤਾਲ ਨਾ ਕਰਨਾ,ਘਰ ਦੀ ਤਲਾਸ਼ੀ ਦੇ ਨਾਂ ਹੇਠ ਪ੍ਰੇਸ਼ਾਨ ਕਰਨਾ, ਬੀਮਾਰੀ ਤੇ ਲੌਕ ਡਾਊਨ ਦੀ ਹਾਲਤ ਵਿੱਚ ਹਰ ਹਾਲ ਠਾਣੇ ਬੁਲਾਉਣਾ, ਜ਼ਿੱਦ ਕਰਨਾ, ਧਮਕਾਉਣਾ,ਅੰਤ ਜੇਲ੍ਹੀਂ ਡੱਕ ਦੇਣਾ। ਸਾਜਿਸ਼ ਦਾ ਮੁੱਢ ਬੱਝਿਆ।
ਇਸ ਤੋਂ ਅੱਗੇ ਜੇਲ੍ਹ ਪ੍ਰਸ਼ਾਸਨ, ਕੋਹ ਕੋਹ ਮਾਰੇ ਜਾਣ ਦਾ ਸ਼ਾਸਨ। "ਸੁਧਾਰ-ਘਰ", ਬਣ ਗਿਆ ਸੋਧਾ-ਕੈਂਪ। ਸਟੈਨ ਸਵਾਮੀ ਚੁਰਾਸੀ ਸਾਲਾ ਬਜ਼ੁਰਗ, ਗੰਭੀਰ ਬੀਮਾਰੀ ਤੋਂ ਪੀੜਿਤ। ਖੁਰਾਕ ਸਿਰਫ਼ ਲਿਕੁਅਡ, ਉਹ ਵੀ 'ਸਿੱਪਰ' ਨਾਲ।ਅਣਸਰਦੀ ਲੋੜ, ਨਾ 'ਸਿੱਪਰ', ਨਾ ਸਹਾਇਕ।ਕਰੋਨਾ ਅਲਰਟ, ਵੱਡੀ ਗਿਣਤੀ ਨੂੰ ਪੈਰੋਲ, ਬਜ਼ੁਰਗ ਬੀਮਾਰ ਸਵਾਮੀ ਨੂੰ ਪਾਣੀ ਵੀ ਨੀਂ।(advt54)
ਅੱਖਾਂ 'ਤੇ ਪੱਟੀ, ਅਖੇ ਨਿਆਂ ਦੀ ਦੇਵੀ! ਨਾ ਉਮਰ ਦੇਖੇ, ਨਾ ਬੀਮਾਰੀ।ਨਾ ਕੇਸ ਦੀ ਸੁਣਵਾਈ, ਨਾ ਸਟੈਨ ਸਵਾਮੀ ਦੀ ਸੁਣੀ।ਲੱਗਦਾ, ਕੰਨਾਂ ਵਿੱਚ ਵੀ ਫੰਬੇ। ਨਾ 'ਸਿੱਪਰ' ਭਿਜਵਾਇਆ,ਨਾ ਜ਼ਮਾਨਤ ਦਿੱਤੀ। ਸੈਂਕੜੇ ਕਤਲਾਂ ਦੇ ਇਕਬਾਲੀਏ,ਬਾਬੂ ਬਜਰੰਗੀ ਨੂੰ ਖੁੱਲੀ ਜ਼ਮਾਨਤ। ਪੱਟੀ ਥੱਲਿਓਂ ਟੀਰ, ਲੁਕਾਇਆਂ ਨਹੀਂ ਲੁਕਦਾ। "ਦੋ ਧੜਿਆਂ ਵਿੱਚ ਖ਼ਲਕਤ ਵੰਡੀ, ਇੱਕ ਜੋਕਾਂ ਦਾ, ਇੱਕ ਢੋਕਾਂ ਦਾ।" ਇਹ ਟੀਰ ਜੋਕ ਧੜੇ ਦਾ, ਜੋਕਾਂ ਦੇ ਹਿੱਤ ਹੀ ਵੇਖਦਾ।ਦੱਬੇ ਕੁਚਲੇ ਤਾਂ ਟੀਰ ਨੂੰ ਫੁੱਟੀ ਅੱਖ ਨੀਂ ਭਾਉਂਦੇ। ਸਟੈਨ ਸਵਾਮੀ ਦੱਬੇ-ਕੁਚਲਿਆਂ ਦੀ ਆਵਾਜ਼, ਇਹਨਾਂ ਕੀ ਸੁਣਨੀ ਸੀ? ਜਿਹਨਾਂ ਸੁਣਨੀ ਸੀ, ਉਹਨਾਂ ਸੁਣ ਲਈ।
ਹਸਪਤਾਲ, ਇਲਾਜ ਦਾ ਕੇਂਦਰ, ਅਖਵਾਵੇ "ਦੂਜਾ ਜਨਮ ਦਾਤਾ।" ਪਰ ਉਥੋਂ ਦਾ, ਵਰਤ ਵਿਹਾਰ ਤੇ ਇਲਾਜ, ਸਟੈਨ ਸਵਾਮੀ ਨੂੰ ਨਾ ਆਇਆ ਰਾਸ, ਹਸਪਤਾਲ ਜਾਣੋ ਦੇਤਾ ਜਵਾਬ।ਲੱਗਦਾ, ਹਸਪਤਾਲ ਨੂੰ ਲੱਗਗੀ 'ਲਾਗ', ਮੱਥੇ ਲਗਵਾ ਬੈਠਾ ਇਹੋ ਦਾਗ।
ਇਹ ਸਭ ਹਮ-ਮਸ਼ਵਰਾ ਹੋ ਕੇ, ਸਵਾਮੀ ਪਿੱਛੇ ਪੈ ਗਏ ਹੱਥ ਧੋ ਕੇ।ਸਭ ਤੋਂ ਵੱਡਾ ਸਾਬਤ ਸਬੂਤ, ਬਜ਼ਾਤੇ ਖੁਦ ਸਟੈਨ ਸਵਾਮੀ। ਬੰਬੇ ਹਾਈਕੋਰਟ ਵਿੱਚ ਡਟ ਕੇ,ਦੇ ਕੇ ਬਿਆਨ ਰੱਖ 'ਤੇ ਛੱਟ ਕੇ। "ਮੈਂ ਦੁੱਖ ਸਹਾਂਗਾ, ਜੇ ਸਭ ਕੁਝ ਓਦਾਂ ਹੀ ਹੁੰਦਾ ਰਿਹਾ, ਜਿਵੇਂ ਹੋ ਰਿਹਾ ਹੈ ਤਾਂ ਮੈਂ ਸ਼ਾਇਦ ਜਲਦੀ ਹੀ ਮਰ ਜਾਵਾਂਗਾ।" ਸਭ ਨੇ ਸੁਣਿਆ, ਨਿਆਂ ਦੀ ਦੇਵੀ ਨੇ ਨਾ ਸੁਣਿਆ। ਦੋ ਹਫ਼ਤੇ ਬਾਅਦ, ਸਵਾਮੀ ਦਾ ਕਿਹਾ ਸੱਚ ਹੋਇਆ।
ਇਹਨਾਂ ਰਲ-ਮਿਲ ਕਾਂਡ ਰਚਾਇਆ, ਸਟੈਨ ਸਵਾਮੀ ਮਾਰ ਮੁਕਾਇਆ।ਇਹ ਕਤਲ ਹਕੀਕਤ ਬੋਲੇ,ਧੱਕੜ ਰਾਜ ਜਮਹੂਰੀਅਤ ਓਹਲੇ।ਇਹ ਕਤਲ, ਸੁਣਾਉਣੀ ਲੋਕਾਂ ਨੂੰ, ਸਭ ਖੁੱਲਾਂ ਦੇਸੀ ਵਿਦੇਸ਼ੀ ਜੋਕਾਂ ਨੂੰ। ਐਂਵੇਂ ਭਰਮ ਹੈ ਕਾਤਲੀ ਜੋਕਾਂ ਨੂੰ, ਬੋਲਣੋ ਰੋਕ ਦਿਆਂਗੇ ਲੋਕਾਂ ਨੂੰ। ਇਥੇ ਔਰੰਗੇ,ਫਰੰਗੀ,ਹਿਟਲਰ, ਨਾਜ਼ੀ ਆਏ, ਲੋਕ ਘੋਲਾਂ ਨੇ ਸਭ ਭਜਾਏ।ਰਾਜ-ਭਾਗ ਦੀ ਕਾਣੀ ਵੰਡ,ਇਹੀ ਜੜ੍ਹ,ਉਗਾਊ ਜੰਗ। ਲੋਕਾਂ ਦੇ ਮਸਲੇ,ਰਾਜ-ਨੀਤੀਆਂ ਤੇ ਰਾਜ-ਵਿਹਾਰ, ਲੋਕ ਘੁਲਾਟੀਏ ਜੰਮਣਗੇ ਵਾਰ-ਮ-ਵਾਰ।ਕੀ ਕਰਨਗੇ ਜੇਲ੍ਹਾਂ ਠਾਣੇ, ਲੋਕਾਂ ਦੇ ਹੜ ਵਧਦੇ ਜਾਣੇ।ਬੰਬ ਬੰਦੂਕਾਂ ਤੇ ਕਤਲੋਗਾਰਤ, ਰੋਕ ਨੀ ਸਕਦੇ ਲੋਕ-ਬਗਾਵਤ।(MOREPIC1)