ਸੁਖਦੇਵ ਸਿੰਘ ਪਟਵਾਰੀ
ਅਸੀਂ ਬੀਤੇ ਤੋਂ ਕੀ ਸਿੱਖਿਆ ਹੈ? ਇਸ ਸਵਾਲ ਕੋਵਿਡ-19 ਦੀ ਦੂਜੀ ਲਹਿਰ ਨੇ ਮੁੜ ਏਜੰਡੇ ਉਪਰ ਲੈ ਆਂਦਾ ਹੈ। ਅਤੀਤ ਨੂੰ ਚੇਤੇ ਕਰਨਾ ਜ਼ਰੂਰੀ ਹੈ ਭਾਵੇਂ ਉਹ ਮਾੜਾ ਹੋਵੇ ਜਾਂ ਚੰਗਾ। ਉਸ ਦੀ ਚੀਰ ਫਾੜ ਤੇ ਮੁਲੰਕਣ ’ਚੋਂ ਹੀ ਅਸੀਂ ਭਵਿੱਖ ਲਈ ਚੰਗੇ ਰਾਹ ਦੀ ਨਿਸ਼ਾਨਦੇਰੀ ਕਰ ਸਕਦੇ ਹਾਂ। ਜਰਾ ਯਾਦ ਕਰੋ। ਕਰੋਨਾ ਮਹਾਂਮਾਰੀ ਦਾ ਮਹਾਂਮਾਰੀ ਵਜੋਂ ਐਲਾਨ ਡਬਲਿਊ ਐਚ ਓ ਨੇ ਜਨਵਰੀ 2020 ਵਿੱਚ ਐਲਾਨ ਕਰ ਦਿੱਤਾ ਸੀ, ਪਰ ਅਸੀਂ 24 ਤੇ 25 ਫਰਵਰੀ 2020 ਤੱਕ ਟਰੰਪ ਦੀ ਭਾਰਤ ਯਾਤਰਾ ‘ਨਮਸਤੇ ਟਰੰਪ’ ਉਡੀਕਦੇ ਰਹੇ। ਰਾਸ਼ਟਰਪਤੀ ਟਰੰਪ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਇਸ ਯਾਤਰਾ ਦੌਰਾਨ ਕੋਈ ਸਮਝੌਤੇ ਨਹੀਂ ਕੀਤੇ ਜਾਣਗੇ। ਫਿਰ 24 ਮਾਰਚ ਨੂੰ ਨਰਿੰਦਰ ਮੋਦੀ ਨੇ ਦੁਨੀਆਂ ਦੇ ਸਭ ਤੋਂ ਲੰਬੇ ਲਾਕਡਾਊਨ ਦਾ ਐਲਾਨ ਕੀਤਾ। ਨਾਲ ਹੀ 21 ਦਿਨਾਂ ਵਿੱਚ ਕੋਰੋਨਾ ਉਪਰ ਕਾਬੂ ਪਾ ਲੈਣ ਦਾ ਐਲਾਨ ਵੀ ਕੀਤਾ। ਜਿਵੇਂ ਨੋਟਬੰਦੀ ਦੇ ਐਲਾਨ ਵੇਲੇ ਕਾਲਾ ਧਨ ਤੇ ਅੱਤਵਾਦ ਖਤਮ ਕਰਨ ਦਾ ਐਲਾਨ ਕੀਤਾ ਸੀ। ਕੁਝ ਸਮੇਂ ਬਾਅਦ ਕੋਰੋਨਾ ਦੇ ਕੇਸ ਘਟਣ ਤੋਂ ਬਾਅਦ ਸਰਕਾਰ, ਭਾਜਪਾ ਤੇ ਗੋਦੀ ਮੀਡੀਏ ਨੇ ਮੋਦੀ ਵੱਲੋਂ ਲਾਕਡਾਊਨ ਲਾ ਕੇ ਦੇਸ਼ ਨੂੰ ਬਚਾਉਣ ਅਤੇ ਦੁਨੀਆਂ ਦੇ ਦੂਸਰੇ ਦੇਸ਼ਾਂ ਤੋਂ ਵਧੀਆ ਢੰਗ ਨਾਲ ਕੋਰੋਨਾ ਕਾਬੂ ਕਰਨ ਦੇ ਸੋਹਲੇ ਵੀ ਗਾਏ। ਤਾਲੀ ਤੇ ਥਾਲੀ ਨਾਲ ਕੋਰੋਨਾ ਭਜਾਉਣ ਦਾ ਮੰਤਰ ਵੀ ਦਿੱਤਾ ਤੇ ਫਿਰ ਲਾਈਟਾਂ ਬੰਦ ਕਰਨ ਦਾ ਢੰਗ ਵੀ ਸੁਝਾਇਆ। ਸਭ ਤੋਂ ਲੰਬੇ ਲਾਕਡਾਊਨ ਨੇ ਲਗਭਗ 14 ਕਰੋੜ ਪਰਿਵਾਰਾਂ ਦਾ ਰੁਜ਼ਗਾਰ ਖੋਹਿਆ। ਸੈਂਕੜੇ ਮੌਤਾਂ ਹੋਈਆਂ। ਹਜ਼ਾਰਾਂ ਮੀਲ ਤੱਕ ਪ੍ਰਵਾਸੀ ਮਜ਼ਦੂਰ ਪੈਦਲ ਤੇ ਸਾਈਕਲ ਰਾਹੀਂ ਘਰਾਂ ਤੱਕ ਪਹੁੰਚੇ। ਆਰਥਿਕਤਾ ਸਭ ਤੋਂ ਨੀਵੇਂ ਪੱਧਰ ਉਤੇ ਭਾਵ ਜੀਡੀਪੀ -23.9 ਫੀਸਦੀ ਤੱਕ ਪਹੁੰਚ ਗਈ। ਹਰ ਖੇਤਰ ਵਿੱਚੋਂ ਰੁਜ਼ਗਾਰ ਘਟ ਗਿਆ। ਅਜੇ ਤੱਕ ਆਮ ਆਦਮੀ ਦੀ ਹਾਲਤ ਬੁਰੀ ਹੈ। ਰੋਜ਼ੀ ਰੋਟੀ, ਬੀਮਾਰੀ ਦਾ ਖਰਚ, ਬੱਚਿਆਂ ਦੀ ਪੜ੍ਹਾਈ ਸਭ ਕੁਝ ਚੌਪਟ ਹੋ ਗਿਆ ਹੈ। ਉਸ ਸਮੇਂ ਸਾਡੇ ਨੀਤੀ ਘਾੜਿਆਂ ਡਾਕਟਰਾਂ, ਸਾਇੰਸਦਾਨਾਂ ਤੇ ਨੇਤਾਵਾਂ ਨੇ ਭਾਰਤ ਵਰਗੇ ਗਰੀਬ ਦੇਸ਼ ’ਚ ਲਾਕਡਾਊਨ ਲਾਉਣ ਨੂੰ ਗਲਤ ਕਿਹਾ ਸੀ, ਕਿਉਂਕਿ ਕੋਰੋਨਾ ਬੀਮਾਰੀ ਨਾਲੋਂ ਭੁਖਮਰੀ, ਗਰੀਬੀ ਤੇ ਬੇਰੁਜ਼ਗਾਰੀ ਦੀ ਮਾਰ ਕਿਤੇ ਜ਼ਿਆਦਾ ਹੈ।
ਅੱਜ ਫਿਰ ਮਹਾਂਰਾਸ਼ਟਰ ’ਚ ਲਾਕਡਾਊਨ, ਦਿੱਲੀ ਤੇ ਚੰਡੀਗੜ੍ਹ ਵਿੱਚ ਵੀਕਲੀ ਲਾਕਡਾਊਨ, ਕਰਫਿਊ, ਚਲਾਨ, ਆਦਿ ਉਪਰ ਆ ਗਏ ਹਾਂ। ਕੋਰੋਨਾ ਦਾ ਇਲਾਜ ਡਾਕਟਰੀ ਸਹੂਲਤਾਂ ਵਧਾ ਕੇ ਕਰਨਾ ਸੀ, ਜਿਸ ਵਿੱਚ ਹਸਪਤਾਲ, ਵੈਕਸੀਨ, ਵੈਂਟੀਲੇਟਰ, ਬੈਡ, ਆਕਸੀਜਨ ਤੇ ਹੋਰ ਸਹੂਲਤਾਂ ਵਧਾਉਣ ਦੇ ਨਾਲ ਨਾਲ ਡਾਕਟਰ, ਨਰਸਾਂ ਤੇ ਹੋਰ ਸਟਾਫ ਵਧਾਉਣਾ ਸੀ, ਪਰ ਅਸੀਂ ਅਜਿਹਾ ਕੁਝ ਨਹੀਂ ਕੀਤਾ। ਚਰਮਰਾ ਚੁੱਕੀ ਸਿਹਤ ਪ੍ਰਣਾਲੀ ਨੂੰ ਠੀਕ ਕਰਨ ਦੀ ਥਾਂ ਅਸੀਂ ਮੁੜ ਲਾਕਡਾਊਨ ਦੇ ਬਦਲ ਤਲਾਸ਼ਣ ਲੱਗ ਪਏ ਹਾਂ। ਅਜਿਹਾ ਸਰਕਾਰ ਦੀ ਸਮੱਸਿਆਵਾਂ ਪ੍ਰਤੀ ਸਤਹੀ ਪਹੁੰਚ ਦੇ ਕਾਰਨ ਹੈ। ਸਮੱਸਿਆ ਦੇ ਬੁਨਿਆਦੀ ਹੱਲ ਦੀ ਥਾਂ ਸਰਕਾਰ ਓਹੜ ਪੋਹੜ ਕਰਨ ਲੱਗੀ ਹੈ। ਲੋਕਾਂ ਨੂੰ ਕੋਰੋਨਾ ਬਾਰੇ ਸਹੀ ਜਾਣਕਾਰੀ ਦੇਣ, ਇਸਦਾ ਸਹੀ ਇਲਾਜ ਦੱਸਣ ਦੀ ਥਾਂ ਉਨ੍ਹਾਂ ਨੂੰ ਡਰਾ ਕੇ, ਮਰਿਆਂ ਦੇ ਅੰਕੜੇ ਨਸ਼ਰ ਕਰਕੇ ਘਰਾਂ ’ਚ ਬੰਦ ਰਹਿਣ ਦੀ ਸਕੀਮ ਬਣਾ ਰਹੀ ਹੈ। ਗਲੋਬਲ ਬਰਡਨ ਆਫ ਡਿਸੀਜ ਖੋਜ ਸੰਸਥਾ ਅਨੁਸਾਰ ਭਾਰਤ ਵਿੱਚ ਦੂਜੀਆਂ ਬੀਮਾਰੀਆਂ ਨਾਲ ਮਰਨ ਵਾਲ਼ਿਆਂ ਦੀ ਗਿਣਤੀ 23145 ਹੈ ਜੋ ਕਰੋਨਾ ਕਾਲ ਵਿੱਚ ਜ਼ਿਕਰ ਅਧੀਨ ਹੀ ਨਹੀਂ ਹਨ।ਸਰਕਾਰ ਕਰੋਨਾ ਪ੍ਰਤੀ ਦੂਹਰੇ ਮਿਆਰ ਵਰਤ ਰਹੀ ਹੈ। ਆਮ ਆਦਮੀ ਤੇ ਸਖ਼ਤੀ ਪਰ ਧਾਰਮਿਕ ਥਾਂਵਾਂ ਤੇ ਚੋਣਾਂ ਵਿੱਚ ਲਾਪਰਵਾਹੀ ਕਾਰਨ ਲੋਕਾਂ ਦਾ ਸਰਕਾਰ ਤੇ ਵਿਸ਼ਵਾਸ ਨਹੀਂ ਰਿਹਾ।ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਵਿੱਚ ਪੈਦਾ ਹੋਈ ਬੇਵਿਸ਼ਵਾਸੀ ਨੂੰ ਦੂਰ ਕਰਕੇ ਸਹੀ ਹੱਲ ਕਰਨ ਵੱਲ ਵਧੇ। ਲਾਕਡਾਊਨ ਦਾ ਕੋਈ ਹੱਲ ਨਹੀਂ।