ਸੁਖਦੇਵ ਸਿੰਘ ਪਟਵਾਰੀ
13 ਅਪ੍ਰੈਲ ਦਾ ਦਿਨ ਪੰਜਾਬ ਦੇ ਇਤਿਹਾਸ ਵਿੱਚ ਚਾਨਣ ਦੀ ਲੋਅ ਤੇ ਹਨ੍ਹੇਰੇ ਦੀ ਕਾਲਖ਼ ਦੇ ਟਕਰਾਅ ਦਾ ਦਿਨ ਕਿਹਾ ਜਾ ਸਕਦਾ ਹੈ। ਇਸ ਦਿਨ ਅੰਨ੍ਹੀ ਲੁੱਟ-ਖਸੁੱਟ, ਜਬਰ-ਜ਼ੁਲਮ, ਜਗੀਰੂ ਤੇ ਧਾਰਮਿਕ ਦਾਬੇ ਤੋਂ ਲੋਕਾਂ ਨੂੰ ਮੁਕਤੀ ਦਿਵਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਨੀਂਹ ਰੱਖੀ ਸੀ। ਪੰਜਾਬ ਦੇ ਦੱਬੇ ਕੁਚਲੇ ਲੋਕਾਂ ਦੀ ਮਾਨਸਿਕ ਗੁਲਾਮੀ ਨੂੰ ਤੋੜਿਆ ਅਤੇ ਸਭ ਵਰਗਾਂ ਦੇ ਲੋਕਾਂ ਨੂੰ ਜਾਤ ਪਾਤ ਦੀ ਧੁੰਦ ‘ਚੋਂ ਕੱਢ ਕੇ ਬਰਾਬਰੀ ਦੇ ਮੰਚ ‘ਤੇ ਲੈ ਆਂਦਾ। ਅਜਿਹਾ ਕਰਕੇ ਗੁਰੂ ਜੀ ਨੇ ਅਜਿਹੇ ਲੋਕਾਂ ‘ਚ ਨਵੀਂ ਰੂਹ ਫੂਕੀ ਸੀ।
ਮੁਗਲ ਗੁਲਾਮੀ ਦੀ ਜੰਜੀਰ ਨੂੰ ਤੋੜਨ ਲਈ ਫੌਜੀ ਤਿਆਰੀਆਂ ਦੇ ਆਰੰਭ ਵਜੋਂ ਸਿੱਖਾਂ ਦਾ ਇਹ ਵਿੱਤ ਪੱਖੋਂ ਛੋਟਾ ਪਰ ਤੱਤ ਪੱਖੋਂ ਵੱਡਾ ਹੰਭਲਾ ਸੀ। ਦੂਜੇ ਪਾਸੇ ਇਸੇ ਦਿਨ ਗੁਲਾਮੀ ਤੇ ਬਦੀ ਦੀਆਂ ਤਾਕਤਾਂ ਵੱਲੋਂ ਇਸ ਜਬਰ ਜ਼ੁਲਮ ਵਿਰੁੱਧ ਲੋਕਾਂ ਦੀ ਜਾਗ ਰਹੀ ਨਫ਼ਰਤ ਨੂੰ ਖਤਮ ਕਰਨ ਵਾਸਤੇ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ਼ ਦਾ ਸਾਕਾ ਰਚਾਇਆ ਗਿਆ। 1200 ਮਾਸੂਮ ਜਿੰਦਾਂ ਨੂੰ ਕਤਲ ਕਰਕੇ, 9600 ਬੱਚੇ ਬੁੱਢਿਆਂ ਨੂੰ ਜ਼ਖਮੀ ਕਰਕੇ, 10 ਮਿੰਟ ਲਗਾਤਾਰ ਅੰਨ੍ਹੇਵਾਹ ਸੰਘਣੀ ਭੀੜ ‘ਚ 1650 ਗੋਲੀਆਂ ਚਲਾ ਕੇ ਕਾਲਖ਼ ਦੇ ਵਣਜਾਰਿਆਂ ਦੇ ਪ੍ਰਤੀਨਿਧ ਜਨਰਲ ਡਾਇਰ ਨੇ ਵਿਸਾਖੀ ਦੇ ਇਸ ਦਿਹਾੜੇ ‘ਤੇ 25000 ਲੋਕਾਂ ਦੇ ਭਾਰੀ ਇਕੱਠ ’ਚ ਲੋਕਾਂ ਨੂੰ ਦਾਣਿਆਂ ਵਾਂਗ ਭੁੰਨ ਦਿੱਤਾ।
1699 ਈਸਵੀ ਤੋਂ ਲੈ ਕੇ ਹੁਣ ਤੱਕ 13 ਅਪ੍ਰੈਲ ਦਾ ਦਿਨ “ਖਾਲਸਾ ਪੰਥ” ਦੇ ਜਨਮ ਦਿਨ ਵਜੋਂ ਧੂਮਧਾਮ ਨਾਲ ਮਨਾਇਆ ਜਾਂਦਾ ਹੈ। 13 ਅਪ੍ਰੈਲ 1919 ਦੇ ਦਿਨ ਵੀ ਲੋਕ ਰਵਾਇਤੀ ਢੰਗ ਨਾਲ ਵਿਸਾਖੀ ਦਾ ਮੇਲਾ ਦੇਖਣ ਲਈ ਆਏ ਸਨ। ਇਸ ਸਮੇਂ ਤੱਕ ਪਹਿਲੀ ਸੰਸਾਰ ਜੰਗ ਖਤਮ ਹੋ ਚੁੱਕੀ ਸੀ। ਜਦੋਂ ਅੰਗਰੇਜ਼ ਪਹਿਲੀ ਸੰਸਾਰ ਜੰਗ ਜਿੱਤ ਗਏ ਤਾਂ ਉਨ੍ਹਾਂ ਨੇ ਭਾਰਤੀਆਂ ਨੂੰ “ਸਵਰਾਜ” ਦੀ ਥਾਂ ਰੋਲਟ ਐਕਟ ਪਾਸ ਕਰ ਦਿੱਤਾ ਜਿਸ ਰਾਹੀਂ ਉਸ ਨੇ ‘ਨਾ ਵਕੀਲ, ਨਾ ਦਲੀਲ ਤੇ ਨਾ ਅਪੀਲ’ ਦਾ ਢੰਗ ਵਰਤ ਕੇ ਲੋਕਾਂ ਨੂੰ ਧੜਾ ਧੜ ਜੇਲ੍ਹਾਂ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ। ਲੋਕਾਂ ਨੂੰ ਅੰਗਰੇਜ਼ਾਂ ਖਿਲਾਫ ਪਲ ਰਹੀ ਨਫ਼ਰਤ ਨੂੰ ਦੇਖਦਿਆਂ ਕਾਂਗਰਸ ਵੱਲੋਂ “ਸ਼ਾਂਤਮਈ ਸਤਿਆਗ੍ਰਹਿ” ਸ਼ੁਰੂ ਕਰ ਦਿੱਤਾ ਗਿਆ ਜਿਸ ਦੇ ਫਲਸਰੂਪ 30 ਮਾਰਚ 1919 ਨੂੰ ਅੰਮ੍ਰਿਤਸਰ ‘ਚ ਮੁਕੰਮਲ ਹੜਤਾਲ ਹੋਈ। ਫਿਰ 6 ਅਪ੍ਰੈਲ ਨੂੰ ਇੱਕ ਵੱਡੀ ਜਨ ਸਭਾ ਤੇ ਮੁਕੰਮਲ ਹੜਤਾਲ ਹੋਈ।
ਇਸੇ ਹੀ ਸਮੇਂ 9 ਅਪ੍ਰੈਲ ਨੂੰ ਇੱਕ ਅਜਿਹੀ ਅਨੋਖੀ ਘਟਨਾ ਹੋਈ ਜਿਸ ਨੇ ਅੰਗਰੇਜ਼ਾਂ ਨੂੰ ਆਪਣੀ ਮੌਤ ਨੇੜੇ ਦਿਸਣ ਲਾ ਦਿੱਤੀ। “ਰਾਮ ਨੌਮੀ” ਦੇ ਤਿਉਹਾਰ ’ਤੇ ਮੁਸਲਮਾਨਾ ਤੇ ਸਿੱਖਾਂ ਦੀ ਇੱਕ ਵੱਡੀ ਗਿਣਤੀ ਹਿੰਦੂਆਂ ਦੇ ਜਲੂਸ ਵਿੱਚ ਸ਼ਾਮਲ ਹੋ ਗਈ। ਇਹ ਕੁਝ ਅੰਮ੍ਰਿਤਸਰ ’ਚ ਹੀ ਨਹੀਂ ਸਗੋਂ ਜਲੰਧਰ ਤੇ ਲਾਹੌਰ ਵਿੱਚ ਵੀ ਵਾਪਰਿਆ। ਇਸ ਘਟਨਾ ਨੇ ਅੰਗਰੇਜ਼ਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਉਲਟ ਲੋਕਾਂ ਦੇ ਸਾਰੇ ਫਿਰਕਿਆਂ ‘ਚ ਏਕਤਾ ਤੇ ਸਦਭਾਵਨਾ ਮਜ਼ਬੂਤ ਕਰ ਦਿੱਤੀ। ਇਸ ਘਟਨਾ ਤੋਂ ਬੁਖਲਾਹਟ ‘ਚ ਆ ਕੇ ਅੰਗਰੇਜ਼ਾਂ ਨੇ ਕਾਂਗਰਸ ਦੇ ਦੋ ਮਹੱਤਵਪੂਰਨ ਲੀਡਰ ਡਾ. ਸ਼ੱਤਪਾਲ ਤੇ ਕਿਚਲੂ ਨੂੰ ਗ੍ਰਿਫਤਾਰ ਕਰਕੇ ਧਰਮਸ਼ਾਲਾ ਭੇਜ ਦਿੱਤਾ, ਜਿਸ ਨੇ ਬਲਦੀ ਉਤੇ ਤੇਲ ਦਾ ਕੰਮ ਕੀਤਾ। ਪਤਾ ਲਗਦਿਆਂ ਹੀ ਸੈਂਕੜਿਆਂ ਦੀ ਗਿਣਤੀ ‘ਚ ਲੋਕ ਇਕੱਠੇ ਹੋ ਕੇ ਜਲੂਸ ਦੀ ਸ਼ਕਲ ਵਿੱਚ ਡਿਪਟੀ ਕਮਿਸ਼ਨਰ ਦੇ ਅੰਮ੍ਰਿਤਸਰ ਸਥਿਤ ਬੰਗਲੇ ਵੱਲ ਚੱਲ ਪਏ। ਹਾਲ ਬਜ਼ਾਰ ‘ਚ ਮਿਲਟਰੀ ਦੀਆਂ ਟੁਕੜੀਆਂ ਨੇ ਲੋਕਾਂ ‘ਤੇ ਗੋਲੀ ਚਲਾ ਦਿੱਤੀ। ਲੋਕਾਂ ’ਚ ਧੁਖ ਰਿਹਾ ਰੋਹ ਭਾਂਬੜ ਬਣ ਉਠਿਆ ਅਤੇ ਭੜਕੀ ਹੋਈ ਭੀੜ ਨੇ 5 ਯੂਰਪੀਨ ਮਾਰ ਦਿੱਤੇ, ਸਰਕਾਰੀ ਜਾਇਦਾਦ ਤਬਾਹ ਕਰ ਦਿੱਤੀ। ਟਾਊਨ ਹਾਲ ਵਿੱਚ ਨੈਸ਼ਨਲ ਬੈਂਕ, ਅਲਾਇੰਸ ਤੇ ਚਾਰਟਡ ਬੈਂਕਾਂ, ਚਰਚ, ਬਾਈਬਲ ਅਤੇ ਟਰੈਕਟ ਸੁਸਾਇਟੀ ਨੂੰ ਸਾੜ ਦਿੱਤਾ ਗਿਆ।ਕੂਚਾ ਕੌਹਰੀਆਂ ਵਾਲੀ ਗਲੀ 'ਚ ਲੋਕਾਂ ਨੇ ਇੱਕ ਯੂਰਪੀਨ ਔਰਤ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ। ਇਸ ਘਟਨਾ ਦੇ ਬਾਅਦ ਅੰਮ੍ਰਿਤਸਰ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਅਤੇ 13 ਅਪਰੈਲ ਸਵੇਰੇ ਤੋਂ ਮਾਰਸ਼ਲ ਲਾਅ ਲਾਗੂ ਕਰ ਦਿੱਤਾ। ਜਨਰਲ ਡਾਇਰ ਨੂੰ ਅੰਮ੍ਰਿਤਸਰ 'ਚ ਇੰਚਾਰਜ ਲਾ ਦਿੱਤਾ ਗਿਆ। ਇਸ ਹਾਲਤ 'ਚ ਜਲਿਆਂਵਾਲਾ ਬਾਗ 'ਚ 13 ਅਪਰੈਲ ਨੂੰ ਲੋਕਾਂ ਦੀ ਮੀਟਿੰਗ ਰੱਖੀ ਹੋਈ ਸੀ ਜਿਸ ਵਿੱਚ ਲੋਕ ਹੁੰਮ ਹੁੰਮਾ ਕੇ ਪੁੱਜੇ ਸਨ।
ਇਨ੍ਹਾਂ ਗੱਲਾਂ ਨੇ ਅੰਗਰੇਜ਼ੀ ਹਾਕਮਾਂ ਦੇ ਮਨ ਵਿੱਚ ਲੋਕਾਂ ਨੂੰ ਸਬਕ ਸਿਖਾਉਣ ਤੇ ਬਦਲੇ ਦੀ ਭਾਵਨਾ ਪੈਦਾ ਕਰ ਦਿੱਤੀ। ਇਸ ਕਰਕੇ ਉਸ ਦਿਨ ਜਲ੍ਹਿਆਂਵਾਲੇ ਬਾਗ਼ ਦੇ ਹਰੇਕ ਨਾਕੇ ‘ਤੇ 25-25 ਫੌਜੀ ਤਾਇਨਾਤ ਕੀਤੇ ਗਏ। ਜਨਰਲ ਡਾਇਰ ਆਪ ਖੁਦ ਇੱਕ ਕਾਰ ‘ਤੇ ਮਸ਼ੀਨਗੰਨ ਫਿੱਟ ਕਰਕੇ ਲਿਆਇਆ ਸੀ ਜੋ ਰਸਤੇ ਤੰਗ ਹੋਣ ਕਰਕੇ ਜਲ੍ਹਿਆਂਵਾਲੇ ਬਾਗ਼ ਦੇ ਨੇੜੇ ਨਾ ਜਾ ਸਕੀ। ਭਿਅੰਕਰ ਖੂਨ ਖਰਾਬਾ ਹੋਇਆ। ਬੇਥਾਹ ਜਾਨਾਂ ਦੇ ਖੂਨ ਦੀ ਹੋਲੀ ਖੇਡੀ ਗਈ। ਜ਼ਖਮੀਆਂ ਨੂੰ ਬਚਾਉਣ ਲਈ ਕੋਈ ਡਾਕਟਰੀ ਸਹੂਲਤ ਨਾ ਦਿੱਤੀ ਗਈ। ਬੱਚਿਆਂ, ਬੁੱਢਿਆਂ ਤੇ ਔਰਤਾਂ ਉਪਰ ਕੋਈ ਤਰਸ ਨਾ ਖਾਧਾ। ਚਾਰੇ ਪਾਸੇ ਹੈਵਾਨ ਦਾ ਰਾਜ ਸੀ। ਸਰਕਾਰੀ ਬੁਲਾਰਿਆਂ ਵੱਲੋਂ ਝੂਠ ਬੋਲ ਕੇ ਹਜ਼ਾਰਾਂ ਦੀ ਗਿਣਤੀ ‘ਚ ਹੋਏ ਭਿਆਨਕ ਕਤਲੇਆਮ ਦੀ ਗਿਣਤੀ ਸਿਰਫ 279 ਦੱਸੀ ਗਈ ਜਦੋਂ ਕਿ ਇਹ ਗਿਣਤੀ 1200 ਕਤਲ ਤੇ 9600 ਜ਼ਖਮੀ ਤਕ ਸੀ।
ਇਸ ਬੇਰਹਿਮ ਕਤਲੇਆਮ ਨੂੰ ਜਾਇਜ਼ ਠਹਿਰਾਉਂਦਿਆਂ ਜਨਰਲ ਡਾਇਰ ਨੇ 25 ਅਗਸਤ 1919 ਨੂੰ 16ਵੀਂ ਬਟਾਲੀਅਨ ਦੇ ਜਨਰਲ ਸਟਾਫ ਨੂੰ ਸੰਬੋਧਨ ਕਰਦਿਆਂ ਕਿਹਾ, “ਮੈਂ ਫਾਇਰ ਕੀਤੇ ਅਤੇ ਭੀੜ ਦੇ ਖਿੰਡਣ ਤੱਕ ਫਾਇਰ ਕੀਤੇ(10 ਮਿੰਟ), ਮੈਂ ਸਮਝਦਾ ਹਾਂ ਕਿ ਇਹ ਗੋਲੀਆਂ ਦੀ ਘੱਟੋ ਘੱਟ ਗਿਣਤੀ ਹੈ (1650 ਫਾਇਰ), ਜੋ ਜਰੂਰੀ ਨੈਤਿਕਤਾ ‘ਤੇ ਵਿਸ਼ਾਲ ਅਸਰ ਪੈਦਾ ਕਰ ਸਕਦੀ ਸੀ। ਆਪਣੇ ਐਕਸ਼ਨ ਨੂੰ ਵਾਜਬ ਠਹਿਰਾਉਣ ਲਈ ਇਸ ਨੂੰ ਪੈਦਾ ਕਰਨ ਲਈ ਮੇਰੀ ਡਿਊਟੀ ਸੀ। ਜੇ ਮੇਰੇ ਕੋਲ ਹੋਰ ਫੌਜ ਹੁੰਦੀ ਤਾਂ ਕਤਲਾਂ ਦੀ ਗਿਣਤੀ ਦਾ ਅਨੁਪਾਤ ਹੋਰ ਹੋਣਾ ਸੀ।ਇਹ ਸਿਰਫ ਭੀੜ ਨੂੰ ਖਿੰਡਾਉਣ ਦਾ ਸਵਾਲ ਹੀ ਨਹੀਂ ਸੀ ਸਗੋਂ ਫੌਜੀ ਨੁਕਤਾ ਨਜ਼ਰ ਤੋਂ, ਸਿਰਫ ਉਨ੍ਹਾਂ ‘ਤੇ ਹੀ ਨਹੀਂ ਜੋ ਉਥੇ ਹਾਜ਼ਰ ਸਨ, ਸਗੋਂ ਸਮੁੱਚੇ ਪੰਜਾਬ ਦੇ ਲੋਕਾਂ ‘ਤੇ ਲੋੜੀਂਦਾ ਅਸਰ ਪਾਉਣਾ ਸੀ। ਇੱਥੇ ਬਿਨਾ ਵਜ੍ਹਾ ਸਖਤੀ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ”। ਜਨਰਲ ਡਾਇਰ ਦੀ ਗੱਲ ‘ਤੇ ਸਹੀ ਪਾਉਂਦਿਆਂ ਲੈਫਟੀਨੈਂਟ ਸਰ ਮਾਈਕਲ ਓਡਵਾਇਰ ਨੇ ਜਲ੍ਹਿਆਂਵਾਲੇ ਬਾਗ ਦੀ ਜਾਂਚ ਕਰਨ ਲਈ ਬਿਠਾਈ ‘ਹੰਟਰ ਕਮੇਟੀ’ ਸਾਹਮਣੇ ਬਿਆਨ ਦਿੰਦਿਆਂ ਕਿਹਾ ਕਿ, “ਸ਼ਾਇਦ ਹੋਰ ਕਿਸੇ ਨਾਲੋਂ ਹਾਲਤ ਦੀ ਬਹੁਤ ਹੀ ਪੱਕੀ ਸਮਝ ਦੇ ਆਧਾਰ ‘ਤੇ ਮੈਂ ਕਹਿੰਦਾ ਹਾਂ ਤੇ ਮੈਨੂੰ ਇਹ ਕਹਿਣ ‘ਚ ਕੋਈ ਝਿਜਕ ਵੀ ਨਹੀਂ ਕਿ ਜਨਰਲ ਡਾਇਰ ਦੀ ਕਾਰਵਾਈ ਬਗ਼ਾਵਤ ਨੂੰ ਰੋਕਣ ਲਈ ਸਭ ਤੋਂ ਵੱਡਾ ਤੱਤ ਸੀ”।
ਇਹ ਇੱਕ ਅਹਿਜੀ ਘਟਨਾ ਸੀ ਜਿਸ ਨੇ ਅੰਗਰੇਜ਼ ਹਾਕਮਾਂ ਦੇ ਖਿਲਾਫ ਲੋਕਾਂ ‘ਚ ਨਫ਼ਰਤ ਦੇ ਭਾਂਬੜ ਬਾਲ ਦਿੱਤੇ। ਥਾਂ ਥਾਂ ‘ਤੇ ਟੈਲੀਫੋਨ ਦੀਆਂ ਤਾਰਾਂ ਉਖੇੜ ਦਿੱਤੀਆਂ, ਰੇਲਵੇ ਪਟੜੀਆਂ ਪੁੱਟ ਦਿੱਤੀਆਂ। ਪਿੰਡਾਂ ਦੇ ਪਿੰਡ ਅਜ਼ਾਦੀ ਸੰਗਰਾਮ ਦੀ ਲੜਾਈ ‘ਚ ਕੁੱਦ ਪਏ। ਕਿਸਾਨ, ਮਜ਼ਦੂਰ, ਵਿਦਿਆਰਥੀ, ਵਪਾਰੀ ਤੇ ਕਾਰੋਬਾਰੀ ਬੰਦੇ (ਟਾਊਟਾਂ ਤੇ ਜਾਗੀਰਦਾਰਾਂ ਨੂੰ ਤੇ ਉਨ੍ਹਾਂ ਦੇ ਦਲਾਲਾਂ ਨੂੰ ਛੱਡ ਕੇ) ਸਭ ਕਦਮ ਤਾਲ ਹੋ ਕੇ ਆਜ਼ਾਦੀ ਸੰਗਰਾਮ ‘ਚ ਤੁਰਨ ਲੱਗ ਪਏ। ਇੱਕ ਤੋਂ ਬਾਅਦ ਦੂਜੀ ਥਾਂ ਮਾਰਸ਼ਲ ਲਾਅ ਲਾਗੂ ਕੀਤਾ ਗਿਆ। ਪੰਜਾਬ ਦੇ ਲੋਕ ਜੋ ਸਿਆਸੀ ਮੰਚ ‘ਤੇ ਪਿੱਛੇ ਖੜ੍ਹੇ ਸਨ, ਹੁਣ ਮੂਹਲੀਆਂ ਕਤਾਰਾਂ ‘ਚ ਆ ਖੜ੍ਹੇ ਹੋਏ। ਇਹੀ ਜਲ੍ਹਿਆਂਵਾਲੇ ਬਾਗ ਦਾ ਸਾਕਾ ਸੀ ਜਿਸ ਨੇ ਊਧਮ ਸਿੰਘ ਵਰਗੇ ਜਵਾਨਾਂ ਨੂੰ ਇੰਗਲੈਂਡ ‘ਚ ਜਾ ਕੇ ਕੌਮੀ ਹੱਤਕ ਦਾ ਬਦਲਾ ਲੈਣ ਦਾ ਬਲ ਦਿੱਤਾ। ਇਹੀ ਘਟਨਾ ਸੀ ਜਿਸਨੇ ਲਾਹੌਰ ਪੜ੍ਹਦੇ ਭਗਤ ਸਿੰਘ ਨੂੰ ਅੰਮ੍ਰਿਤਸਰ ਆ ਕੇ ਮਿੱਟੀ ਚੁੱਕ ਕੇ ਇਹ ਕਸਮ ਖਾਣ ਲਈ ਪ੍ਰੇਰਿਆ ਕਿ ਦੇਸ਼ ਲਈ ਜਾਨ ਕੁਰਬਾਨ ਕਰਨਾ ਸਾਡਾ ਫਰਜ਼ ਹੈ।
ਅੰਗਰੇਜ਼ਾਂ ਨੇ ਲੋਕਾਂ ਨੂੰ ਇਸ ਸੰਗਰਾਮ ‘ਚੋਂ ਨਿਰਾਸ਼ ਕਰਨ ਲਈ ਜੇਲ੍ਹਾਂ ਤੇ ਗੋਲੀਆਂ ਦਾ ਹੀ ਸਹਾਰਾ ਨਹੀਂ ਲਿਆ ਸਗੋਂ ਇਸ ਘਟਨਾ ਤੋਂ ਬਾਅਦ ਫੈਲੀ ਵਿਆਪਕ ਰੋਸ ਲਹਿਰ ਨੂੰ ਦਬਾਉਣ ਲਈ ਆਰਥਿਕ ਹਥਿਆਰ ਵੀ ਵਰਤਿਆ। ਵਾਘਾ ਸਟੇਸ਼ਨ ਨੂੰ ਸਾੜਨ ਦੇ ਦੋਸ਼ ‘ਚ ਇਸ ਪਿੰਡ ਤੋਂ 6600 ਰੁਪਏ, ਵਜ਼ੀਰਾਬਾਦ ਪਿੰਡ ਤੋਂ 7000 ਰੁਪਏ, ਨਿਜ਼ਾਮਾਬਾਦ ਪਿੰਡ ਤੋਂ 9500 ਰੁਪਏ, ਜਲਾਲਾਪੁਰ ਜੱਟਾਂ ਪਿੰਡ ਤੋਂ 12000 ਰੁਪਏ, ਖਿਆਲਾ ਕਲਾਂ, ਜਹਾਂਗੀਰ ਅਤੇ ਚੱਕ ਨੰ 150 ਪਿੰਡਾਂ ਤੋਂ 53442 ਰੁਪਏ ਦਾ ਸਮਾਜਿਕ ਜੁਰਮਾਨਾ ਵਸੂਲਿਆ।
ਜ਼ਲ੍ਹਿਆਂ ਵਾਲਾ ਬਾਗ ਦੇ ਸ਼ਹੀਦ ਨਾ ਹਿੰਦੀ ਸਨ, ਨਾ ਮੁਸਲਮਾਨ, ਨਾ ਸਿੱਖ ਸਨ ਤੇ ਨਾ ਇਸਾਈ। ਉਹ ਇਨਸਾਨ ਸਨ ਤੇ ਇਨਸਾਨੀ ਹੱਕ ਵਾਸਤੇ ਜੂਝਦੇ ਹੋਏ ਸ਼ਹੀਦ ਹੋਏ।