ਸੁਰਜੀਤ ਜੱਸਲ
ਪੰਜਾਬੀ-ਹਿੰਦੀ ਸਿਨਮੇ ਦੀ ਨਾਮੀਂ ਅਭਿਨੇਤਰੀ ਉਪਾਸਨਾ ਸਿੰਘ ਅੱਜਕਲ ਅਦਾਕਾਰੀ ਦੇ ਨਾਲ ਨਾਲ ਫ਼ਿਲਮ ਨਿਰਦੇਸ਼ਨ ਦੇ ਵੱਲ ਵੀ ਆਈ ਹੈ। ਬਤੌਰ ਨਿਰਦੇਸ਼ਿਕਾ ਉਸਦੀ ਪਹਿਲੀ ਫ਼ਿਲਮ ‘ ਯਾਰਾਂ ਦੀਆਂ ਪੌਂਅ ਬਾਰਾਂ’ ਬਹੁਤ ਜਲਦ ਪੰਜਾਬੀ ਦਰਸ਼ਕਾਂ ਦੀ ਨਜ਼ਰ ਹੋਵੇਗੀ। ਇਸ ਫ਼ਿਲਮ ਦੀ ਖਾਸ਼ੀਅਤ ਇਹ ਹੈ ਕਿ ਇਸ ਫ਼ਿਲਮ ਦਾ ਹੀਰੋ ਉਪਾਸਨਾ ਸਿੰਘ ਦਾ ਬੇਟਾ ਨਾਨਕ ਸਿੰਘ ਹੈ। ਨਾਨਕ ਪਿਛਲੇ ਕਈ ਸਾਲਾਂ ਤੋਂ ਕਲਾ ਦੇ ਖੇਤਰ ਵਿੱਚ ਸਰਗਰਮ ਹੈ। ਪਿਛਲੇ ਸਾਲ ਉਸਦੀ ਦੇਵ ਖਰੋੜ ਨਾਲ ਵੀ ਇਕ ਫ਼ਿਲਮ ‘ ਬਾਈ ਜੀ ਕੁੱਟਣਗੇ ’ ਆਈ ਸੀ। ਉਪਾਸਨਾ ਦੀ ਜਿੰਦਗੀ ਭਰ ਦੀ ਮੇਹਨਤ ਇਸ ਫ਼ਿਲਮ ‘ਚੋਂ ਨਜ਼ਰ ਆਵੇਗੀ। ਇਸ ਫ਼ਿਲਮ ਵਿੱਚ ਅਦਾਕਾਰੀ ਦੇ ਨਾਲ ਨਾਲ ਦਰਸ਼ਕ ਉਸਦੀ ਨਿਰਦੇਸ਼ਨ ਤਕਨੀਕ ਦਾ ਵੀ ਤਜੱਰਬਾ ਵੇਖਣਗੇ। ਜ਼ਿਕਰਯੋਗ ਹੈ ਕਿ ਉਪਾਸਨਾ ਨੇ ਹੀਰੋਇਨ ਵਾਲੇ ਕਿਰਦਾਰ ਵੀ ਕੀਤੇ ਹਨ ਤੇ ਕਾਮੇਡੀ ਵਾਲੇ ਵੀ। ਉਸਨੇ ਆਪਣੀ ਅਦਾਕਾਰੀ ਸਦਕਾ ਹਰ ਕਿਰਦਾਰ ਵਿੱਚ ਜਾਨ ਪਾਈ ਹੈ। ਉਸਦੀ ਇਹ ਫ਼ਿਲਮ ਵੀ ਕਾਮੇਡੀ ਅਤੇ ਰੁਮਾਂਸ ਦਾ ਅਨੋਖਾ ਸੰਗਮ ਹੈ। ਇਸ ਤਿਕੋਣੇ ਪਿਆਰ ਵਾਲੀ ਕਹਾਣੀ ਵਿੱਚ ਨਾਨਕ ਸਿੰਘ ਹੀਰੋ ਹੈ ਤੇ ਮਿਸ ਯੂਨੀਵਰਸ ਜੇਤੂ ਹਰਨਾਜ਼ ਕੌਰ ਸੰਧੂ ਹੀਰੋਇਨ ਵਜੋਂ ਨਜ਼ਰ ਆਵੇਗੀ। ਇਸ ਦੇ ਨਾਲ ਹੀ ਸਵੇਤਾ ਸ਼ਰਮਾ ਵੀ ਆਪਣੇ ਇੱਕ ਖ਼ਾਸ ਕਿਰਦਾਰ ਵਿੱਚ ਹੋਵੇਗੀ। ਇਹ ਫ਼ਿਲਮ ਕਾਮੇਡੀ ਭਰਪੂਰ ਲਵ ਸਟੋਰੀ ਹੈ ਜੋ ਦਰਸ਼ਕਾਂ ਦਾ ਖੂਬ ਭਰਪੂਰ ਮਨੋਰੰਜਨ ਕਰੇਗੀ।
‘ਨਾਨਕ ਸਿੰਘ ਨੇ ਦੱਸਿਆ ਕਿ ਫ਼ਿਲਮਾਂ ਵੱਲ ਆਉਣਾ ਉਸ ਲਈ ਸੁਭਾਵਕ ਹੀ ਸੀ ਕਿਊਂਕਿ ਉਸਦਾ ਜਨਮ ਤੇ ਪਰਵਿਰਸ ਹੀ ਕਲਾ ਦੇ ਮਾਹੌਲ ਵਿੱਚ ਹੋਈ। ਮਾਤਾ ਉਪਾਸਨਾ ਸਿੰਘ ਤੋਂ ਉਹ ਹਮੇਸ਼ਾ ਹੀ ਸਿੱਖਦਾ ਰਿਹਾ ਹੈ। ਪਹਿਲੀ ਫ਼ਿਲਮ ‘ ਬਾਈ ਜੀ ਕੁੱਟਣਗੇ’ ਬਾਰੇ ਉਸਨੇ ਦੱਸਿਆ ਕਿ ਬਾਕੀ ਕਲਾਕਾਰਾਂ ਵਾਂਗ ਉਸਦਾ ਵੀ ਪਹਿਲਾ ਸਕਰੀਨ ਟੈਸਟ ਹੋਇਆ। ਉਸਦੀ ਅਦਾਕਾਰੀ ਨੂੰ ਸਮੀਪ ਕੰਗ ਜਿਹੇ ਕਲਾ ਪਾਰਖੂਆਂ ਦੀ ਨਜ਼ਰ ਨੇ ਤੋਲਿਆ ਹੈ। ਉਸਨੇ ਅਦਾਕਾਰੀ ਬਾਰੀਕੀਆਂ ਸਿੱਖਣ ਲਈ ਮੁਬੰਈ ਦੇ ਵੱਡੇ ਐਕਟਿੰਗ ਸਕੂਲਾਂ ਤੋਂ ਕਲਾਸਾਂ ਲਈਆਂ।
ਨਾਨਕ ਦਾ ਕਹਿਣਾ ਹੈ ਕਿ ਫ਼ਿਲਮ ‘ਯਾਰਾਂ ਦੀਆਂ ਪੌਂਅ ਬਾਰਾਂ’ ਇੱਕ ਤਿਕੋਣੇ ਪਿਆਰ ਦੀ ਕਹਾਣੀ ਹੈ ਜਿਸ ਵਿੱਚ ਕਈ ਦਿਲਚਸਪ ਮੋੜ ਹਨ ਜੋ ਦਰਸ਼ਕਾਂ ਵਿੱਚ ਖਿੱਚ ਬਣਾ ਕੇ ਰੱਖਣਗੇ। ਇਸ ਫ਼ਿਲਮ ਦੀ ਕਹਾਣੀ ਆਮ ਫ਼ਿਲਮਾਂ ਤੋਂ ਬਹੁਤ ਹਟਕੇ ਹੋਵੇਗੀ। ਇਸ ਵਿੱਚ ਰੁਮਾਂਸ ਦੇ ਨਾਲ ਨਾਲ ਜਸਵਿੰਦਰ ਭੱਲਾ ਦੀ ਕਾਮੇਡੀ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ। ਫ਼ਿਲਮ ਦੀ ਕਹਾਣੀ ਦੋ ਪਿਆਰ ਕਰਨ ਵਾਲੇ ਜਵਾਨ ਦਿਲਾਂ ਦੀ ਹੈ ਜਿੰਨ੍ਹਾਂ ਦੇ ਮਾਪੇ ਆਪਸ ਵਿੱਚ ਇੱਕ ਦੂਜੇ ਦੇ ਦੁਸ਼ਮਣ ਹਨ। ਦੋਵਾਂ ਨੂੰ ਆਪਣੇ ਆਪਣੇ ਰੁਤਬੇ ਦਾ ਹੰਕਾਰ ਹੈ। ਉਹ ਆਪਣੇ ਬੱਚਿਆ ਲਈ ਇੱਕ ਦੂਜੇ ਅੱਗੇ ਝੁਕਣਾ ਆਪਣੀ ਹਾਰ ਸਮਝਦੇ ਹਨ। ਇਸੇ ਜਿੱਦ ਕਰਕੇ ਹੀਰੋ ਹੀਰੋਇਨ ਦਾ ਪਿਆਰ ਸਿਰੇ ਨਹੀਂ ਚੜ੍ਹ ਰਿਹਾ। ਪਰ ਇੰਨ੍ਹਾਂ ਦੀ ਇੱਕ ਕਮਜੋਰੀ ਹੈ ਜੋ ਇੰਨ੍ਹਾਂ ਦੇ ਬੱਚੇ ਜਾਣਦੇ ਹਨ। ਇੱਕ ਸਕੀਮ ਨਾਲ ਇਹ ਬੱਚੇ ਇੰਨ੍ਹਾਂ ਦੀ ਜਿੱਦ ਨੂੰ ਆਪਣੀ ਜਿੱਤ ਵਿਚ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਕੀ ਇਹ ਬੱਚੇ ਆਪਣੇ ਮਕਸਦ ਵਿੱਚ ਕਾਮਯਾਬ ਹੋ ਸਕਦੇ ਹਨ? ਕੀ ਇੰਨ੍ਹਾਂ ਦਾ ਪਿਆਰ ਪ੍ਰਵਾਨ ਚੜ੍ਹ ਸਕੇਗਾ? ਇਹ ਸੱਭ 30 ਮਾਰਚ ਨੂੰ ਪੰਜਾਬੀ ਸਿਨੇਮਿਆਂ ‘ਚ ਹੀ ਪਤਾ ਲੱਗੇਗਾ। ਨਾਨਕ ਸਿੰਘ ਨੂੰ ਆਪਣੀ ਇਸ ਫ਼ਿਲਮ ਤੋਂ ਬਹੁਤ ਉਮੀਦਾ ਹਨ।
ਸੰਤੋਸ਼ ਇੰਟਰਟੇਨਮੈਂਟ ਸਟੂਡੀਓ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਨਾਨਕ ਸਿੰਘ, ਉਪਾਸਨਾ ਸਿੰਘ, ਹਰਨਾਜ਼ ਕੌਰ ਸੰਧੂ, ਸਵਾਤੀ ਸ਼ਰਮਾ,ਜਸਵਿੰਦਰ ਭੱਲਾ,ਸਵਿੰਦਰ ਮਾਹਲ, ਗੋਪੀ ਭੱਲਾ, ਹਾਰਬੀ ਸੰਘਾ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਗੀਤ ਸੰਗੀਤ ਦੀ ਗੱਲ ਕਰੀਏ ਤਾਂ ਗੁਰਮੀਤ ਸਿੰਘ ਅਤੇ ਜੇ ਕੇ ਦੇ ਸੰਗੀਤ ਵਿੱਚ ਗਿੱਪੀ ਗਰੇਵਾਲ,ਰਣਜੀਤ ਬਾਵਾ,ਨਿੰਜਾ, ਰੌਸ਼ਨ ਪ੍ਰਿੰਸ਼, ਮੰਨਤ ਨੂਰ, ਨਛੱਤਰ ਗਿੱਲ, ਕਮਲ ਖਾਂ ਅਤੇ ਅਰਵਿੰਦਰ ਸਿੰਘ ਨੇ ਪਲੇਅ ਬੈਕ ਗਾਇਆ ਹੈ। ਇਸ ਫ਼ਿਲਮ ਦੇ ਗੀਤ ਹੈਪੀ ਰਾਏਕੋਟੀ ਨੇ ਲਿਖੇ ਹਨ। ਜ਼ਿਕਰਯੋਗ ਹੈ ਕਿ ਇਹ ਫ਼ਿਲਮ ਅੱਜ ਦੇ ਨੌਜਵਾਨ ਦਿਲਾਂ ਦੀ ਕਾਲਜ ਦਿਨਾਂ ਦੀਆਂ ਹੁਸੀਨ ਯਾਦਾਂ ਨੂੰ ਤਾਜ਼ਾ ਕਰਵਾਏਗੀ।