ਕਵਿਤਾ : ਕਰੋਨਾ
ਜਸਵੀਰ ਸੋਨੀ
ਪਿਛਲੇ ਸਾਲ ਕਰੋਨਾ ਨੇ ਮੇਰੇ ਸੜਕ ਤੇ ਹੱਡ ਸੇਕੇ,
ਇਸ ਵਾਰ ਕੱਟੇ ਚੌਂਕ ਵਿੱਚ ਮੇਰੇ ਚਲਾਣ ਬੇਲੀ ।
ਹਜ਼ਾਰਾਂ ਲੋਕਾਂ ਦਾ ਇਕੱਠ ਤੇ ਰੈਲੀ ਲੀਡਰਾਂ ਦੀ,
ਮੇਰਾ ਬਾਪੂ ਮਰਿਆ ਤੇ ਬੰਦੇ ਵੀਹ ਸ਼ਮਸ਼ਾਨ ਬੇਲੀ।
ਮੇਲੇ ਕੁੰਭ ਦੇ ਤੋਂ ਡਰਦਾ ਕਰੋਨਾ ਨਾ ਨਹਾਉਣ ਜਾਵੇ,
ਕਰੋਨਾ ਬੰਬ ਹੈ ਮਰਕਜ ਵਿਚ ਬਣਿਆ ਪ੍ਰਧਾਨ ਬੇਲੀ।
ਸਕੂਲਾਂ-ਕਾਲਜਾਂ ਵਿੱਚ ਕਰੋਨਾ ਡਾਢਾ ਢਾਵੇ ਕਹਿਰ,
ਕਰੋਨਾ ਠੇਕਿਆਂ ਮੂਹਰੇ ਰੱਖਦੇ ਬੰਦ ਜ਼ੁਬਾਨ ਬੇਲੀ।
ਵੋਟਾਂ ਨਾਲ ਨਾ ਕਰੋਨਾਂ ਦਾ ਕੋਈ ਵਾਹ ਵਾਸਤਾ ਏ,
ਸੰਘਰਸ਼ ਕਰਦੇ ਲੋਕਾਂ ਨੂੰ ਇਹ ਕਰੇ ਪ੍ਰੇਸ਼ਾਨ ਬੇਲੀ।
ਢੇਰ ਲਾਸ਼ਾਂ ਦੇ ਨਜ਼ਰ ਨਾ ਆਵਣ ਸਾਡੇ ਹਾਕਮਾਂ ਨੂੰ,
ਚੋਣਾਂ ਜਿੱਤਣ ਲਈ ਲੱਗੇ ਲੀਡਰ ਜੋਰ ਲਗਾਣ ਬੇਲੀ।
ਕਰੋਨਾ ਵਧਾਈ ਪੂੰਜੀ ਜ਼ੋਰਾਵਰ ਵੱਡੇ ਡਾਢਿਆਂ ਦੀ,
ਲਾਕਡਾਉਨ ਨੇ ਵੇਚ ਛੱਡੇ ਸਾਡੇ ਤਾਂ ਕੁੱਲੀ ਮਕਾਨ ਬੇਲੀ।
ਬਹੁਤਾ ਸੱਚ ਨਾ ਬੋਲ 'ਸੋਨੀ ' ਕਰੋਨਾਂ ਨੇ ਢਾਹ ਲੈਣਾ,
ਬੰਦ ਕਰ ਦੇਊ ਤੇਰੀ ਕਲਮ ਤੇ ਨਾਲ਼ੇ ਜ਼ਬਾਨ ਬੇਲੀ।