ਜਗਮੇਲ ਸਿੰਘ, ਸੰਪਰਕ:9417224822
ਕਰੋਨਾ, ਇੱਕ ਵਾਇਰਸ, ਇੱਕ ਬੀਮਾਰੀ, ਨਾਂ ਧਰਿਆ ਕੋਵਿਡ-ਉੱਨੀ।ਖੁਦ ਬਿਨ ਹੱਡੀਂਓ, ਦਹਿਸ਼ਤ ਆਦਮ-ਖਾਣੇ ਦਿਓ ਵਾਲੀ। ਕਹਿੰਦੇ,
ਇਹ ਹਲਕਿਆ ਫਿਰਦਾ, ਬਚੋ। ਜੀਹਨੂੰ ਪੈਂਦਾ, ਸਿੱਧਾ ਗਲ ਨੂੰ ਪੈਂਦੈ।ਸਿਮਟਮ ਨੋਟ, ਮਤਲਬ ਮਾਤਮ। ਪ੍ਰੀਵਾਰ ਤੇ ਰਿਸ਼ਤੇਦਾਰ,ਸਭ ਸੋਗੀ। ਖ਼ਬਰਸਾਰ, ਕਰੋਨਾ ਦੇ ਲਪੇਟੇ 'ਚ। ਰਿਸ਼ਤੇ-ਨਾਤੇ ਤੇ ਮੋਹ-ਮਮਤਾ, ਸਭ ਏਸੇ ਦਾ ਸ਼ਿਕਾਰ।
ਹਾਕਮ ਦੇ ਫੈਸਲੇ ਤੇ ਹਾਊਮੈਂ, ਦਹਿਸ਼ਤ ਵਧਾਉਣ ਦੇ ਸੋਮੇ। ਹਾਕਮਾਂ ਦੇ ਫੁਰਮਾਨ, ਕੱਢਣ ਲੋਕਾਂ ਦੀ ਜਾਨ। ਸਾਲ ਪਹਿਲਾਂ ਵਾਲਾ ਹੀ ਕਹੀ ਤੇ ਕੁਹਾੜਾ। ਘਰਬੰਦੀ,ਰੁਜ਼ਗਾਰਬੰਦੀ ਤੇ ਉਜਾੜਾ। ਛੋਟੇ ਕਾਰੋਬਾਰ,ਵੱਡੀ ਮਾਰ।ਕਮਾਊ ਹੱਥ, ਬੇਰੁਜ਼ਗਾਰ।
ਤੁਗਲਕੀ ਫੈਸਲੇ,ਡਾਕਟਰੀ ਇਲਾਜ ਦੇ ਮੁਕਾਬਲੇ, ਪੁਲਸੀਆ ਇਲਾਜ ਨੂੰ ਪਹਿਲ।ਬੇਪਤੀਆ, ਜੁਰਮਾਨੇ, ਜੇਲਾਂ।ਲੌਕ-ਡਾਊਨ ਕਦੇ ਦੋ ਵਜੇ ਤੱਕ,ਕਦੇ ਛੇ ਵਜੇ ਤੱਕ, ਕਦੇ ਰਾਤ ਦਾ ਕਰਫਿਊ,ਕਰੋਨਾ, ਜਿਵੇਂ ਹਾਕਮਾਂ ਦੀ ਰਿਜ਼ਰਵ ਬਟਾਲੀਅਨ ਹੋਵੇ? ਟੈਸਟਿੰਗ, ਧੱਕੇ ਨਾਲ।ਵੈਕਸੀਨੇਸ਼ਨ,ਘੇਰ ਘੇਰ। ਇਹ, ਹਾਕਮਾਂ ਵੱਲੋਂ ਲੇਟ ਕੱਢਣ ਦਾ ਵਿਖਾਵਾ ਵੀ, ਲੋਕਾਂ ਨਾਲ ਹੇਜ ਦਾ ਖੇਖਣ ਵੀ, ਬੀਮਾਰੀ ਦਾ ਦਹਿਲ ਵੀ, ਹਕੂਮਤ ਦਾ ਛੱਪਾ ਵੀ।
ਹਾਕਮੀ ਪ੍ਰਚਾਰ ਤੰਤਰ,ਡਰ ਫੈਲਾਉਂਦਾ ਧੂਤੂ। ਆਈਸੋਲੇਸ਼ਨ ਸੈਂਟਰ, ਇੱਕਲਾਪੇ ਦਾ ਭੂਤ ਬੰਗਲਾ, ਕੰਧਾਂ ਟੱਪ ਭੱਜਦੇ ਮਰੀਜ। ਮਰੀਜ਼ਾਂ ਤੇ ਮੌਤਾਂ ਦੇ ਵਧਦੇੇ ਅੰਕੜੇ,ਮੌਤ ਦਾ ਹਊਆ, ਹਾਹਾਕਾਰ। ਉਪਚਾਰ ਦੀ ਕਾਹਲੀ, ਲੰਮੀਆਂ ਲਾਈਨਾਂ, ਦਾਖਲੇ ਲਈ ਤਰਲੇ।
ਕਰੋਨਾ-ਜੀਵ, ਬੜਾ ਅਜੀਬ।ਖੁਦ ਬੀਮਾਰੀ, ਪ੍ਰਬੰਧ ਦਾ ਡਾਇਗਨੋਜ ਕਰ ਧਰਿਆ। ਆਪ ਦਿਖਦਾ ਨੀਂ, ਦਿਖਾਵੇ ਬਾਹਲਾ ਕੁਛ, ਹਾਕਮ ਦਾ ਤੇ ਸਿਹਤ ਸਿਸਟਮ ਦੀ ਪੋਲ। ਕੋਈ ਵਿੰਗ-ਵਲ ਨੀਂ। ਨਾ ਕੋਈ ਟੇਢ-ਮੇਢ।ਸਭ ਸਾਫ਼ ਸਾਫ਼।
* ਲੰਮੀਆਂ ਲਾਈਨਾਂ, ਰੋਣ, ਕਰਲੌਣ। ਇਹ, ਸਰਕਾਰੀ ਹਸਪਤਾਲ, ਬੇਹੱਦ ਮੰਦੇ ਹਾਲ। ਨਾ ਸਾਧਨ,ਨਾ ਸਮਾਨ। ਨਾ ਸਟਾਫ਼ ਤੇ ਨਾ ਸੰਭਾਲ। ਅੰਦਰ ਬਾਹਰ,ਮਰੀਜ਼ ਹਾਲੋਂ ਬੇਹਾਲ।ਐਂਬੂਲੈਂਸਾਂ ਹਾਕਮ ਨੇ ਘਰੇ ਡੱਕੀਆਂ, ਲੋਕੀਂ ਲਾਸ਼ਾਂ ਮੋਢੇ ਚੱਕੀਆਂ, ਰਹਿੰਦੀਆਂ ਢੋਹਵੇ ਗੰਗਾ।
* "ਬੈੱਡ ਖਾਲੀ ਨਹੀਂ" ਦਾ ਬੋਰਡ, ਹੇਠਾਂ ਫ਼ਿਕਰਾਂ ਮਾਰੀ ਭੀੜ। ਇਹ, ਪ੍ਰਾਈਵੇਟ ਹਸਪਤਾਲ, ਮਰੀਜ਼ ਤੋਂ ਪਹਿਲਾਂ ਵੇਖੇ ਮਾਲ। ਸਿਫਾਰਸ਼ੀ ਫੋਨ ਤੇ ਫੀਸ ਦੀ ਤਸੱਲੀ, ਬੋਰਡ ਪੁੱਠਾ, ਬੈੱਡ ਖਾਲੀ। ਟਰੀਟਮੈਂਟ ਤੋਂ ਪਹਿਲਾਂ, ਕੈਸ਼-ਕਾਊਂਟਰ।ਦਾਖਲੇ ਦੇ ਲੱਖਾਂ, ਰੋਜ ਦੇ ਹਜ਼ਾਰਾਂ। ਨਾਂ ਵੱਡੇ ਡਾਕਟਰ ਦਾ,ਟਰੀਟ ਕਰੇ ਠੇਕਾ ਮੁਲਾਜ਼ਮ। ਇਲਾਜ ! "ਉਪਰਲੇ" ਦੇ ਹੱਥ। " ਉੱਚੀ ਦੁਕਾਨ ਫੀਕਾ ਪਕਵਾਨ।"
* ਦੋ ਧੜੇ, ਆਹਮੋ ਸਾਹਮਣੇ। ਇੱਕ ਹਾਕਮਾਂ ਦਾ, ਇੱਕ ਲੋਕਾਂ ਦਾ, ਸਦਾ ਤੋਂ ਚਲਿਆ ਆਉਂਦਾ ਆਹਮੋ ਸਾਹਮਣਾ। ਕਰੋਨਾ ਦੌਰਾਨ ਵੀ, ਦੋ ਧੜੀਂ ਸਪੱਸ਼ਟ ਟਕਰਾਅ।ਹਾਕਮ ਦੀਆਂ ਤਰਜੀਹਾਂ, ਸਾਮਰਾਜੀ ਹਿਦਾਇਤਾਂ, ਕਾਰਪੋਰੇਟਾਂ ਦੇ ਹਿੱਤ। ਲੋਕਾਂ ਦੀਆਂ ਲੋੜਾਂ, ਰੋਟੀ, ਰੋਜ਼ੀ ਤੇ ਇਲਾਜ। ਬੇਰੁਜ਼ਗਾਰੀ ਤੇ ਭੁੱਖਮਰੀ ਲੋਕਾਂ ਦੇ ਜੀਅ ਦਾ ਜੰਜਾਲ, ਵੱਡੀਆਂ ਜੋਕਾਂ ਮਾਲੋ ਮਾਲ।
* ਲੋਕਾਂ ਲਈ ਜਾਨ ਦਾ ਖੌਅ, ਹਾਕਮਾਂ ਲਈ ਸੁਨਹਿਰੀ ਮੌਕਾ। ਇਧਰ ਲੋਕਾਂ ਵੇਹੜੇ ਬੀਮਾਰੀ, ਉਧਰ ਹਾਕਮ ਬਣੇ ਵਪਾਰੀ। ਕੇਂਦਰ ਦਾ ਵਿਦੇਸ਼ਾਂ ਨਾਲ, ਸੂਬੇ ਦਾ ਪ੍ਰਾਈਵੇਟ ਹਸਪਤਾਲਾਂ ਨਾਲ ਸੌਦਾ। ਖਬਰਾਂ, ਚਰਚਾਵਾਂ ਦਾ ਦਬਾਅ, ਸੂਬੇ ਦਾ ਸੌਦਾ ਵਾਪਸ। ਆਕਸੀਜਨ, ਦਵਾਈਆਂ ਦੀ ਕਾਲਾ ਬਾਜ਼ਾਰੀ। ਵਿਧਾਇਕਾਂ, ਸਾਂਸਦਾਂ ਤੇ ਸੈਲੀਬ੍ਰਿਟੀ ਦੀ ਹਿੱਸੇਦਾਰੀ। ਮੁਨਾਫ਼ਾ ਲੋਭੀਆਂ,ਖੁੱਲ ਕੇ ਲੁੱਟ ਮਚਾਈ। ਇਲਾਜ ਵਿਚ ਲੁੱਟ, ਬਾਜ਼ਾਰ ਵਿੱਚ ਲੁੱਟ। ਸਿਵਿਆਂ ਤੱਕ, ਲੁੱਟ। ਲੁੱਟ ਹੀ ਲੁੱਟ।
* ਹਾਕਮ, ਧੜੇ ਤੇ ਧੁਨ ਦਾ ਪੱਕਾ, ਲੋਕਾਂ ਨਾਲ ਹਰ ਪਲ ਧੱਕਾ। ਹਾਕਮ, ਖ਼ਜ਼ਾਨਾਂ ਵੰਡੇ ਜਾਂ ਨੌਕਰੀਆਂ,ਕੋਟੇ ਵੰਡੇ ਜਾਂ ਲਸੰਸ, ਮੁੜ ਮੁੜ ਆਪਣਿਆਂ ਨੂੰ। ਜੁਮਲੇਬਾਜ਼ ਹਾਕਮ, ਡਰਾਮੇਬਾਜ਼ ਵੀ। ਟੀ. ਵੀ. 'ਤੇ ਰੋਣੀ ਸੂਰਤ ਦਿਖਾਈ, ਉਥੇ ਵੀ ਸੰਗ ਨਾ ਆਈ। ਧੜਾ-ਪੱਖ ਸਿਰ ਨੂੰ ਚੜਿਆ, ਅਖੇ "ਕੁਝ ਆਪਣਿਆਂ ਦਾ ਦੁੱਖ ਹੈ"। ' ਕਪਤਾਨ ' ਟੀਮ ਛੱਡ ਭੱਜਿਆ। ਲੋਕਾਂ ਤੋਂ ਪਹਿਲਾਂ ਹੀ ਭੱਜਿਆ ਹੋਇਆ, ਫਾਰਮ-ਹਾਊਸ ਜਾ ਦੜਿਆ। ਹੁਣ ਉਥੇ ਹੀ ਖਿਚੜੀ ਰਿੰਨਦਾ, ਅਗਲੇ ਪੰਜ ਸਾਲ ਵਾਸਤੇ, ਗੱਦੀ ਹਥਿਆਉਣ ਲਈ। "ਕੋਈ ਮਰੇ ਕੋਈ ਜੀਵੇ,…...।" ਲੋਕ ਭੁੱਖ ਨਾਲ ਮਰਨ ਜਾਂ ਬੀਮਾਰੀ ਨਾਲ। ਦਵਾਈ ਦੀ ਤੋਟ ਕਰਕੇ ਮਰਨ ਜਾਂ ਆਕਸੀਜਨ ਦੀ ਥੁੜੋਂ ਕਰਕੇ। ਲਾਸ਼ਾਂ ਮੋਢਿਆਂ 'ਤੇ ਲਿਜਾਣ, ਸਿਵਿਆਂ ਵਿੱਚ ਰੁਲਣ ਜਾਂ ਢੋਹਵੇ ਗੰਗਾ।ਹਾਕਮ ਪੱਥਰ ਚਿੱਤ, ਨਾ ਅਫਸੋਸ, ਨਾ ਸੰਗਾਂ।
* ਦਸ ਨੰਬਰੀਏ ਬਦਮਾਸ਼ ਵਾਂਗੂੰ, ਨਿੱਜੀਕਰਨ ਦਾ ਦੈਂਤ, ਦਹਾੜੇ। ਸਰਕਾਰੀ ਸਿਹਤ ਸੇਵਾਵਾਂ, ਏਸੇ ਨੇ ਮਰੁੰਡੀਆਂ। ਰੱਜਦਾ ਅਜੇ ਵੀ ਨੀਂ। ਬਰਤਾਨੀਆਂ 'ਚ ਜਣਿਆ, ਨਹਿਰੂ ਦਾ ਲਾਡਲਾ। ਸਾਮਰਾਜੀਆਂ ਦਾ ਪਾਲਿਆ, ਸਾਰੀਆਂ ਹਕੂਮਤਾਂ ਦਾ ਥਾਪੜਾ। ਲੋਕਾਂ ਦੇ ਪੈਸੇ ਨਾਲ ਉਸਰੇ, ਪਬਲਿਕ ਸੈਕਟਰ ਨੂੰ ਨਿਗਲਦਾ, ਖੁੱਲਾਂ ਮਾਣਦਾ।
ਬੀਮਾਰੀ, ਬਣੀ ਮਹਾਂਮਾਰੀ। ਇਲਾਜ ਤੇ ਸੰਭਾਲ, ਨਾ ਹੋਇਆਂ ਬਰਾਬਰ।ਸਰਕਾਰੀ ਹਸਪਤਾਲ, ਮੰਦੇ ਹਾਲ। ਪ੍ਰਾਈਵੇਟਾਂ ਦੀ ਚਾਂਦੀ। ਡਾਕਟਰ ਤੇ ਸਟਾਫ਼ ਦੀ ਘਾਟ।ਦਵਾਈਆਂ, ਆਕਸੀਜਨ ਤੇ ਵੈਂਟੀਲੇਟਰ, ਸਭ ਦੀ ਤੋਟ ਅਤੇ ਕਾਲਾ ਬਾਜ਼ਾਰੀ।ਹਕੂਮਤਾਂ ਦਾ ਰਵੱਈਆ, ਨਿਰਦਈ। ਪੁਲਸੀਆ ਇਲਾਜ। ਲੌਕ ਡਾਊਨ ਤੇ ਕਰਫਿਊ ਦਾ ਕਹਿਰ। ਮਰੀਜ਼ ਰੁਲੇ, ਲਾਸ਼ਾਂ ਰੁਲੀਆਂ। ਇਸ ਸਭ ਦੀ ਵਜ੍ਹਾ:
* ਸ਼ੁਰੂ ਸਮੇਂ, ਜਨਵਰੀ ਵੀਹ ਸੌ ਵੀਹ, ਟੈਸਟਿੰਗ ਨਿੱਲ। ਟਰੰਪ ਨਮਸਤੇ ਲਈ ਇਕੱਠੀ ਕੀਤੀ ਭੀੜ । ਲੋਕ ਬਚਾਉਣ ਲਈ ਦਵਾਈ, ਗੰਭੀਰ ਯਤਨ ਨਹੀਂ।ਚੁਣਾਵੀ ਰੈਲੀਆਂ,ਬਿਨ ਮਾਸ਼ਕੋਂ ਤੇ ਬਿਨ ਦੂਰੀ। ਨਿੱਜੀਕਰਨ ਨੂੰ ਖੁੱਲ, ਵੱਡਾ ਹੱਲਾ।
* ਖ਼ਜ਼ਾਨੇ ਦੀ ਵਰਤੋਂ, ਇਲਾਜ ਲਈ ਨਹੀਂ, ਕਾਰਪੋਰੇਟਾਂ ਨੂੰ ਰਿਆਇਤਾਂ ਛੋਟਾਂ, ਵਜ਼ੀਰਾਂ ਸ਼ਮੀਰਾਂ ਦੇ ਅੰਨ੍ਹੇ ਖ਼ਰਚਿਆਂ ਲਈ।
* ਮਹਾਂ ਸ਼ਕਤੀ ਬਣਨ ਦੀ ਲਾਲਸਾ।ਪਤਾਲ ਤੋਂ ਪੁਲਾੜ ਤੱਕ ਫੌਜੀ ਤੇ ਪ੍ਰਮਾਣੂ ਮਸ਼ਕਾਂ। ਬਜਟ ਰਕਮਾਂ ਦਾ ਵੱਡਾ ਹਿੱਸਾ ਇਸ ਪਾਸੇ।ਦਰੱਖਤਾਂ ਦੀ ਕਟਾਈ, ਪਹਾੜਾਂ ਦੀ ਢੁਹਾਈ।ਨਹਿਰਾਂ ਨਦੀਆਂ ਵਿੱਚ ਪੈਂਦੀ, ਸੀਵਰ ਤੇ ਫੈਕਟਰੀਆਂ ਦੀ ਸੜਿਆਂਦ। ਆਬੋ ਹਵਾ, ਦੂਸ਼ਿਤ।ਖਾਣਾ ਪੀਣਾ ਜ਼ਹਿਰੀ।ਗਲਿਆ ਸੜਿਆ ਵਾਤਾਵਰਣ।
* ਰਾਜ-ਪ੍ਰਬੰਧ ਦਾ ਟੀਰ। ਵਸੀਲਿਆਂ ਦੀ ਕਾਣੀ ਵੰਡ। ਵਸੀਲੇ, ਰਾਜ-ਮਾਲਕੀ ਦਾ ਆਧਾਰ। ਬਹੁਤੇ ਵਸੀਲਿਆਂ ਵਾਲੇ ਪਕੌੜੇਵੱਡਿਆਂ ਲਈ ਵੱਡੇ ਹਸਪਤਾਲ, ਵੱਡੇ ਇਲਾਜ। ਲੋਕਾਂ ਲਈ ਖਾਲੀ ਤਾਲਾਬੰਦ ਇਕਲਾਪਾ ਸੈਂਟਰ।
* ਹਿਦਾਇਤਾਂ ਕਰਕੇ ਨੀਤੀਆਂ ਕਾਨੂੰਨ ਬਣਵਾਉਂਦੇ ਸਾਮਰਾਜੀਏ। ਨਿੱਜੀਕਰਨ ਦਾ ਦੈਂਤ।
ਇਹ ਸੀਨ ਬਦਲ ਸਕਦੇ ਆ।ਸਰਕਾਰੀ ਸਿਹਤ ਸੰਭਾਲ ਸਿਸਟਮ ਮਜ਼ਬੂਤ ਕਰਕੇ। ਡਾਕਟਰਾਂ ਤੇ ਸਟਾਫ ਦੀ ਹੋਰ ਭਰਤੀ ਕਰਕੇ।ਸਮਾਨ ਤੇ ਸਾਧਨ ਪੂਰੇ ਕਰਕੇ। ਬਜਟ ਰਕਮਾਂ ਵਧਾ ਕੇ। ਸਰਕਾਰੀ ਸਿਹਤ ਸੰਭਾਲ ਸਿਸਟਮ ਦੀ ਮਜ਼ਬੂਤੀ ਲਈ ਵੱਡੀਆਂ ਜੋਕਾਂ 'ਤੇ ਟੈਕਸ ਲਾ ਕੇ। ਵਾਤਾਵਰਣ ਨੂੰ ਸਵੱਛ ਬਣਾਕੇ।ਕਾਰਪੋਰੇਟੀ ਵਿਕਾਸ ਮਾਡਲ, ਰੱਦ ਕਰਕੇ। ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਰੱਦ ਕਰਕੇ। ਰਾਜ ਦੇ ਟੀਰ ਦਾ ਇਲਾਜ ਕਰਕੇ।
ਆਸ ਆ!ਇਹ ਸਭ ਹੋ ਸਕਦੈ। ਸ਼ਾਖਸ਼ਾਤ ਮਿਸਾਲ, ਕਿਸਾਨਾਂ ਦੀ ਪੰਚਾਇਤ ਬਣੀ, ਦਿੱਲੀ ਘੇਰੀ, ਵੱਡਿਆਂ ਦੇ ਕਾਰੋਬਾਰ ਰੋਕੇ, ਮਜ਼ਦੂਰਾਂ ਨਾਲ ਨੇੜਤਾ ਵਧਾਈ।ਰਸਤਾ ਤਾਂ ਇਹੀ ਆ।ਵਾਟ ਤੁਰਿਆਂ ਮੁੱਕਣੀ ਐ,ਤੁਰਨ ਲਈ ਕਦਮ ਉਠਾਉਣਾ ਪੈਣਾ।
ਜਗਮੇਲ ਸਿੰਘ ਸੰਪਰਕ:9417224822