ਅੱਜ ਕਿਸਾਨ ਮੋਰਚੇ ਦੇ 6 ਮਹੀਨੇ ਪੂਰੇ ਹੋ ਗਏ ਹਨ। ਇਸ ਸਮੇਂ ਵਿੱਚ ਦੁਨੀਆਂ ਤੇ ਹਿੰਦੋਸਤਾਨ ਨੇ ਦੋ ਚੀਜ਼ਾਂ ਪ੍ਰਤੱਖ ਦੇਖੀਆਂ। ਪਹਿਲੀ ਆਪਣੀ ਪਰਜਾ, ਵੋਟਰਾਂ ਅਤੇ ਰਾਜਭਾਗ ਉਤੇ ਬਿਠਾਉਣ ਵਾਲਿਆਂ ਨਾਲ ਦੇਸ਼ ਦੇ ਹਾਕਮਾਂ ਦਾ ਏਨਾਂ ਕਠੋਰ, ਸਖਤ ਤੇ ਹਠੀ ਵਤੀਰਾ। ਦੂਜੀ ਗੱਲ ਲੋਕਾਂ ਦਾ ਆਪਣੇ ਹਾਕਮਾਂ ਵੱਲੋਂ ਉਨ੍ਹਾਂ ਪ੍ਰਤੀ ਹੱਦ ਦਰਜੇ ਦੀ ਬਦਨਾਮੀ ਤੇ ਬਰਬਰਤਾ ਦਿਖਾਉਣ ਦੇ ਬਾਵਜੂਦ, ਸ਼ਾਂਤਮਈ, ਨਫਰਤ ਨੂੰ ਖਤਮ ਕਰਕੇ ਪਿਆਰ ਨਾਲ ਰਹਿਣ, ਵਿਚਰਨ ਤੇ ਸਹਿਣ ਕਰਨ ਦੀ ਰਿਵਾਇਤ। ਇਨ੍ਹਾਂ ਦੋ ਗੱਲਾਂ ਨੇ ਅੱਜ ਦੁਨੀਆਂ ’ਚ ਮੋਦੀ ਸਰਕਾਰ ਦੀ ਸ਼ਾਖ ਨੂੰ ਵੱਡੀ ਢਾਹ ਲਾਈ ਹੈ ਅਤੇ ਕਿਸਾਨ ਅੰਦੋਲਨ ਨੂੰ ਜਮਹੂਰੀਅਤ ਦੇ ਰਾਖਿਆਂ ਵਜੋਂ ਵਡਿਆਇਆ ਹੈ।
ਦੇਸ਼ ਅੰਦਰ ਭਾਜਪਾ ਦੀ 7 ਸਾਲਾ ਕੌਮੀ ਸਰਕਾਰ ਦੌਰਾਨ ਇਸ ਘੋਲ ਨੂੰ ਹੀ ਏਨਾ ਵੱਡਾ ਮਾਣ ਹਾਸਲ ਹੋਇਆ ਹੈ ਜਿਸਨੇ ਭਾਜਪਾ ਦੀ ਲੋਕਾਂ
‘ਚ ਵੰਡ ਪਾਊ, ਧਾਰਮਿਕ ਪੱਖਪਾਤ, ਜਾਤਪਾਤ, ਦੇ ਵਖਰੇਵਿਆਂ ਨੂੰ ਉਭਾਰਨ ਵਾਲੀ ਅਤੇ ਸਭ ਤੋਂ ਵੱਧ ਕਾਰਪੋਰੇਟ ਪੱਖੀ ਤੇ ਲੋਕ ਵਿਰੋਧੀ ਨੀਤੀ ਨੂੰ ਲੋਕਾਂ ਸਾਹਮਣੇ ਨੰਗਾ ਕੀਤਾ ਹੈ। ਇਸ ਅੰਦੋਲਨ ਨੂੰ ਇਹ ਵੀ ਮਾਣ ਹਾਸਲ ਹੋਇਆ ਹੈ ਕਿ ਇਸ ਨੇ ਭਾਜਪਾ ਦੀ ਸਰਕਾਰ ਅੱਗੇ ਦਬੁਕੀਆਂ ਅਤੇ ਲੇਟੀਆਂ ਹੋਈਆਂ ਕੌਮੀ ਤੇ ਖੇਤਰੀ ਪਾਰਟੀਆਂ ਨੂੰ ਉੱਠਣ ਤੇ ਬੋਲਣ ਦੀ ਹਿੰਮਤ ਬਖਸ਼ੀ ਹੈ।
ਅੱਜ ਦਾ ਇਹ ਦਿਨ ਭਾਜਪਾ ਦੀ 7 ਸਾਲ ਕਾਲੀ ਕਾਰਗੁਜਾਰੀ ਲਈ ਲੋਕਾਂ ਦੀ ਲੜਾਕੂ ਤਾਕਤ ਦਾ ਜੱਕ ਬਨਣ ਤੇ ਭਾਰਤ ਦੀ ਅਰਥ ਵਿਵਸਥਾ ਨੂੰ ਕਾਰਪੋਰੇਟ ਪੱਖੀ ਪੁੱਠਾ ਗੇੜਾ ਦੇਣ ਦੀ ਸਰਕਾਰੀ ਨੀਤੀ ਨੂੰ ਬਰੇਕਾਂ ਲਾਉਣ ਵਾਲੇ ਦਿਨ ਵਜੋਂ ਵੀ ਯਾਦ ਕੀਤਾ ਜਾਇਆ ਕਰੇਗਾ।
ਕੋਵਿਡ-19 ਮਹਾਂਮਾਰੀ ‘ਚ ਭਾਜਪਾ ਸਰਕਾਰ ਦੀ ਅਸਫਲਤਾ ਨੂੰ ਸਾਹਮਣੇ ਲਿਆਉਣ ਵਿੱਚ ਵੀ ਕਿਸਾਨ ਅੰਦੋਲਨ ਵੱਲੋਂ ਫੈਲਾਈ ਚੇਤਨਾ ਦਾ ਵੱਡਾ ਯੋਗਦਾਨ ਹੈ। ਜੇ ਕਿਸਾਨ ਅੰਦੋਲਨ ਨਾ ਹੁੰਦਾ ਤਾਂ ਭਾਜਪਾ ਦੀ ਲੋਕ ਵਿਰੋਧੀ ਨੀਤ ਤੇ ਨੀਤੀ ਨੰਗੀ ਨਹੀਂ ਸੀ ਹੋਣੀ। ਭਾਜਪਾ ਨੇ ਕੋਵਿਡ ਮਹਾਂਮਾਰੀ ਕਾਰਨ ਭਾਰਤ ’ਚ ਵਿਛ ਰਹੇ ਲਾਸ਼ਾਂ ਦੇ ਸੱਥਰਾਂ ਨੂੰ ਵੀ ਸਰਕਾਰ ਦੀ ਕਮਜ਼ੋਰੀ ਦੀ ਥਾਂ ਰੱਬ ਦੀ ਕਰੋਪੀ ਬਣਾ ਕੇ ਪੇਸ਼ ਕਰਦੇ ਰਹਿਣਾ ਸੀ, ਪਰ ਕਿਸਾਨ ਅੰਦੋਲਨ ਤੇ ਬੇਰੁਜ਼ਗਾਰ ਨੌਜਵਾਨਾਂ, ਵਪਾਰੀਆਂ, ਕਾਰੋਬਾਰੀਆਂ ਤੇ ਗਰੀਬਾਂ ਦੇ ਅੱਖਾਂ ਅੱਗੇ ਭਾਜਪਾ ਵੱਲੋਂ ਬੰਨ੍ਹੀ ਹਿੰਦੂਤਵਾ, ਸਵਰਾਜ ਤੇ ਵਿਸ਼ਵਗੁਰੂ ਦੀ ਪੱਟੀ ਲਾਹ ਕੇ ਭਾਜਪਾ ਦਾ ਅਸਲੀ ਚਿਹਰਾ ਦੇਖਣ ਦਾ ਰਾਹ ਦਿਖਾਇਆ ਹੈ।
ਕਿਸਾਨ ਅੰਦੋਲਨ ਨੇ ਭਾਜਪਾ ਦੀ ਘੱਟ ਗਿਣਤੀਆਂ ਪ੍ਰਤੀ ਤੁਅੱਸਬੀ ਨੀਤੀ ਨੂੰ ਵੀ ਨੰਗਾ ਕਰ ਦਿੱਤਾ। ਪੰਜਾਬ ਦੇ ਕਿਸਾਨੀ ਘੋਲ ਨੂੰ ਸਿੱਖਾਂ ਤੇ ਖਾਲਿਸਤਾਨੀ, ਨਕਸਲੀ ਘੋਲ ਵਜੋਂ ਦੇਖਣ ਦੀ ਥਾਂ ਸਾਰੇ ਦੇਸ਼ ਨੇ ਇਸ ਨੂੰ ਕਿਸਾਨ ਘੋਲ ਵਜੋਂ ਪਛਾਣ ਦੇ ਕੇ ਸਿੱਖਾਂ ਨੂੰ ਦੇਸ਼ ’ਚ ਵੱਡੀ ਪਛਾਣ ਵੀ ਦਿੱਤੀ ਹੈ।
ਆਖਰੀ ਗੱਲ ਕਿਸਾਨ ਘੋਲ ਨੇ ਭਾਜਪਾ ਨੂੰ ਬਸਤਵਾਦੀ ਬਰਤਾਨੀਆਂ ਨਾਲੋਂ ਵੀ ਜ਼ਿਆਦਾ ਲੁਟੇਰੀ, ਹੰਕਾਰੀ, ਫਿਰਕੂ ਤੇ ਕਾਰਪੋਰੇਟ/ਸਾਮਰਾਜੀ ਪੱਖੀ ਸਰਕਾਰ ਵਜੋਂ ਸਥਾਪਤ ਕੀਤਾ ਹੈ। ਲਾਰਡ ਮਿੰਟੋ ਨੇ 1906 ’ਚ ਬਰਤਾਨੀਆ ਸਰਕਾਰ ਵੱਲੋਂ 1890 ’ਚ ਕਿਸਾਨਾਂ ਨੂੰ ਬਾਰ ਦੇ ਖੇਤਰ ’ਚ ਜ਼ਮੀਨ ਅਲਾਟਮੈਂਟ ਲਈ ਬਣਾਏ ਕਾਨੂੰਨ ’ਚ ਸੋਧ ਕਰਕੇ ਕਿਸਾਨੀ ਦੀ ਮਾਲਕੀ ਦੇ ਹੱਕ ਖੋਹੇ ਸਨ। ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੀ ਅਗਵਾਈ ’ਚ ਉੱਠੀ ਪਗੜੀ ਸੰਭਾਲ ਜੱਟਾ ਲਹਿਰ ਦੇ ਦਬਾਅ ਹੇਠ ਵਾਇਸਰਾਏ ਮਿੰਟੋ ਨੇ ਮੁੜ ਪੁਰਾਣਾ ਕਾਨੂੰਨ ਬਹਾਲ ਕਰ ਦਿੱਤਾ ਸੀ, ਪਰ ਭਾਜਪਾ ਨੇ ਸੰਕਟ ’ਚ ਫਸੇ ਭਾਰਤੀ ਲੋਕਾਂ ਦੇ ਡਰ ਦਾ ਲਾਹਾ ਲੈ ਕੇ ਲਾਕਡਾਊਨ ਤੇ ਦਹਿਸ਼ਤ ਦੇ ਵਾਤਾਵਰਣ ਵਿੱਚ 5 ਜੂਨ 2020 ਨੂੰ ਤਿੰਨ ਖੇਤੀ ਕਾਨੂੰਨਾਂ ਬਾਰੇ ਆਰਡੀਨੈਸ ਜਾਰੀ ਕੀਤਾ। ਵਿਰੋਧ ਦੇ ਬਾਵਜੂਦ ਸਤੰਬਰ 2020 ਵਿੱਚ ਸੰਸਦ ’ਚ ਬਿਲ ਪਾਸ ਕਰਵਾਇਆ । ਲੋਕ ਵਿਰੋਧ ਦੀ ਪ੍ਰਵਾਹ ਕਰੇ ਬਿਨਾਂ 6 ਮਹੀਨੇ ਤੋਂ ਕਿਸਾਨ ਅੰਦੋਲਨ ਪ੍ਰਤੀ ਚੁੱਪ ਧਾਰਕੇ ਬੈਠੀ ਭਾਜਪਾ ਨੇ ਸਾਬਤ ਕਰ ਦਿੱਤਾ ਕਿ ਉਹ ਅੰਗਰੇਜ਼ਾਂ ਦੇ ਕਾਲੇ ਦਿਲ ਤੋਂ ਵੀ ਕਾਲੀ ਸੋਚ ਰੱਖਦੀ ਹੈ। ਲੋਕ ਕਹਿ ਰਹੇ ਹਨ “ਮੋਦੀ ਨਾਲ਼ੋਂ ਮਿੰਟੋ ਚੰਗਾ”।
ਇਹੀ ਕਾਰਨ ਹੈ ਕਿ ਅੱਜ ਦੇਸ਼ ਭਰ ਦੇ ਕਿਸਾਨ, ਮਜ਼ਦੂਰ ਤੇ ਸਾਰੀਆਂ ਵਿਰੋਧੀ ਪਾਰਟੀਆਂ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾ ਰਹੀਆਂ ਹਨ। ਆਸ ਕੀਤੀ ਜਾਣੀ ਚਾਹੀਦੀ ਹੈ ਕਿ ਸਰਕਾਰ ਦੀ ਲੋਕ ਵਿਰੋਧੀ, ਕਿਸਾਨ ਵਿਰੋਧੀ ਸੋਚ ’ਚ ਬਦਲਾਅ ਆਵੇਗਾ।ਾ