-ਸੁਰਜੀਤ ਜੱਸਲ-
ਉਪਾਸਨਾ ਸਿੰਘ ਪੰਜਾਬੀ ਦਰਸ਼ਕਾਂ ਦੀ ਚਹੇਤੀ ਅਦਾਕਾਰਾ ਰਹੀ ਹੈ। ਅੱਸੀ-ਨੱਬੇ ਦੇ ਦਹਾਕੇ ਵਿੱਚ ਉਸਨੇ ਪੰਜਾਬੀ ਤੇ ਹਿੰਦੀ ਸਿਨਮੇ ਤੇ ਰਾਜ ਕੀਤਾ। ਪੰਜਾਬੀ ਸਿਨਮੇ ਦੇ ਮੁੜ ਸੁਰਜੀਤ ਹੁੰਦਿਆਂ ਉਸਨੇ ਆਪਣੀ ਦੂਜੀ ਸ਼ਾਨਦਾਰ ਪਾਰੀ ਨੂੰ ਅੱਗੇ ਤੋਰਿਆ ਹੈ। ਉਪਾਸਨਾ ਨੇ ਨਾਇਕਾ ਤੋਂ ਲੈ ਕੇ ਪਰਿਵਾਰਕ ਕਾਮੇਡੀ ਵਾਲੇ ਹਰ ਤਰ੍ਹਾਂ ਦੇ ਕਿਰਦਾਰਾਂ ਨੂੰ ਨਿਭਾਇਆ ਹੈ।(MOREPIC1) ਜ਼ਿਕਰਯੋਗ ਹੈ ਕਿ ਅੱਜਕਲ ਉਪਾਸਨਾ ਸਿੰਘ ਆਪਣੇ ਬੇਟੇ ਨਾਨਕ ਸਿੰਘ ਨੂੰ ਪੰਜਾਬੀ ਦਰਸ਼ਕਾਂ ਦੇ ਰੂਬਰੂ ਕਰ ਰਹੀ ਹੈ। ਪਿਛਲੇ ਸਾਲ ਨਾਨਕ ਸਿੰਘ ਦੀ ਪਹਿਲੀ ਫ਼ਿਲਮ ‘ ਬਾਈ ਜੀ ਕੁੱਟਣਗੇ’ ਆਈ ਸੀ ਜਿਸ ਨੂੰ ਦਰਸ਼ਕਾਂ ਦਾ ਚੰਗਾ ਪਿਆਰ ਮਿਲਿਆ। ਸੁਮੀਤ ਕੰਗ ਦੀ ਨਿਰਦੇਸ਼ਨਾਂ ਹੇਠ ਬਣੀ ਇਸ ਫ਼ਿਲਮ ਵਿੱਚ ਦੇਵ ਖਰੋੜ ਦਾ ਵੀ ਚੰਗਾ ਕਿਰਦਾਰ ਸੀ ਪਰ ਗਾਇਕ ਸਿੱਧੂ ਮੂਸੇ ਵਾਲੇ ਦੇ ਅਚਾਨਕ ਕਤਲ ਕਰਕੇ ਪੈਦੇ ਹੋਏ ਹਾਲਾਤਾਂ ਨੇ ਪੰਜਾਬੀ ਦਰਸ਼ਕਾਂ ਨੂੰ ਇਸ ਫ਼ਿਲਮ ਤੋਂ ਦੂਰ ਰੱਖਿਆ। ਹੁਣ ਉਪਾਸਨਾ ਸਿੰਘ ਇੱਕ ਹੋਰ ਪੰਜਾਬੀ ਫ਼ਿਲਮ ‘ ਯਾਰਾਂ ਦੀਆਂ ਪੌਂਅ ਬਾਰਾਂ’ ਲੈ ਕੇ ਆ ਰਹੀ ਹੈ, ਜਿਸ ਵਿੱਚ ਹੀਰੋ ਨਾਨਕ ਸਿੰਘ ਦੇ ਨਾਲ ਹਰਨਾਜ਼ ਕੌਰ ਸੰਧੂ ਨਜ਼ਰ ਆਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਖੁਦ ਉਪਾਸਨਾ ਸਿੰਘ ਨੇ ਕੀਤਾ ਹੈ। ਬੀਤੇ ਦਿਨੀਂ ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ ਜਿਸਨੂੰ ਦਰਸ਼ਕਾਂ ਦਾ ਚੰਗਾ ਪਿਆਰ ਮਿਲ ਰਿਹਾ ਹੈ। ਜ਼ਿਕਰਯੌਗ ਹੈ ਕਿ ਇਹ ਫ਼ਿਲਮ ਪਿਆਰ ਮੁਹੱਬਤ ਦੇ ਵਿਸ਼ਿਆ ਅਧਾਰਤ ਕਾਮੇਡੀ ਭਰਪੂਰ ਪਰਿਵਾਰਕ ਡਰਾਮਾ ਹੈ। ਫ਼ਿਲਮ ਵਿੱਚ ਜਸਵਿੰਦਰ ਭੱਲਾ ਤੇ ਉਪਾਸਨਾ ਸਿੰਘ ਦਾ ਵੱਖਰਾ ਕਾਮੇਡੀ ਟਰੈਕ ਹੈ।
ਸੰਤੋਸ਼ ਇੰਟਰਟੇਨਮੈਂਟ ਸਟੂਡੀਓ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਨਾਨਕ ਸਿੰਘ, ਉਪਾਸਨਾ ਸਿੰਘ, ਹਰਨਾਜ਼ ਕੌਰ ਸੰਧੂ, ਸਵਾਤੀ ਸ਼ਰਮਾ,ਜਸਵਿੰਦਰ ਭੱਲਾ,ਸਵਿੰਦਰ ਮਾਹਲ, ਗੋਪੀ ਭੱਲਾ, ਹਾਰਬੀ ਸੰਘਾ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਗੀਤ ਸੰਗੀਤ ਦੀ ਗੱਲ ਕਰੀਏ ਤਾਂ ਗੁਰਮੀਤ ਸਿੰਘ ਅਤੇ ਜੇ ਕੇ ਦੇ ਸੰਗੀਤ ਵਿੱਚ ਗਿੱਪੀ ਗਰੇਵਾਲ,ਰਣਜੀਤ ਬਾਵਾ,ਨਿੰਜਾ, ਰੌਸ਼ਨ ਪ੍ਰਿੰਸ਼, ਮੰਨਤ ਨੂਰ, ਨਛੱਤਰ ਗਿੱਲ, ਕਮਲ ਖਾਂ ਅਤੇ ਅਰਵਿੰਦਰ ਸਿੰਘ ਨੇ ਪਲੇਅ ਬੈਕ ਗਾਇਆ ਹੈ। ਇਸ ਫ਼ਿਲਮ ਦੇ ਗੀਤ ਹੈਪੀ ਰਾਏਕੋਟੀ ਨੇ ਲਿਖੇ ਹਨ। ਫ਼ਿਲਮ ਦੀ ਲੇਖਿਕਾ ਤੇ ਨਿਰਦੇਸ਼ਕਾਂ ਉਪਾਸਨਾ ਸਿੰੰਘ ਹੈ। 30 ਮਾਰਚ ਨੂੰ ਇਹ ਫ਼ਿਲਮ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
-9814607737