ਪਹਾੜ ਖਿਸਕ ਕੇ ਨਦੀ ‘ਚ ਡਿੱਗਾ,ਕਈ ਪਿੰਡਾਂ ਨੂੰ ਖਤਰਾ
ਫਸਲਾਂ ਪਾਣੀ ਵਿੱਚ ਡੁੱਬੀਆਂ
ਉਦੈਪੁਰ(ਹਿਮਾਚਲ)/13ਅਗਸਤ/ਦੇਸ਼ ਕਲਿਕ ਬਿਊਰੋ:
ਇਸ ਵਾਰ ਮੀਂਹ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਇਲਾਕਿਆਂ ਲਈ ਆਫ਼ਤ ਬਣ ਗਿਆ ਹੈ। ਲਾਹੌਲ-ਸਪੀਤੀ, ਜੋ ਰਾਜ ਦਾ ਕਬਾਇਲੀ ਜ਼ਿਲ੍ਹਾ ਹੈ, ਦੇ ਉਦੈਪੁਰ ਉਪ-ਮੰਡਲ ਦੇ ਨਾਲਦਾ ਦੇ ਸਾਹਮਣੇ ਪਹਾੜੀ ਦਾ ਇੱਕ ਵੱਡਾ ਹਿੱਸਾ ਟੁੱਟ ਕੇ ਚੰਦਰਭਾਗਾ ਨਦੀ ਵਿੱਚ ਡਿੱਗ ਗਿਆ ਹੈ। ਜਿਸ ਕਾਰਨ ਦਰਿਆ ਦਾ ਵਹਾਅ ਰੁਕ ਗਿਆ ਹੈ ਅਤੇ ਇਲਾਕੇ ਦੇ ਕਈ ਪਿੰਡਾਂ ਨੂੰ ਖਤਰਾ ਪੈਦਾ ਹੋ ਗਿਆ ਹੈ। ਚੰਦਰਭਾਗਾ ਨਦੀ ਦੇ ਰੁਕਣ ਕਾਰਨ ਜੁੰਡਾ, ਤੜੰਗ ਅਤੇ ਜਸਰਥ ਪਿੰਡਾਂ ਦੀ ਸੈਂਕੜੇ ਵਿੱਘੇ ਜ਼ਮੀਨ ‘ਚ ਫਸਲਾਂ ਡੁੱਬ ਗਈਆਂ ਹਨ।
ਜਸਰਥ ਅਤੇ ਤੜੰਗ ਪਿੰਡ ਦੇ ਲੋਕ ਆਪਣੀ ਜਾਨ ਬਚਾਉਣ ਲਈ ਆਪਣੇ ਘਰ ਛੱਡ ਕੇ ਭੱਜ ਗਏ। ਸਥਿਤੀ ਅਜੇ ਵੀ ਆਮ ਵਾਂਗ ਨਹੀਂ ਹੋਈ ਹੈ।ਜਸਰਥ ਪਿੰਡ ਅਜੇ ਵੀ ਖਤਰੇ ਵਿੱਚ ਹੈ।ਜਸਰਥ ਪੁਲ ਦੇ ਇੱਕ ਸਿਰੇ ਤੱਕ ਪਾਣੀ ਪਹੁੰਚ ਗਿਆ ਹੈ। ਸਵੇਰੇ ਪਹਾੜੀ ਖਿਸਕਣ ਤੋਂ ਬਾਅਦ ਲੋਕਾਂ ਵਿੱਚ ਹਲਚਲ ਮਚ ਗਈ। ਪਾਣੀ ਦਾ ਵਹਾਅ ਰੁਕਣ ਤੋਂ ਬਾਦ ਜੇ ਇਹ ਰੁਕਿਆ ਪਾਣੀ ਅਚਾਨਕ ਟੁੱਟ ਜਾਂਦਾ ਹੈ, ਤਾਂ ਲਾਹੌਲ ਦੇ ਕਈ ਪਿੰਡਾਂ ਦੇ ਨਾਲ ਪੁਲਾਂ ਨੂੰ ਵੀ ਖਤਰੇ ਪੈਦਾ ਹੋ ਸਕਦਾ ਹੈ। ਸਥਿਤੀ ਦੇ ਮੱਦੇਨਜ਼ਰ, ਤਕਨੀਕੀ ਸਿੱਖਿਆ ਮੰਤਰੀ ਡਾ: ਰਾਮ ਲਾਲ ਮਾਰਕੰਡਾ ਮੁੱਖ ਮੰਤਰੀ ਨੂੰ ਮਿਲਣ ਸ਼ਿਮਲਾ ਪਹੁੰਚੇ ਹਨ। ਪੁਲਿਸ ਸੁਪਰਡੈਂਟ ਲਾਹੌਲ-ਸਪਿਤੀ ਮਾਨਵ ਵਰਮਾ ਨੇ ਘਾਟੀ ਦੇ ਸਾਰੇ ਮੁਖੀਆਂ ਨੂੰ ਕਿਹਾ ਹੈ ਕਿ ਉਹ ਪਿੰਡ ਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਲੈ ਜਾਣ।