ਕੁਲਦੀਪ ਸਿੰਘ ਦੀਪ (ਡਾ.)
ਜਦ ਅਵਾਮ ਸੜਕਾਂ ਤੇ ਹੋਵੇ ਤੇ ਅਵਾਮ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲਾ ਲੇਖਕ ਜੇਲਾਂ ਵਿਚ ਹੋਵੇ ਤਾਂ ਇਹ ਸੱਤਾ ਦੇ ਬੇਲਗਾਮ ਅਤੇ ਜ਼ਾਲਮ ਹੋਣ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ। ਅਜਿਹੇ ਦੌਰ ਵਿਚ ਖਲਨਾਇਕਾਂ ਦੀ ਇਕ ਪੂਰੀ ਫਸਲ ਪੈਦਾ ਹੁੰਦੀ ਹੈ, ਜੋ ਹਿਟਲਰ, ਨੀਰੋ, ਔਰੰਗਜ਼ੇਬ ਅਤੇ ਜਨਰਲ ਡਾਇਰ ਦੀ ਵਾਰਿਸ ਹੁੰਦੀ ਹੈ। ਭਲਾ ਇਹ ਕਿਵੇਂ ਹੋ ਸਕਦਾ ਹੈ ਕਿ ਖਲਨਾਇਕਾਂ ਦੇ ਦੌਰ ਵਿਚ ਨਾਇਕ ਪੈਦਾ ਹੋਣੇ ਬੰਦ ਹੋ ਜਾਣ। ਕਦੇ ਵੀ ਧਰਤੀਆਂ ਬਾਂਝ ਨਹੀਂ ਹੁੰਦੀਆਂ, ਕਦੇ ਵੀ ਵਕਤ ਏਨਾ ਖੁਦਗਰਜ਼ ਨਹੀਂ ਹੁੰਦਾ, ਕਦੇ ਵੀ ਸਮੇਂ ਦੀ ਬੰਸਰੀ ਏਨੀ ਬੇਸੁਰੀ ਨਹੀਂ ਹੁੰਦੀ, ਕਦੇ ਵੀ ਸਿਆੜ ਏਨੇ ਬੇਬਸ ਨਹੀਂ ਹੁੰਦੇ ਤੇ ਕਦੇ ਵੀ ਮਾਵਾਂ ਦੀਆਂ ਕੁੱਖਾਂ ਏਨੀਆ ਅਪਾਹਿਜ਼ ਨਹੀਂ ਹੁੰਦੀਆਂ ਕਿ ਖਲਨਾਇਕਾਂ ਦਾ ਟਾਕਰਾ ਕਰਨ ਲਈ ਨਾਇਕ ਗਵਾਚ ਜਾਣ। ਤਵਾਰੀਖ ਗਵਾਹ ਹੈ ਕਿ ਚੱਕੀਆਂ ਜੇਲ੍ਹਾਂ ਵਿਚ ਵੀ ਚਲਦੀਆਂ ਹਨ, ਜਦੋਂ ਕਿਸੇ ਪੂਰੇ ਕਿਲੇ ਨੂੰ ਜੇਲਖਾਨਾ ਬਣਾ ਦਿੱਤਾ ਜਾਂਦਾ ਹੈ ਤੇ ਕਮਜ਼ੋਰ ਬੇਦਾਵਾ ਦੇ ਕੇ ਸਮਰਪਣ ਕਰ ਦਿੰਦੇ ਹਨ, ਖਿਦਰਾਣੇ ਉਦੋਂ ਵੀ ਸਿਰਜੇ ਜਾਂਦੇ ਹਨ, ਭਾਗੋਆਂ ਉਦੋਂ ਵੀ ਪੈਦਾ ਹੁੰਦੀਆਂ ਹਨ ਤੇ ਬੇਦਾਵੇ ਉਦੋਂ ਵੀ ਪਾੜੇ ਜਾਂਦੇ ਹਨ। ਜੇਲ੍ਹਾਂ ਤੇ ਸੰਘਰਸ਼ੀ ਯੋਧਿਆਂ ਦਾ ਆਦਿਕਾਲ ਤੋਂ ਹੀ ਇਕ ਰਿਸ਼ਤਾ ਰਿਹਾ ਹੈ। ਸ਼ਾਇਰ ਹਰਿਭਜਨ ਰੇਣੂ ਇਕ ਥਾਂ ਤੇ ਕਹਿੰਦਾ ਹੈ :
ਮੈਂ
ਤੇ ਦੁਆਪਰ ‘ਚ
ਮਥੁਰਾ ਦੀਆਂ ਸਲਾਖਾਂ
ਤੋੜਨ ਤੋਂ ਲੈ ਕੇ ਲਾਹੌਰ ਜੇਲ੍ਹ ਦੀਆਂ
ਫਾਂਸੀਆਂ ਚੁੰਮਣ ਤੱਕ
ਕਿਤੇ ਗਿਆ ਹੀ ਨਹੀਂ
ਤੇ ਜੇ ਗਿਆ ਹਾਂ
ਤਾਂ ਬੰਦਾ ਬਹਾਦਰ ਬਣ
ਪਰਤਿਆਂ ਹਾਂ...
ਜਿਨ੍ਹਾਂ ਦੇ ਰਾਜ ਵਿਚ ਸੂਰਜ ਨਹੀਂ ਡੁਬਦਾ ਸੀ, ਉਹਨਾਂ ਦੇ ਰਾਜ ਵਿਚ ਹੱਕ-ਸੱਚ ਦੇ ਚੰਨ ਚੜ੍ਹਦੇ ਰਹੇ ਹਨ, ਜੇਲ੍ਹਾਂ ਵਿਚ ਨਾਰੀਅਲ ਕੁਟਦੇ ਲੋਕ, ਕੋਲਹੂ ਹੇਠ ਗਿੜਦੇ ਲੋਕ ਅਤੇ ਭੁੱਖ ਹੜਤਾਲਾਂ ਕਰਦੇ ਲੋਕ ਆਪਣੇ ਸਿਰੜਾਂ ਤੇ ਕਾਇਮ ਰਹਿੰਦੇ ਹਨ ਤੇ ਫਾਂਸੀਆਂ ਦੇ ਤਖ਼ਤਿਆਂ ਤੇ ਵੀ ਗੀਤ ਗਾਉਂਦੇ ਹਨ :
ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ
ਦੇਖਨਾ ਹੈ ਜੋਰ ਕਿਤਨਾ ਬਾਜੂ-ਏ-ਕਾਤਿਲ ਮੇਂ ਹੈ
ਵਕਤ ਆਨੇ ਪੇ ਬਤਾ ਦੇਂਗੇ, ਤੁਝੇ ਐ ਆਸਮਾਂ
ਹਮ ਅਭੀ ਸੇ ਕਿਆ ਬਤਾ ਦੇਂ ਕਿਆ ਹਮਾਰੇ ਦਿਲ ਮੇਂ ਹੈ
ਮਨੁੱਖੀ ਹੱਕਾਂ ਲਈ ਜੂਝਣ ਅਤੇ ਇਹਨਾਂ ਲਈ ਲਿਖਣ ਵਾਲੇ ਲੋਕਾਂ ਲਈ ਜੇਲ੍ਹਾਂ ਕਦੇ ਵੀ ਨਾ ਡਰਾਉਣਾ ਵਰਤਾਰਾ ਰਹੀਆਂ ਹਨ ਤੇ ਨਾ ਓਪਰਾ ਵਰਤਾਰਾ ਰਹੀਆਂ ਹਨ। ਯਾਦ ਕਰੋ ਕਰਤਾਰ ਸਿੰਘ ਸਰਾਭੇ ਦੇ ਇਹ ਬੋਲ :
ਜੇਲਾਂ ਹੋਣ ਕਾਲਜ ਵਤਨ ਸੇਵਕਾਂ ਦੇ,
ਦਾਖਲ ਹੋ ਕੇ ਡਿਗਰੀਆਂ ਪਾ ਜਾਣਾ॥
ਹੁੰਦੇ ਫੇਲ ਬਹੁਤੇ ਅਤੇ ਪਾਸ ਥੋੜੇ,
ਵਤਨ ਵਾਸੀਓ ਦਿਲ ਨਾ ਢਾਹ ਜਾਣਾ ॥
ਹੋਰ ਅੱਗੇ ਆਈਏ ਤਾਂ ਅਵਤਾਰ ਪਾਸ਼, ਸੰਤ ਰਾਮ ਉਦਾਸੀ, ਜੈਮਲ ਪੱਡਾ ਵਰਗੇ ਕਿੰਨੇ ਹੀ ਲੋਕ ਲਿਖਦੇ ਵੀ ਰਹੇ, ਲੜਦੇ ਵੀ ਰਹੇ ਤੇ ਜੇਲ੍ਹਾਂ ਦੇ ਤਸ਼ੱਦਦ ਵੀ ਜਰਦੇ ਰਹੇ। ਸਾਡੇ ਸਮਿਆਂ ਦਾ ਵੱਡਾ ਸ਼ਾਇਰ ਜਗਤਾਰ ਕਹਿੰਦਾ ਹੈ :
ਪੈਰਾਂ 'ਚ ਬੇੜੀਆਂ ਨੇ, ਨਚਦੇ ਨੇ ਲੋਕ ਫਿਰ ਵੀ,
ਕਿਉਂ ਵੇਖ ਵੇਖ ਉੱਡਦੈ, ਚਿਹਰੇ ਦਾ ਰੰਗ ਤੇਰਾ
ਮੇਰੇ ਵੀ ਪੈਰ ਚੁੰਮ ਕੇ, ਇੱਕ ਦਿਨ ਕਹੇਗੀ ਬੇੜੀ
ਸਦ ਸ਼ੁਕਰ ਹੈ ਕਿ ਆਇਐ, ਮਹਿਬੂਬ ਅੰਤ ਮੇਰਾ
ਦੋਸਤੋ, ਕਲਾ ਦਾ ਇਕ ਸਮਾਜਿਕ ਧਰਮ ਹੁੰਦਾ ਹੈ ਅਤੇ ਕਲਾਕਾਰਾਂ ਤੇ ਅਦੀਬਾਂ ਨੇ ਲੋਕ ਪੀੜ, ਲੋਕ ਚੇਤਨਾ ਅਤੇ ਲੋਕ ਰੋਹ ਨੂੰ ਆਵਾਜ਼ ਦੇਣੀ ਹੁੰਦੀ ਹੈ। ਜਦ-ਜਦ ਸ਼ਾਇਰ ਤੇ ਫ਼ਨਕਾਰ ਲੋਕਾਂ ਰੋਹ ਦਾ ਸਿਰਨਾਵਾਂ ਬਣਦੇ ਹਨ, ਅਵਾਮ ਦੇ ਮਸਲਿਆਂ ਵੱਲ ਪਿੱਠ ਕਰੀਂ ਬੈਠੀ ਸੱਤਾ ਤੜਫ਼ਦੀ ਹੈ ਅਤੇ ਅਵਾਮੀ ਆਵਾਜ਼ ਦਾ ਪਰਚਮ ਬੁਲੰਦ ਕਰਨ ਵਾਲੇ ਕਲਾਕਾਰਾਂ, ਅਦੀਬਾਂ, ਮਨੁੱਖੀ ਹੱਕਾਂ ਲਈ ਜੂਝਣ ਵਾਲੇ ਕਾਰਕੁਨਾਂ ਅਤੇ ਲੋਕ ਹਿੱਤਾਂ ਦੀ ਪ੍ਰਤਿਨਿਧਤਾ ਕਰਨ ਵਾਲੇ ਪੱਤਰਕਾਰਾਂ ਨੂੰ ਡਰਾਉਂਦੀ ਅਤੇ ਧਮਕਾਉਂਦੀ ਹੈ, ਜੇਲ੍ਹਾਂ ਵਿਚ ਵੀ ਸੁੱਟਦੀ ਹੈ ਅਤੇ ਮਾਰਦੀ ਵੀ ਹੈ। ਲੇਖਕਾਂ ਨੂੰ ਜੇਲ੍ਹਾਂ ਵਿਚ ਸੁੱਟਣ ਦਾ ਮਤਲਬ ਅਵਾਮ ਦੀ ਆਵਾਜ਼ ਨੂੰ ਸੀਖਾਂ ਪਿੱਛੇ ਧੱਕਣਾ ਹੁੰਦਾ ਹੈ।(MOREPIC1)
ਸੱਤਾ ਦੇ ਇਸ ਦਮਨਕਾਰੀ ਕਿਰਦਾਰ ਦਾ ਪਰਦਾਫਾਸ਼ ਕਰਨ ਲਈ ਪ੍ਰਗਤੀਸ਼ੀਲ ਲੇਖਕ ਸੰਘ, ਭਾਰਤ ਦੇ ਜਨਰਲ ਸੱਕਤਰ ਡਾ. ਸੁਖਦੇਵ ਸਿੰਘ ਸਿਰਸਾ ਅਤੇ ਪੰਜਾਬ ਇਕਾਈ ਦੇ ਜਨਰਲ ਸਕੱਤਰ ਸੁਰਜੀਤ ਜੱਜ ਦੀ ਅਗਵਾਈ ਵਿਚ 40 ਦੇ ਕਰੀਬ ਲੇਖਕਾਂ ਅਤੇ ਨਾਟਕਕਾਰਾਂ ਦਾ ਜਥਾ ਕਿਸਾਨ ਮੋਰਚੇ ਵਿਚ ਸ਼ਾਮਿਲ ਹੋਇਆ। ਅਵਾਮ ਦੀ ਅਵਾਜ਼ ਨੂੰ ਬੁਲੰਦ ਕਰਨ ਵਾਲੇ ਬਹੁਤ ਸਾਰੇ ਸ਼ਾਇਰਾਂ, ਫ਼ਨਕਾਰਾਂ ਅਤੇ ਸੰਘਰਸ਼ੀਆਂ ਤੇ ਹੋ ਰਹੇ ਤਸ਼ੱਦਦ ਦੇ ਖਿਲਾਫ਼ ਮਨਾਏ ਜਾ ਰਹੇ ‘ਚੇਤਨਾ ਪੰਦਰਵਾੜੇ’ ਦੇ ਤਹਿਤ ਇਹਨਾਂ ਅਵਾਮੀ ਲੇਖਕਾਂ ਨੇ ਕਿਸਾਨ ਮੋਰਚੇ ਦੀਆਂ ਤਿੰਨ ਮਹਤੱਵਪੂਰਨ ਥਾਵਾਂ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਦੀ ਯਾਤਰਾ ਕੀਤੀ।
ਸਭ ਤੋਂ ਪਹਿਲਾਂ ਗਾਜ਼ੀਪੁਰ ਬਾਰਡਰ ਤੇ ਕਿਸਾਨ ਲਹਿਰ ਦੇ ਨਾਇਕ ਰਾਕੇਸ਼ ਟਿਕੈਤ ਨਾਲ ਮਿਲਣੀ ਕੀਤੀ ਅਤੇ ਉਸ ਤੋਂ ਬਾਅਦ ਇਸ ਮੋਰਚੇ ਦੇ ਇਕ ਹੋਰ ਕਿਸਾਨ ਆਗੂ ਬਲਜਿੰਦਰ ਸਿੰਘ ਮਾਨ ਹੋਰਾਂ ਦੀ ਅਗਵਾਈ ਵਿਚ ਕਵੀ ਦਰਬਾਰ ਕੀਤਾ ਜਿਸ ਵਿਚ ਉਤਰਾਖੰਡ ਦੇ ਲੋਕ ਕਵੀ ਬੱਲੀ ਸਿੰਘ ਚੀਮਾ, ਪੰਜਾਬੀ ਸ਼ਾਇਰ ਸੁਰਜੀਤ ਜੱਜ, ਸਤਪਾਲ ਭੀਖੀ, ਅਰਵਿੰਦਰ ਕੌਰ ਕਾਕੜਾ, ਡਾ. ਕੁਲਦੀਪ ਸਿੰਘ ਦੀਪ, ਅੰਮ੍ਰਿਤਪਾਲ ਬੰਗੇ, ਨਰਿੰਦਰਪਾਲ ਕੌਰ, ਡਾ. ਇਕਬਾਲ ਸੋਮੀਆ,ਗੁਲਜਾਰ ਪੰਧੇਰ, ਜਸਵੀਰ ਝੱਜ, ਸੰਤ ਸਿੰਘ ਸੋਹਲ, ਡਾ. ਦਰਸ਼ਨ ਕੌਰ, ਜਸਪਾਲ ਮਾਨਖੇੜਾ, ਹਰਜੀਤ ਸਰਕਾਰੀਆ, ਮਨਜੀਤ ਸਿੰਘ ਧਾਲੀਵਾਲ, ਡਾ. ਗੁਰਮੇਲ ਸਿੰਘ, ਦਿਲਬਾਗ ਸਿੰਘ, ਸੁਖਜੀਵਨ, ਪਰਵਾਜ਼ ਅਤੇ ਸੀਰਤਪਾਲ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਡਾ. ਸੁਖਦੇਵ ਸਿੰਘ ਸਿਰਸਾ ਨੇ ਗਾਜ਼ੀਪੁਰ ਮੋਰਚੇ ਦੀ ਕਿਸਾਨ ਸੰਘਰਸ਼ ਨੂੰ ਦੇਣ ਦੇ ਉੱਪਰ ਆਪਣਾ ਵਿਆਖਿਆਨ ਦਿੱਤਾ।(MOREPIC2)
ਲੇਖਕਾਂ ਦੇ ਇਸ ਮਾਰਚ ਦਾ ਸਿਖਰ ਸੀ ਦੂਜਾ ਦਿਨ...
ਵਕਤ ਲੱਗਭਗ 11 ਵਜੇ...
ਟਿੱਕਰੀ ਬਾਰਡਰ ਤੇ ਪਕੌੜਾ ਚੌਕ ਦੇ ਕੋਲ ਬਣੀ ਗਦਰੀ ਬੀਬੀ ਗੁਲਾਬ ਕੌਰ ਸਟੇਜ ਭਖ ਚੁੱਕੀ ਸੀ।
ਇੱਥੇ ਅੱਜ ਲੇਖਕਾਂ ਨੇ ਕਿਸਾਨਾਂ ਨਾਲ ਜੇਲ੍ਹਾਂ ਵਿਚ ਬੰਦ ਬੁੱਧੀਜੀਵੀਆਂ ਦੇ ਮਸਲੇ ਤੇ ਚਰਚਾ ਕਰਨੀ ਸੀ। ਅਚਾਨਕ ਅਸਮਾਨ ਵਿਚ ਕਾਲੀਆਂ ਘਟਾਵਾਂ ਚੜ੍ਹ ਆਈਆਂ, ਬਿਜਲੀ ਕੜਕੀ, ਤੂਫਾਨ ਆਇਆ ਤੇ ਮੁਸਲਾਧਾਰ ਮੀਂਹ ਸ਼ੁਰੂ ਹੋ ਗਿਆ। ਸ਼ਮਿਆਨਿਆਂ ਦੀ ਕੀ ਔਕਾਤ ਸੀ ਕਿ ਉਹ ਇਸ ਹਨੇਰੀ ਤੇ ਮੀਂਹ ਦੀ ਤਾਬ ਝਲਦੇ। ਸਾਰਾ ਕੁਝ ਉੱਡਣਾ ਤੇ ਚਿਉਣਾ ਸ਼ੁਰੂ ਹੋਇਆ। ਇਕ ਵਾਰ ‘ਮੇਲਾ’ ‘ਬਿੱਜੜ੍ਹ’ ਗਿਆ। ਲੇਖਕ ਕਾਰਾਂ ਵਿਚ ਬੈਠੇ-ਬਿਠਾਏ ਰਹਿ ਗਏ ਤੇ ਉਧਰ ਮੀਂਹ ਨੇ ਚੱਕਲੋ-ਚੱਕਲੋ ਕਰਾ ਦਿੱਤੀ। ਅਚਾਨਕ ਵਰ੍ਹਦੇ ਮੀਂਹ ਅਤੇ ਝੁਲਦੇ ਝੱਖੜ ਦੇ ਦਰਮਿਆਨ ਫਿਰ ਨਾਹਰੇ ਸੁਣਾਈ ਦੇਣੇ ਸ਼ੁਰੂ ਹੋ ਗਏ। 100 ਕੁ ਮਰਦਾਂ ਤੇ ਔਰਤਾਂ ਦਾ ਜੱਥਾ ਮੀਂਹ-ਹਨੇਰੀ ਦੀ ਪਰਵਾਹ ਨਾ ਕਰਦਾ ਹੋਇਆ ਮੰਚ ਕੋਲ ਆ ਕੇ ਨਾਹਰੇ ਮਾਰਨ ਲੱਗਾ :
ਜੇਲ੍ਹਾਂ ਵਿਚ ਬੰਦ ਬੁੱਧੀਜੀਵੀਆਂ ਨੂੰ ਰਿਹਾ ਕਰੋ
ਲੋਕ ਆਵਾਜ਼ ਨੂੰ ਬੁਲੰਦ ਰੱਖਣ ਵਾਲੇ ਲੇਖਕ : ਜ਼ਿੰਦਾਬਾਦ
ਲੋਕ ਆਵਾਜ਼ ਨੂੰ ਦਬਾ ਕੇ ਜੇਲ੍ਹਾਂ ਵਿਚ ਸੁੱਟਣ ਵਾਲੀ ਸਰਕਾਰ ਮੁਰਦਾਬਾਦ (MOREPIC3)
ਇਹਨਾਂ ਦੇ ਹੌਂਸਲਿਆਂ ਨੂੰ ਦੇਖ ਅਸੀਂ ਆਪਣੀ ਕਾਰ ‘ਚੋਂ ਛਾਲਾਂ ਮਾਰ ਉਸ ਜਥੇ ਵਿਚ ਸ਼ਾਮਿਲ ਹੋਏ..ਹੌਲੀ ਹੌਲੀ ਬਾਕੀ ਕਾਰਾਂ ਵਾਲੇ ਲੇਖਕ ਵੀ ਮੰਚ ਤੇ ਆ ਗਏ ਅਤੇ ਕਿਸਾਨਾਂ ਨਾਲ ਵੀ ਪੰਡਾਲ ਕਾਫੀ ਭਰ ਗਿਆ। ਇਉਂ ਪਾਣੀ ਵਿਚ ਖੜੇ ਲੋਕਾਂ ਦੇ ਸਿਰਾਂ ਦੇ ਪੈਂਦੀਆਂ ਪਾਣੀਆਂ ਦੀਆਂ ਧਾਰਾਂ ਦੀ ਪਰਵਾਹ ਨਾ ਕਰਦੇ ਹੋਏ ਜੇਲ੍ਹਾਂ ਵਿਚ ਬੰਦ ਬੁੱਧੀਜੀਵੀਆਂ, ਮਨੁੱਖੀ ਹੱਕਾਂ ਲਈ ਜੂਝਦੇ ਕਾਰਕੁੰਨਾ ਤੇ ਪੱਤਰਕਾਰਾਂ ਦੀ ਰਿਹਾਈ ਦੇ ਏਜੰਡੇ ਤੇ ਗੂੰਜਦੇ ਹੋਏ ਨਾਹਰਿਆਂ ਦੇ ਦਰਮਿਅਨ ਕਿਰਤ ਦੇ ਕਲਮ ਦੀ ਸਾਂਝੀ ਆਵਾਜ਼ ਬੁਲੰਦ ਕੀਤੀ, ਜਿਸ ਦੀ ਪ੍ਰਧਾਨਗੀ ਭਾਰਤੀ ਕਿਸਾਨ ਯੁਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕੀਤੀ। ਇਸ ਸਮਾਗਮ ਦੇ ਮੁੱਖ ਬੁਲਾਰਿਆਂ ਵਿਚ ਪ੍ਰੋ. ਜਗਮੋਹਨ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਨਵਸ਼ਰਨ ਕੌਰ, ਡਾ. ਕੁਲਦੀਪ ਸਿੰਘ ਦੀਪ, ਡਾ. ਸਾਹਿਬ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਉੱਘੇ ਵਕੀਲ ਐਨ ਕੇ ਜੀਤ, ਪੰਜਾਬ ਕਿਸਾਨ ਸਭਾ ਦੇ ਕੌਮੀ ਪ੍ਰਧਾਨ ਅਸੋਕ ਧਾਵਲੇ, ਜਸਪਾਲ ਮਾਨਖੇੜਾ, ਰਮੇਸ਼ ਯਾਦਵ ਅਤੇ ਗੁਲਜਾਰ ਸਿੰਘ ਸੰਧੂ ਨੇ ਸੰਬੋਧਨ ਕੀਤਾ।(MOREPIC4)
ਸਾਰੇ ਬੁਲਾਰਿਆਂ ਨੇ ਇਸ ਗੱਲ ਤੇ ਫੋਕਸ ਕੀਤਾ ਜਿਥੇ ਜਿੱਥੇ ਸੱਤਾ ਲੋਕਾਂ ਦਾ ਉਤਪੀੜਨ ਕਰਦੀ ਹੈ ਅਤੇ ਲੋਕ ਸੱਤਾ ਦੇ ਖਿਲਾਫ਼ ਆਵਾਜ਼ ਬੁਲੰਦ ਕਰਦਾ ਹੋਇਆ ਸੜਕਾਂ ਤੇ ਨਿਕਲਦਾ ਹੈ, ਉਥੇ-ਉਥੇ ਅਵਾਮੀ ਲੇਖਕ ਆਪਣੀ ਕਲਮਾਂ ਰਾਹੀਂ ਇਹਨਾਂ ਦਾ ਸਾਥ ਦਿੰਦੇ ਹਨ ਅਤੇ ਸੰਘਰਸ਼ ਦੀ ਆਵਾਜ਼ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਕਾਰਜ ਕਰਦੇ ਹਨ ਅਤੇ ਲੋਕਾਂ ਨੂੰ ਇਸ ਵਿਚ ਸ਼ਮੂਲੀਅਤ ਕਰਨ ਲਈ ਪ੍ਰੇਰਦੇ ਹਨ। ਬੀ ਕੇ ਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੁਝ ਲੋਕ ਸਾਡੇ ਤੇ ਇਲਜ਼ਾਮ ਲਗਾਉਂਦੇ ਹਨ ਕਿ ਇਹ ਜਥੇਬੰਦੀ ਕਿਸਾਨ ਸੰਘਰਸ਼ ਤੋਂ ਪਰ੍ਹੇ ਹਟ ਕੇ ਹੋਰ ਮੁਦਿਆਂ ਨੂੰ ਸੰਘਰਸ਼ ਵਿਚ ਸ਼ਾਮਿਲ ਕਰਦੀ ਹੈ। ਪਰ ਇਹ ਸਾਰੇ ਲੇਖਕ ਉਹ ਹਨ, ਜੋ ਸਾਡੀ ਆਵਾਜ਼ ਬਣਦੇ ਹਨ, ਹਰ ਮਸਲੇ ਤੇ ਲਿਖ ਕੇ ਸਾਨੂੰ ਸੁਚੇਤ ਕਰਦੇ ਹਨ ਅਤੇ ਆਪਣੀਆਂ ਲਿਖਤਾਂ ਅਤੇ ਕਲਾਕਿਰਤਾਂ ਰਾਹੀਂ ਹੇਠਲੇ ਪੱਧਰ ਤੱਕ ਸੰਘਰਸ਼ ਦਾ ਸੁਨੇਹਾ ਲੈ ਕੇ ਜਾਂਦੇ ਹਨ। ਕਿਸਾਨ ਸੰਘਰਸ਼ ਵਿਚ ਦੁਨੀਆ ਭਰ ਦੇ ਲੇਖਕਾਂ ਨੇ ਹਾਅ ਦਾ ਨਾਹਰਾ ਮਾਰਿਆ ਹੈ। ਫਿਰ ਜਦ ਅਜਿਹੇ ਲੇਖਕਾਂ ਨੂੰ ਸਰਕਾਰ ਜੇਲ੍ਹਾਂ ਵਿਚ ਬੰਦ ਕਰਦੀ ਹੈ ਤਾਂ ਉਥੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਦੇ ਹੱਕ ਵਿਚ ਅਵਾਜ਼ ਬੁਲੰਦ ਕਰੀਏ। ਨਹੀਂ ਫੇਰ ਉਹ ਕਿਉਂ ਲੋਕਾਂ ਦੀ ਲੜਾਈ ਲੜਨਗੇ? ਨੌਦੀਪ ਦੇ ਮਾਮਲੇ ਵਿਚ ਵੀ ਇਸੇ ਆਧਾਰ ਤੇ ਕਿਸਾਨ ਜਥੇਬੰਦੀਆਂ ਨੇ ਸਟੈਂਡ ਲਿਆ ਸੀ ਕਿ ਜੇਕਰ ਲੋਕ ਹਿੱਤਾਂ ਲਈ ਧੜੱਲੇ ਨਾਲ ਜੁਝਣ ਵਾਲੀਆਂ ਕੁੜੀਆਂ ਨਾਲ ਇੰਝ ਹੋਏਗਾ ਤਾਂ ਕਲ੍ਹ ਨੂੰ ਕਿਸੇ ਦਾ ਰੱਣਤੱਤੇ ਵਿਚ ਨਿੱਤਰਨ ਦਾ ਹੌਂਸਲਾ ਕਿਵੇਂ ਹੋਏਗਾ? ਤੇਜ ਬਾਰਿਸ਼ ਅਤੇ ਤੂਫਾਨ ਵਿਚ ਲੋਕਤਾ ਦਾ ਇਹ ਕਾਫਿਲਾ ਲੋਕ ਵਿਰੋਧੀ ਸਰਕਾਰ ਦੇ ਲਈ ਸਪਸ਼ਟ ਸੰਦੇਸ਼ ਸੀ ਕਿ ਖੇਤੀ ਵਿਰੋਧੀ ਤਿੰਨ ਕਨੂੰਨ ਰੱਦ ਕੀਤੇ ਜਾਣ ਅਤੇ ਲੋਕਾਂ ਲਈ ਲਿਖਣ ਵਾਲੇ ਕਾਰਕੁੰਨਾਂ ਦੀ ਜੇਲ੍ਹਾਂ ਵਿੱਚੋਂ ਰਿਹਾਈ ਯਕੀਨੀ ਬਣਾਈ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਲੋਕ ਘੋਲ ਹੋਰ ਤਿੱਖੇ ਹੋਣਗੇ। ਚੇਤੇ ਕਰੋ ਇਹ ਬੋਲ :
ਪੱਥਰ 'ਤੇ ਨਕਸ਼ ਹਾਂ ਮੈਂ, ਮਿੱਟੀ 'ਤੇ ਤਾਂ ਨਹੀਂ ਹਾਂ,
ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੁੰਘੇਰਾ।