ਮੂਲ ਲੇਖਕ : ਸ਼ੁਭਮ ਸ਼੍ਰੀ
ਅਨੁਵਾਦ : ਗੁਰਪ੍ਰੀਤ
ਮੇਰਾ ਬੁਆਏ ਫਰੈਂਡ ਇਕ ਦੋ-ਪੈਰਾ ਮੁੰਡਾ ਇਨਸਾਨ ਹੈ
ਉਹਦੇ ਦੋ ਹੱਥ, ਦੋ ਪੈਰ ਤੇ ਇਕ ਪੂਛ ਹੈ
( ਨੋਟ : ਪੂਛ ਸਿਰਫ ਮੈਨੂੰ ਦਿਸਦੀ ਹੈ )
ਮੇਰੇ ਬੁਆਏ ਫਰੈਂਡ ਦਾ ਨਾਮ ਹਨੀ ਹੈ
ਘਰ ਚ ਬਬਲੂ ਤੇ ਕਿਤਾਬਾਂ ਕਾਪੀਆਂ ਚ ਉਮਾਸ਼ੰਕਰ
ਉਹਦਾ ਨਾਂ ਬੇਬੀ, ਸ਼ੋਨਾ ਤੇ ਡਾਰਲਿੰਗ ਵੀ ਹੈ
ਮੈਂ ਆਪਣੇ ਬੁਆਏ ਫਰੈਂਡ ਨੂੰ
ਬਾਬੂ ਕਹਿ ਕੇ ਬੁਲਾਉਂਦੀ ਹਾਂ
ਬਾਬੂ ਵੀ ਬਾਬੂ ਕਹਿੰਦਾ ਹੈ
ਬਾਬੂ ਦੇ ਵਾਲਾਂ ਚ ਡੈਂਡ੍ਰਫ ਹੈ
ਬਾਬੂ ਚਪ-ਚੱਪ ਖਾਂਦਾ ਹੈ
ਘਟ ਘਟ ਪਾਣੀ ਪੀਂਦਾ ਹੈ
ਖਿਝਾਉਣ ‘ਤੇ ਵੋਲਟ ਦੇ ਝਟਕੇ ਮਾਰਦਾ ਹੈ
ਉਹਦੀਆਂ ਬਾਹਾਂ ਚ ਦੋ ਅੱਧ ਕੱਟੇ ਨਿੰਬੂ ਬਣੇ ਹੋਏ ਨੇ
ਜਿਸ ਚ ਉਂਗਲੀ ਖੋਭਣ ‘ਤੇ ਉਹ ਚੀਕਦਾ ਹੈ
ਮੇਰਾ ਬਾਬੂ ਰੋਂਦਾ ਵੀ ਹੈ
ਹੁਬਕੀਂ ਹੁਬਕੀਂ
ਤੇ ਅੱਖਾਂ ਬੰਦ ਕਰ ਕੇ ਹੱਸਦਾ ਹੈ
ਉਸ ਨੂੰ ਨਮਕੀਨ ਖਾਣਾ ਬਹੁਤ ਪਸੰਦ ਹੈ
ਉਹ ਸੁੱਤਾ ਹੋਇਆ ਨੱਕ ਮੂੰਹ ਦੋਹਾਂ ਚੋਂ
ਘੁਰਾੜੇ ਮਾਰਦਾ ਹੈ
ਮੈਂ ਇਕ ਚੰਗੀ ਗਰਲ ਫਰੈਂਡ ਹਾਂ
ਉਹਦੇ ਮੂੰਹ ਚ ਵੜਦੀਆਂ ਮੱਖੀਆਂ ਨੂੰ ਉਡਾ ਦਿੰਦੀ ਹਾਂ
ਮੈਂ ਉਹਦੇ ਢਿੱਡ ‘ਤੇ ਮੱਛਰ ਵੀ ਮਾਰਿਆ ਹੈ
ਉਹਨੂੰ ਦੇਖ ਕੇ ਮੈਨੂੰ ਹਾਸੀ ਆ ਜਾਂਦੀ ਹੈ
ਉਹਦੀਆਂ ਗੱਲ੍ਹਾਂ ਬਹੁਤ ਫੁੱਲੀਆਂ ਹੋਈਆਂ ਨੇ
ਖਿੱਚਣ ‘ਤੇ ਪੰਜ ਸੈਂਟੀਮੀਟਰ ਫੈਲ੍ਹ ਜਾਂਦੀਆਂ ਨੇ
ਉਹਨੇ ਮੈਨੂੰ ਇਕ ਬਿੱਲੂ ਨਾਂ ਦਾ ਟੇਡੀ ਦਿੱਤਾ ਹੈ
ਅਸੀਂ ਦੁਨੀਆ ਦੇ ਬੈੱਸਟ ਕਪਲ ਹਾਂ
ਸਾਡੀ ਅਨਵਰਸਿਰੀ 15 ਮਈ ਨੂੰ ਹੁੰਦੀ ਹੈ
ਤੁਸੀਂ ਸਾਨੂੰ ਵਿਸ਼ ਕਰਨਾ
ਮੇਰੇ ਬੁਆਏ ਫਰੈਂਡ ਤੋਂ ਇਹ ਸਿੱਖਿਆ ਮਿਲਦੀ ਹੈ
ਕਿ ਬੁਆਏ ਫਰੈਂਡ ਦੇ ਢਿੱਡ ‘ਤੇ ਮੱਛਰ ਮਾਰਨਾ ਚਾਹੀਦਾ ਹੈ
ਤੇ ਉਹਦੇ ਮੂੰਹ ਤੋਂ ਮੱਖੀਆਂ ਉਡਾਉਣੀਆਂ ਚਾਹੀਦੀਆਂ ਨੇ।
( ਛੇਵੀਂ ਜਮਾਤ ਦੇ ਨੈਤਿਕ- ਸਿੱਖਿਆ ਦੇ ਪਾਠਕ੍ਰਮ ਲਈ ਪ੍ਰਸਤਾਵਿਤ ਨਿਬੰਧ )