-ਸੁਰਜੀਤ ਜੱਸਲ-
ਨਾਮੀਂ ਗਾਇਕ ਬਲਕਾਰ ਸਿੱਧੂ ਦੇ ਚਰਚਿਤ ਗੀਤ ‘ ਮਾਝੇ ਦੀਏ ਮੋਮਬੱਤੀਏ.... ’ ਦੇ ਨਾਂ ਨਾਲ ਹੁਣ ਇੱਕ ਪੰਜਾਬੀ ਫ਼ਿਲਮ ਵੀ ਬਣ ਰਹੀ ਹੈ ਜੋ ਇਸ ਗੀਤ ਵਾਂਗ ਪੰਜਾਬੀ ਸਿਨਮੇ ਨੂੰ ਇੱਕ ਨਵਾਂ ਚਾਨਣ ਦਿੰਦੀ ਹੋਈ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਨਿਰਮਾਤਾ ਸਾਂਬੀ ਸਾਂਝ ਤੇ ਨਿਰਦੇਸ਼ਕ ਰਣਜੀਤ ਸਿੰਘ ਬੱਲ ਦੀ ਵੱਡੇ ਬਜਟ ਅਤੇ ਵੱਡੀ ਸਟਾਰਕਾਸਟ ਵਾਲੀ ਇਹ ਫ਼ਿਲਮ ਤਰਨੀਕ ਪੱਖੋਂ ਵੀ ਇੱਕ ਬੇਹਤਰੀਨ ਫ਼ਿਲਮ ਹੋਵੇਗੀ। (MOREPIC1) ਰਣਜੀਤ ਸਿੰਘ ਬੱਲ ਪੰਜਾਬੀ ਸਿਨਮੇ ਦਾ ਇਕ ਨਾਮੀਂ ਨਿਰਦੇਸ਼ਕ ਹੈ ਜਿਸਨੇ ਹਾਲੀਵੁੱਡ ਸਿਨਮਾ ਤਕਨੀਕ ਦਾ ਬਹੁਤ ਬਾਰੀਕੀ ਨਾਲ ਅਧਿਐਨ ਕਰਦਿਆਂ ਪੰਜਾਬੀ ਸਿਨਮੇ ਦਾ ਮੁਹਾਂਦਰਾਂ ਨਿਖਾਰਣ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਬੜੀ ਮੇਹਨਤ ਅਤੇ ਲਗਨ ਨਾਲ ਇਸ ਫ਼ਿਲਮ ਦੀ ਕਹਾਣੀ ਤੇ ਸਟਾਰ ਕਾਸਟ ਦੀ ਚੋਣ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਸ ਮਾਝੇ ਦੀ ਮੋਮਬੱਤੀ ਦੀ ਨਾਇਕਾ ਸ਼ਰਨ ਕੌਰ ਹੋਵੇਗੀ ਜੋ ਆਪਣੀਆਂ ਦਿਲਕਸ਼ ਅਦਾਵਾਂ ਅਤੇ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਮਨੋਰੰਜਨ ਭਰੇ ਚਾਨਣ ਦਾ ਸਿੱਟਾ ਦੇਵੇਗੀ। ਸ਼ਰਨ ਕੌਰ ਦੀ ਅਦਾਕਾਰੀ ਤੋਂ ਦਰਸ਼ਕ ਭਲੀ ਭਾਂਤ ਵਾਕਿਫ਼ ਹਨ ਕਿਊਂਕਿ ਦਰਸ਼ਕ ਉਸਨੂੰ ਪਹਿਲਾਂ ਰੌਸ਼ਨ ਪ੍ਰਿੰਸ਼ ਨਾਲ ‘ਮੁੰਡਾ ਫ਼ਰੀਦਕੋਟੀਆ’ ਅਤੇ ਜਿੰਮੀ ਸ਼ੇਰਗਿੱਲ ਨਾਲ ‘ਸ਼ਰੀਕ 2’ ਵਿੱਚ ਵੇਖ ਚੁੱਕੇ ਹਨ। ਇਸ ਫ਼ਿਲਮ ਵਿੱਚ ਉਸਦਾ ਹੀਰੋ ਗਾਇਕ ਤੇ ਅਦਾਕਾਰ ਨਿੰਜਾ ਹੋਵੇਗਾ। ਸ਼ਰਨ ਕੌਰ ਤੇ ਨਿੰਜਾ ਦੀ ਜੋੜੀ ਨੂੰ ਇਕੱਠਿਆਂ ਪਰਦੇ ‘ਤੇ ਵੇਖਣ ਦੀ ਦਰਸ਼ਕਾਂ ਦੀ ਪੁਰਾਣੀ ਇੱਛਾ ਸੀ ਜੋ ਹੁਣ ਇਸ ਫ਼ਿਲਮ ਨਾਲ ਪੂਰੀ ਹੋਵੇਗੀ। ਫ਼ਿਲਮ ਦੇ ਨਿਰਮਾਤਾ ਸਾਂਬੀ ਸਾਂਝ ਦਾ ਕਹਿਣਾ ਹੈ ਕਿ ਫੋਕ ਸਟੂਡੀਓਜ਼ ਅਤੇ ਲੰਡਨ ਆਈ ਫ਼ਿਲਮ ਸਟੂਡੀਓ ਲਿਮਟਿਡ ਦੀ ਪੇਸ਼ਕਸ਼ ਇਹ ਫ਼ਿਲਮ ਇੱਕ ਰੁਮਾਂਟਿਕ ਤੇ ਸੰਗੀਤਕ ਫ਼ਿਲਮ ਹੈ ਜੋ ਬਿਲਕੁਲ ਨਵੀਂ ਕਹਾਣੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਇਸ ਫ਼ਿਲਮ ਪੰਜਾਬ ਅਤੇ ਪਰਵਾਸ ਦੇ ਜੀਵਨ ਨਾਲ ਜੁੜੀ ਹੋਈ ਹੈ, ਜਿਸ ਕਰਕੇ ਇਸ ਦੀ ਸੂਟਿੰਗ ਪੰਜਾਬ ਅਤੇ ਇੰਗਲੈਂਡ ਦੀਆਂ ਖੂਬਸੁਰਤ, ਮਨਮੋਹਕ ਲੁਕੇਸ਼ਨਾਂ ‘ਤੇ ਕੀਤੀ ਜਾਵੇਗੀ। ਵੱਡੇ ਬਜਟ ਦੀ ਲਾਗਤ ਨਾਲ ਬਣਨ ਵਾਲੀ ਇਹ ਫ਼ਿਲਮ ਪੰਜਾਬੀ ਸਿਨਮਾ ਲਈ ਮੀਲ ਪੱਧਰ ਸਾਬਤ ਹੋਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ‘ ਗ੍ਰੇਟ ਸਰਦਾਰ’ ਫ਼ਿਲਮ ਨਾਲ ਚਰਚਾ ਵਿੱਚ ਆਏ ਰਣਜੀਤ ਸਿੰਘ ਬੱਲ ਹਨ। ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਬੱਲ ਅਤੇ ਨਿੰਜਾ ਇਸ ਤੋਂ ਪਹਿਲਾਂ ਪੰਜਾਬੀ ਫ਼ੀਚਰ ਫ਼ਿਲਮ ‘ ਧੱਕਾ ਨਾ ਕਰੋ ’ ਲਈ ਵੀ ਇੱਕਠੇ ਕੰਮ ਕਰ ਚੁੱਕੇ ਹਨ ਜਿਸ ਦੀ ਬਹੁਤ ਸਲਾਘਾਂ ਹੋਈ। ਯਕੀਨਣ ‘ਮਾਝੇ ਦੀ ਮੋਮਬੱਤੀ’ ਵੀ ਸੁਪਰ ਹਿੱਟ ਹੋਵੇਗੀ। ਰਣਜੀਤ ਸਿੰਘ ਬੱਲ ਨੇ ਬੀਤੇ ਦਿਨੀਂ ਆਪਣੀ ਇੱਕ ਹੋਰ ਪੰਜਾਬੀ ਫ਼ਿਲਮ ‘ ਅਕਲ ਦੇ ਅੰਨ੍ਹੇ ’ ਵੀ ਮੁਕੰਮਲ ਕੀਤੀ ਹੈ।
ਨਿੰਜਾ ਬਾਰੇ ਗੱਲ ਕਰੀਏ ਤਾਂ ਉਸਦਾ ਅਸਲ ਨਾਂ ਅਮਿਤ ਭੱਲਾ ਹੈ ਤੇ ਪੰਜਾਬੀ ਗਾਇਕੀ ਤੋਂ ਫ਼ਿਲਮਾਂ ਵੱਲ ਆਇਆ ਹੈ। ਉਸਦੀਆਂ ਅਨੇਕਾਂ ਸੰਗੀਤਕ ਐਲਬਮਾਂ ਦਰਸ਼ਕਾਂ ਦੀਆਂ ਪਸੰਦ ਬਣੀਆਂ ਹਨ। ਪੰਜਾਬੀ ਫ਼ਿਲਮ ਚੰਨਾ ਮੇਰਿਆ ਨਾਲ ਨਿੰਜਾ ਨੇ ਪੰਜਾਬੀ ਸਿਨੇਮੇ ਦੇ ਵਿਹੜੇ ਦਸਤਕ ਦਿੱਤੀ। ਫ਼ਿਲਮ ‘ ਅੜਬ ਮੁਟਿਆਰਾਂ ’ ਵਿੱਚਵੀ ਉਸਦਾ ਕੰਮ ਕਾਬਲੇ ਗੌਰ ਰਿਹਾ। ਇਸ ਨਵੀਂ ਫ਼ਿਲਮ ਨੂੰ ਲੈ ਕੇ ਨਿੰਜਾ ਬੇਹੱਦ ਉਤਸਾਹਿਤ ਹੈ। ਹੋਵੇ ਵੀ ਕਿਊ ਨਾਂ....ਇੱਕ ਤਾਂ ਦਰਸ਼ਕ ਨਿੰਜਾ ਤੇ ਸ਼ਰਨ ਕੌਰ ਦੀ ਰੁਮਾਂਟਿਕ ਜੋੜੀ ਨੂੰ ਵੇਖਣਾ ਪਸੰਦ ਕਰਦੇ ਹਨ, ਦੂਜਾ ਇਸ ਫ਼ਿਲਮ ਦੀ ਕਹਾਣੀ, ਸੰਗੀਤ ਅਤੇ ਨਿਰਦੇਸ਼ਨ ਸਮੇਤ ਸਾਰਾ ਹੀ ਕੰਮ ਉੱਚ ਤਕਨੀਕ ਨਾਲ ਹੋ ਰਿਹਾ ਹੈ। ਜਿਸ ਤੋਂ ਆਸ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਪੰਜਾਬੀ ਸਿਨਮਾ ਦੀ ਮੀਲ ਪੱਥਰ ਸਾਬਤ ਹੋਵੇਗੀ।
ਸੰਪਰਕ: 9814607737