ਚੰਡੀਗੜ੍ਹ, 12 ਮਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਉੱਘੇ ਕਲਾਕਾਰਾਂ ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਦਾ ਮਿਲੇਟਸ 'ਤੇ ਗਾਇਆ ਗੀਤ ਲਾਂਚ ਕੀਤਾ। ਇਹ ਗੀਤ ਰਿਲੀਜ਼ ਕਰਨਾ ਸਰਕਾਰ ਦੀ ਚੱਲ ਰਹੀ 'ਈਟ ਰਾਈਟ' ਮੁਹਿੰਮ ਦਾ ਹਿੱਸਾ ਸੀ, ਜੋ ਕਿ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਵੱਲੋਂ ਚਲਾਈ ਜਾ ਰਹੀ ਹੈ।
ਇੱਥੇ ਪੰਜਾਬ ਭਵਨ ਵਿਖੇ ਕਰਵਾਏ ਗੀਤ ਲਾਂਚ ਸਮਾਗਮ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਨੂੰ ਸਿਹਤਮੰਦ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਮਿਡ-ਡੇ-ਮੀਲ ਅਤੇ ਹਸਪਤਾਲ ਦੀਆਂ ਖੁਰਾਕਾਂ ਵਿੱਚ ਮਿਲੇਟਸ (ਮੋਟਾ ਅਨਾਜ ਜਿਵੇਂ ਬਾਜਰਾ, ਜਵਾਰ, ਕੰਗਨੀ, ਕੋਦਰਾ) ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਦਿੱਤਾ।