ਘਰ ਵਿੱਚ ਪਿਛਲੇ ਕਈ ਸਾਲਾਂ ਤੋਂ ਪੱਕੀ ਲੱਗੀ ਅਖਬਾਰ ਕਾਰਨ ਅੱਜ ਘਰ ਵਿੱਚ ਹੰਗਾਮਾ ਖੜ੍ਹਾ ਹੋ ਗਿਆ। ਰੋਜ਼ਾਨਾ ਅਖਬਾਰਾਂ ਵਿੱਚ ਛੱਪੀਆਂ ਖਬਰਾਂ ਘਰ ਦੇ ਬੂਹੇ ਉਤੇ ਆ ਖੜ੍ਹਕਦੀਆਂ। ਜੇਕਰ ਕੋਈ ਬਾਕੀ ਬਚ ਜਾਂਦੀ ਤਾਂ ਸੋਸ਼ਲ ਮੀਡੀਆ ਦੇ ਰਾਹੀਂ ਘਰੇ ਆ ਵੜਦੀ। ਪਿਛਲੀਆਂ ਕਈ ਸਰਕਾਰਾਂ ਦੇ ਕਾਰਜਕਾਲ ਦੌਰਾਨ ਤੋਂ ਲੈ ਕੇ ਹੁਣ ਤੱਕ ਬੱਸ ਇਕ ਖਬਰ ਹੀ ਘਰ ਵਿੱਚ ਗੂੰਜਦੀ ਕੱਚਿਆਂ ਨੇ ਅੱਜ ਸੜਕਾਂ ਜਾਮ ਕਰ ਦਿੱਤੀਆਂ। ਕੱਚਿਆਂ ਨੇ ਅੱਜ ਮੰਤਰੀ ਦੀ ਰੈਲੀ ਵਿੱਚ ਖੱਲ੍ਹਲ ਪਾ ਦਿੱਤਾ। ਕੱਚਿਆਂ ਉਤੇ ਡਾਗਾਂ ਵਰ੍ਹੀਆਂ। ਪਰ ਸਮਝ ਨਾ ਆਇਆ ਆਹ ਕੱਚਿਆਂ ਵਾਲੀ ਕੀ ਕਹਾਣੀ ਹੋਈ। ਭਲਾਂ ਕੱਚਾ ਤਾਂ ਆਦਮੀ ਨੂੰ ਉਦੋਂ ਕੀਤਾ ਜਾਂਦਾ ਜਦੋਂ ਕਿਸੇ ਗੱਲ ਨੂੰ ਲੈ ਕੇ ਬੇਇਜ਼ਤੀ ਕਰ ਦਿੱਤੀ ਜਾਵੇ। ਅੱਜ ਘਰ ਵਾਲੀ ਵੀ ਇਸੇ ਗੱਲ ਨੂੰ ਲੈ ਕੇ ਹੰਗਾਮਾ ਕਰਨ ਲੱਗ ਪਈ ਵੀ ਤੂੰ ਵੀ ਮੇਰੇ ਨਾਲ ਕੱਚਿਆਂ ਵਾਲੀ ਕਰ ਰਿਹਾ। ਮੈਂ ਤਾਂ ਅੱਜ ਤੋਂ ਚੱਲੀਆ ਟੈਂਕੀ ਵੱਲ। ਹੌਲੀ ਹੌਲੀ ਠੰਡਾ ਕਰਕੇ ਗੱਲਬਾਤ ਉਤੇ ਲਿਆਂਦਾ। ਪੁੱਛਿਆ ਅਕਸਰ ਗੱਲ ਕੀ ਹੋਈ। ਹੁਬਕੀ ਹੁਬਕੀ ਰੋਣ ਲੱਗੀ। ਉਚੀ ਉਚੀ ਬੋਲਣ ਲੱਗੀ। ਤੂੰ ਵੀ ਮੇਰੇ ਨਾਲ ਇੰਝ ਹੀ ਕਰਦਾ ਜਿਵੇਂ ਸਰਕਾਰਾਂ ਕੱਚਿਆਂ ਨਾਲ ਕਰਦੀਆਂ ਨੇ। ਮੈਂ ਪੁੱਛਿਆ ਪਹਿਲਾਂ ਆਹ ਘਰ ਦੀਆਂ ਗੱਲਾਂ ਵਿੱਚ ਕੱਚਿਆਂ ਤੇ ਸਰਕਾਰਾਂ ਵਾਲਾ ਕੀ ਮਸਲਾ ਹੋਇਆ? ਬੱਸ ਐਨੀਂ ਹੀ ਕਹਿਣ ਦੀ ਦੇਰ ਸੀ ਕਿ ਹੋਰ ਵੀ ਅੱਗ ਦੇ ਭਾਂਬੜ ਵਾਂਗ ਭੜਕ ਉਠੀ। ਕਹਿਣ ਲੱਗੀ ਮਸਲਾ ਕਿਉਂ ਨਾ ਹੋਇਆ ਸਰਕਾਰਾਂ ਵਾਂਗ ਤੂੰ ਵੀ ਤਾਂ ਲਾਅਰੇਬਾਜ਼ ਹੈ। ਫਿਕਰਾਂ ਵਿੱਚ ਸੀ ਕਿ ਕਿਵੇਂ ਸ਼ਾਂਤ ਕਰਾਵਾਂ। ਘਰ ਦਾ ਮਸਲਾ ਵਿਗੜਦਿਆਂ ਦੇਖੇ ਐਨੇ ਨੂੰ ਭਰਾ ਭਰਜਾਈ ਨੇ ਦਸਤਕ ਦੇ ਦਿੱਤੀ, ਪੁੱਛਣ ਲੱਗੇ ਕੀ ਹੋਇਆ। ਅੱਗੋਂ ਉਨ੍ਹਾਂ ਨੂੰ ਵੀ ਭੜਕ ਕੇ ਪੈ ਗਈ, ਤੁਸੀਂ ਵੀ ਆ ਗਏ ਹੁਣ ਜਿਵੇਂ ਸੱਤਾ ਵਿਚੋਂ ਬਾਹਰ ਹੋਏ ਵਿਰੋਧੀ ਆਉਂਦੇ ਹਨ। ਭਰਾ ਭਰਜਾਈ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਸਮਝਾਉਣ ਲੱਗੇ, ਅੱਗੋਂ ਕਹਿੰਦੀ ਆਹੋ ਆਹੋ ਤੁਸੀਂ ਵੀ ਉਨ੍ਹਾਂ ਵਰਗੇ ਹੀ ਹੋ ਜਿੰਨਾਂ ਨੂੰ ਕੁਰਸੀ ਖੁਸਕਦਿਆਂ ਹੀ ਕੱਚੇ ਯਾਦ ਆ ਜਾਂਦੇ ਨੇ, ਹੁਣ ਥੋਨੂੰ ਵੀ ਕੋਈ ਕੰਮ ਹੋਣਾ। ਅਕਸਰ ਸ਼ਾਂਤ ਕਰਕੇ ਗੱਲਬਾਤ ਲਈ ਮੰਜੇ ਉਤੇ ਬੈਠਾਇਆ। ਹੌਲੀ ਹੌਲੀ ਗੱਲ ਸਮਝ ਵਿੱਚ ਆਈ ਕਿ ਇਹ ਤਾਂ ਮਸਲਾ ਕੋਈ ਉਲਝਿਆ ਲੱਗਦਾ। ਇਸ ਨੂੰ ਹੱਲ ਵੀ ਰਾਜਨੀਤੀਵਾਨਾਂ ਵਾਂਗ ਹੀ ਕਰਨਾ ਪੈਣਾ। ਮੈਂ ਉਸੇ ਤਰ੍ਹਾਂ ਹੀ ਕੀਤਾ, ਜਿਵੇਂ ਵੱਡੇ ਲੀਡਰ ਲੋਕਾਂ ਨੂੰ ਮਿਲਕੇ ਕਰਦੇ ਨੇ। ਇਕ ਦੋ ਸੈਲਫੀਆਂ ਖਿੱਚ ਕੇ ਫੇਸਬੁੱਕ ਤੇ ਟਵਿੱਟਰ ਉਤੇ ਪਾਈਆਂ। ਪਿਆਰ ਵਾਲੇ ਸ਼ੇਅਰ ਲਿਖੇ ਕਿਤੇ ਫਿਰ ਜਾ ਕੇ ਮਸਲਾ ਸ਼ਾਂਤ ਹੋਇਆ।
ਹੁਣ ਸੋਚਿਆ ਵੀ ਆਹ ਕਹਾਣੀ ਸਮਝ ਹੀ ਲਈ ਜਾਵੇ ਕੱਚਿਆ ਵਾਲਾ ਕੀ ਮਸਲਾ। ਸਹਿਜੇ ਸ਼ਾਂਤ ਸੁਭਾਅ ਬੋਲਣ ਲੱਗੀ ਹੋਰ ਮੈਂ ਪਿਛਲੇ ਕਿੰਨੇ ਸਾਲਾਂ ਤੋਂ ਕਹਿ ਰਹੀ ਹਾਂ ਕਿ ਮੈਨੂੰ ਕਿਤੇ ਪਹਾੜੀਆਂ ਉਤੇ ਘੁੰਮਾ ਲਿਆਓ। ਮੈਨੂੰ ਕੋਈ ਸੋਹਣਾ ਜਾ ਬੂਟੀਆ ਵਾਲਾ ਸੂਟ ਦਿਵਾ ਦਿਓ। ਹੋਰ ਨਹੀਂ ਤਾਂ ਹੋਰ ਸਮਾਂ ਕੱਢ ਕੇ ਸਿਨੇਮੇ ’ਚ ਫਿਲਮ ਵੀ ਦਿਖਾ ਲਿਆਓ, ਕਿੰਨੀਆਂ ਸੋਹਣੀਆਂ ਸੋਹਣੀਆਂ ਫਿਲਮਾਂ ਲੱਗ ਹਟ ਗਈਆਂ। ਪਰ ਤੁਹਾਡੇ ਕੰਨ ਉਤੇ ਜੂੰ ਨਾ ਸਰਕੀ। ਅੱਜ ਫਿਰ ਮਰਦੀ ਨੂੰ ਇਹ ਕਦਮ ਚੁੱਕਣਾ ਪਿਆ। ਮੈਂ ਕਿਹਾ ਇਹ ਤਾਂ ਚਲੋ ਸਮਝ ਗਿਆ, ਪਰ ਇਹ ਕੱਚਿਆਂ ਵਾਲੀ ਵਿੱਚ ਕੀ ਭਸੂੜੀ ਪਾਈ ਸੀ।
ਫਿਰ ਭਰੇ ਰੋਹਬ ਨਾਲ ਬੋਲੀ, ਇਸ ਨੂੰ ਤੂੰ ਭਸੂੜੀ ਦੱਸਦਾ। ਮੈਂ ਫਿਰ ਰਾਜਨੀਤਿਕ ਪੜ੍ਹੇ ਵਿਸ਼ੇ ਤੋਂ ਕੰਮ ਲਿਆ, ਸਿਰ ਨੀਵਾਂ ਕਰਕੇ ਗੱਲ ਸੁਣਨੀ ਸ਼ੁਰੂ ਕਰ ਦਿੱਤੀ। ਹੋਰ ਕੀ ਨਹੀਂ ਤੈਨੂੰ ਨੀ ਪਤਾ ਕਿੰਨੀਆਂ ਸਰਕਾਰਾਂ ਆਹ ਕੱਚਿਆਂ ਦੇ ਨਾਂ ਉਤੇ ਬਣਗੀਆਂ। ਮੈਂ ਅੱਛਾ ਕਹਿ ਚੁੱਪ ਹੋ ਗਿਆ। ਬੋਲਣ ਲੱਗੀ ਅਕਾਲੀ-ਭਾਜਪਾਈ, ਕਾਂਗਰਸੀ ਕੱਚਿਆਂ ਦੇ ਨਾਂ ਉਤੇ ਸਰਕਾਰਾਂ ਚਲਾ ਗਏ, ਤੂੰ ਪੰਜਾਬ ਵਿਚ ਰਹਿੰਦਾ ਹੋਇਆ ਵੀ ਸੁੱਤਾ। ਹੋਰ ਤਾਂ ਹੋਰ ਆਹ ਜਿਹੜਾ ਬਦਲਾਅ ਆਇਆ ਨਾ ਇਹ ਵੀ ਤਾਂ ਕੱਚਿਆਂ ਦੇ ਨਾਂ ’ਤੇ ਆਇਆ। ਮੈਂ ਕਿਹਾ ਇਹ ਮਸਲਾ ਕੀ ਹੋਇਆ, ਕੱਚਿਆਂ ਵਾਲਾ। ਫਿਰ ਕਹਿਣ ਲੱਗੀ ਓਏ ਮੇਰੇ ਬੁੱਧੂ ਪਤੀ। ਕੱਚੇ ਮੁਲਾਜ਼ਮਾਂ ਦੀ ਗੱਲ ਕਰਦੀ ਹਾਂ ਮੈਂ। ਜਿਹੜੇ ਪਿਛਲੇ ਕਈ ਦਹਾਕਿਆਂ ਤੋਂ ਸਰਕਾਰਾਂ ਦੀਆਂ ਡਾਗਾਂ ਖਾਂਦੇ ਆ ਰਹੇ ਨੇ। ਜਿਹੜੇ ਕਦੇ ਕਿਤੇ, ਕਦੇ ਕਿਤੇ ਪਾਣੀਆਂ ਵਾਲੀਆਂ ਟੈਂਕੀਆਂ ਉਤੇ ਚੜ੍ਹਦੇ ਆ ਰਹੇ ਨੇ। ਪੰਜਾਬ ਦੀਆਂ ਸਰਕਾਰਾਂ ਹਮੇਸ਼ਾਂ ਹੀ ਵਿਚਾਰਿਆਂ ਨੂੰ ਲਾਰੇ ਲਾਉਂਦੀਆਂ ਆਈਆਂ। ਹੋਰ ਤਾਂ ਹੋਰ ਕਈ ਸਰਕਾਰਾਂ ਨੇ ਤਾਂ ਆਪਣੇ ਇਸ਼ਤਿਹਾਰ ਵੀ ਲਗਾ ਦਿੱਤੇ ਵੀ ਅਸੀਂ ਕੱਚੇ ਮੁਲਾਜ਼ਮ ਪੱਕੇ ਕਰ ਦਿੱਤਾ, ਪਰ ਅਜੇ ਤੱਕ ਨਾ ਹੋਏ। ਬਸ ਕੱਚੇ ਮੁਲਾਜ਼ਮ ਵੀ ਉਸੇ ਤਰ੍ਹਾਂ ਹੀ ਪੱਕੇ ਹੋਏ ਨੇ ਜਿਵੇਂ ਤੂੰ ਖੁਆਬਾ ਵਿੱਚ ਮੈਨੂੰ ਕਦੇ ਮਨਾਲੀ, ਕਦੇ ਕਸ਼ਮੀਰ ਘੁੰਮਾ ਕੇ ਲਿਆਉਂਦਾ।
ਮੈਂ ਚੁੱਪ ਹੋਇਆ ਕਦੇ ਸਰਕਾਰਾਂ ਬਾਰੇ ਸੋਚਦਾ। ਕਦੇ ਵਿਰੋਧੀ ਪਾਰਟੀਆਂ ਬਾਰੇ ਸੋਚਦਾ। ਚੁੱਪ ਹੋ ਕੇ ਮੁੜ ਉਹ ਸਮਾਂ ਯਾਦ ਕਰਦਾ ਰਿਹਾ ਜਦੋਂ ਖਬਰਾਂ ਘਰੇ ਹੁੱਬ ਹੁੱਬ ਕੇ ਦੱਸਦਾ ਸੀ।
- ਕੁਲਵੰਤ ਕੋਟਲੀ