ਤਿੰਨ ਕਾਲੇ ਕਾਨੂੰਨਾਂ ਖਿਲਾਫ ਪੰਜਾਬ ’ਚੋਂ ਉੱਠਿਆ ਘੋਲ ਹੁਣ ਨਿਰਣਾਇਕ ਮੋੜ ਵੱਲ ਵਧ ਰਿਹਾ ਹੈ। ਲਗਭਗ 6 ਮਹੀਨਿਆਂ ਤੋਂ ਘੋਲ ਕਰ ਰਹੇ ਕਿਸਾਨਾਂ ਉਪਰ ਸਰਕਾਰ ਵੱਲੋਂ ਹਰ ਹਰਬਾ ਵਰਤਿਆ ਗਿਆ, ਪਰ ਕਿਸਾਨਾਂ ਦੀ ਲਾਮਬੰਦੀ ਤੇ ਹੌਸਲਾ ਤੋੜਨ ਤੋਂ ਅਸਮਰਥ ਰਹੀ ਸਰਕਾਰ ਨੇ ਆਖੀਰ ਹੁਣ ਕੋਰੋਨਾ ਦਾ ਸਹਾਰਾ ਲਿਆ ਹੈ। ਅੱਜ ਦਿੱਲੀ ਦੀਆਂ ਸਰਹੱਦਾਂ ਉਪਰ ਕਿਸਾਨਾਂ ਦਾ ਮੁਕੰਮਲ ਜਾਮ ਹੈ। ਫਸਲਾਂ ਦੀ ਵਾਢੀ, ਮੰਡੀਆਂ ’ਚ ਜਿਨਸ ਵਿੱਕਰੀ ਦਾ ਉਲਝਾਇਆ ਤਾਣਾ ਤੇ ਕੋਰੋਨਾ ਦੀ ਪੈਦਾ ਕੀਤੀ ਦਹਿਸ਼ਤ ਦੀ ਤੀਹਰੀ ਮਾਰ ਝੱਲ ਕੇ ਵੀ ਜੇ ਕਿਸਾਨ ਵੱਡੀ ਗਿਣਤੀ ’ਚ ਦਿੱਲੀ ਬੈਠੇ ਹਨ ਤਾਂ ਇਹ ਉਨ੍ਹਾਂ ਦੀ ਬਹਾਦਰੀ, ਸਿਦਕਦਿਲੀ ਅਤੇ ਸੂਝ ਬੂਝ ਦਾ ਸਿੱਟਾ ਹੈ। ਧਰਨੇ, ਮੁਜਹਾਰਿਆਂ ’ਚ ਕਿਸਾਨਾਂ ਦੀ ਭਰਵੀਂ ਹਾਜ਼ਰੀ ਇਸ ਗੱਲ ਦਾ ਲਖਾਇਕ ਹੈ ਕਿ ਕਿਸਾਨਾਂ ਵੱਲੋਂ ਚੁੱਕੇ ਮੁੱਦੇ ਉਨ੍ਹਾਂ ਦੇ ਜੀਵਨ ਉੱਪਰ ਵੱਡਾ ਅਸਰ ਪਾਉਣ ਵਾਲੇ ਹਨ। ਲੋਕ ਇਨ੍ਹਾਂ ਮੁੱਦਿਆਂ ਦਾ ਸਹੀ ਨਿਪਟਾਰਾ ਕਰਾਉਣ ਲਈ ਹਰ ਮੁਸੀਬਤ ਦਾ ਟਾਕਰਾ ਕਰਨ ਲਈ ਤਿਆਰ ਹਨ। ਪਹਿਲਾਂ ਠੰਢੀਆਂ ਤੇ ਬਰਫੀਲੀਆਂ ਰਾਤਾਂ, ਸਰਕਾਰੀ ਜਬਰ, ਘਰੋ ਬੇਘਰ ਹੋਣ ਕਾਰਨ ਪੈਦਾ ਹੁੰਦੀਆਂ ਦੁਸ਼ਵਾਰੀਆਂ, ਸੈਂਕੜੇ ਸ਼ਹੀਦੀਆਂ ਵੀ ਕਿਸਾਨਾਂ ਦਾ ਮਨ ਨਹੀਂ ਡੁਲ੍ਹਾ ਸਕੀਆਂ, ਸਗੋਂ ਉਨ੍ਹਾਂ ਨੂੰ ਹੋਰ ਹੌਸਲਾ, ਤਾਕਤ ਤੇ ਨਿਸਾਨਾ ਪ੍ਰਾਪਤੀ ਲਈ ਪ੍ਰੇਰਨਾਸ੍ਰੋਤ ਬਣਦੀਆਂ ਰਹੀਆਂ ਹਨ। ਘੋਲ ਨੂੰ ਢਾਹ ਲਾਉਣ ਲਈ ਤਰ੍ਹਾਂ ਤਰ੍ਹਾਂ ਦੇ ਢੰਗ ਵਰਤ ਰਹੀਆਂ ਸਿਆਸੀ ਪਾਰਟੀਆਂ ਖਾਸ ਕਰਕੇ ਕੇਂਦਰੀ ਸਤਾਹ ਉਤੇ ਕਾਬਜ਼ ਭਾਜਪਾ ਤੇ ਉਸਦੀ ਸਰਕਾਰ ਨੇ ਪਹਿਲਾਂ ਵੱਖਵਾਦੀ, ਦੇਸ਼ਧ੍ਰੋਹੀ ਜਿਹੇ ਲਕਬਾਂ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਜਾਬਰ ਢੰਗ ਵਰਤੇ ਤੇ ਹੁਣ ਕੋਰੋਨਾ ਨੂੰ ਆਖਰੀ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਇਸ ਕੰਮ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਵੀ ਸਰਕਾਰ ਦੀ ਹਾਂ ਵਿੱਚ ਹਾਂ ਮਿਲਾਉਂਦੀਆਂ ਦਿਸ ਰਹੀਆਂ ਹਨ। ਰਾਜਸੀ ਪਾਟੀਆਂ ਦੀ ਸਤਾਹ ਪ੍ਰਾਪਤੀ ਲਈ ਹੁੰਦੇ ਇਕੱਠ, 80 ਫੀਸਦੀ ਵੋਟਾਂ ਦਾ ਪੈਣਾ ਲੋਕਾਂ ’ਚ ਉਤਸ਼ਾਹ ਵਜੋਂ ਦਿਖਾਇਆ ਜਾਂਦਾ ਹੈ, ਪਰ ਆਪਣੇ ਹੱਕਾਂ ਲਈ ਹੁੰਦੇ ਇਕੱਠ, ਧਰਨੇ ਤੇ ਮੁਜਾਹਰੇ ਹੁਣ ਕੋਰੋਨਾ ਫੈਲਾਉਣ ਦੇ ਸਾਧਨ ਵਜੋਂ ਪ੍ਰਚਾਰ ਜਾ ਰਹੇ ਹਨ। ਸਰਕਾਰਾਂ ਹੁਣ ਹਰ ਪ੍ਰਕਾਰ ਦੇ ਇਕੱਠਾਂ ਉਪਰ ਪਾਬੰਦੀ ਦੀ ਰਟ ਲਾ ਕੇ ਅਸਲ ਵਿੱਚ ਭਾਰਤ ਵਿੱਚ ਫੈਲ ਰਹੇ ਕਿਸਾਨ ਘੋਲ ਨੂੰ ਖਤਮ ਕਰਨ ਵੱਲ ਸੇਧਿਤ ਹਨ, ਪਰ ਲੋਕਾਂ ਦੇ ਸੰਘਰਸ਼ ਉਨ੍ਹਾਂ ਦੀ ਤਾਕਤ ਪ੍ਰਾਪਤੀ ’ਚ ਵਿਘਨ ਪਾਉਂਦੇ ਹਨ। ਇਹੀ ਕਾਰਨ ਹੈ ਕਿ ਕੋਰੋਨਾ ਦੀ ਦੂਜੀ ਲਹਿਰ ’ਚ ਕਿਸਾਨ, ਮਜ਼ਦੂਰ ਤੇ ਬੇਰੁਜ਼ਗਾਰ ਆਪਣੇ ਲਈ ਰੁਜ਼ਗਾਰ ਨਹੀ ਮੰਗ ਸਕਦੇ, ਪਰ ਸਿਆਸਤਦਾਨ ਵੱਡੇ ਇਕੱਠ ਕਰਕੇ ਵੋਟ ਮੰਗ ਸਕਦੇ ਹਨ। ਕੋਰੋਨਾ ਸੰਘਰਸਸ਼ੀਲ ਲੋਕਾਂ ਦੇ ਖਿਲਾਫ ਹੀ ਕਿਉਂ ਜਾਗਦਾ ਹੈ? ਇਹ ਸਵਾਲ ਲੋਕ ਪੁੱਛਣਗੇ ਹੀ। ਮੀਡੀਆ ਨੂੰ ਵੀ ਲੋਕਾਂ ਖਿਲਾਫ ਰਿਪੋਰਟਾਂ ਛਾਪਣ ਦੀ ਥਾਂ ਸਿਆਸੀ ਇਕੱਠਾਂ ਬਾਰੇ ਸਵਾਲ ਪੁੱਛਣੇ ਚਾਹੀਦੇ ਹਨ। ਦੂਹਰੇ ਮਿਆਰ ਲੋਕਾਂ ਤੇ ਸਰਕਾਰ ਵਿੱਚ ਬੇਵਿਸ਼ਵਾਸੀ ਪੈਦਾ ਕਰ ਰਹੇ ਹਨ ਜੋ ਸਮਾਂ ਪਾ ਕੇ ਸਰਕਾਰ ਖਿਲਾਫ ਵਿਦਰੋਹ ਦਾ ਰੂਪ ਧਾਰਨ ਕਰ ਸਕਦੇ ਹਨ। ਇਹ ਸਭ ਦੇ ਸੋਚਣ ਦਾ ਮੁੱਦਾ ਹੈ।
ਸੁਖਦੇਵ ਸਿੰਘ ਪਟਵਾਰੀ