ਇੰਫਾਲ,6 ਜੂਨ,ਦੇਸ਼ ਕਲਿਕ ਬਿਊਰੋ:
ਮਨੀਪੁਰ 'ਚ ਸੋਮਵਾਰ ਦੀ ਹਿੰਸਾ 'ਚ ਜ਼ਖਮੀ ਹੋਏ ਬੀਐੱਸਐੱਫ ਦੇ ਜਵਾਨ ਰਣਜੀਤ ਯਾਦਵ ਦੀ ਅੱਜ ਮੰਗਲਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਫੌਜ ਦੀ ਸਪੀਅਰ ਕੋਰ ਨੇ ਦੱਸਿਆ ਕਿ 5 ਮਈ ਨੂੰ ਤਲਾਸ਼ੀ ਮੁਹਿੰਮ ਦੌਰਾਨ ਸਥਾਨਕ ਲੋਕਾਂ ਅਤੇ ਜਵਾਨਾਂ ਵਿਚਾਲੇ ਗੋਲੀਬਾਰੀ ਹੋਈ ਸੀ, ਜਿਸ 'ਚ ਬੀਐੱਸਐੱਫ ਦਾ ਜਵਾਨ ਜ਼ਖ਼ਮੀ ਹੋ ਗਿਆ ਸੀ। ਅਸਾਮ ਰਾਈਫਲਜ਼ ਦੇ ਦੋ ਜਵਾਨ ਵੀ ਗੋਲੀ ਲੱਗਣ ਨਾਲ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਮੰਤਰੀਪੁਖਰੀ ਲਿਜਾਇਆ ਗਿਆ।ਸੂਬੇ ਵਿੱਚ ਕੂਕੀ ਅਤੇ ਮਤੇਈ ਭਾਈਚਾਰਿਆਂ ਦਰਮਿਆਨ 3 ਮਈ ਤੋਂ ਨਸਲੀ ਹਿੰਸਾ ਚੱਲ ਰਹੀ ਹੈ। ਹਿੰਸਾ 'ਚ ਹੁਣ ਤੱਕ 98 ਲੋਕਾਂ ਦੀ ਮੌਤ ਹੋ ਚੁੱਕੀ ਹੈ, 310 ਜ਼ਖਮੀ ਹਨ। ਇਸ ਦੇ ਨਾਲ ਹੀ 37 ਹਜ਼ਾਰ ਤੋਂ ਵੱਧ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਭੇਜਿਆ ਗਿਆ ਹੈ। ਹਿੰਸਾ ਨਾਲ 11 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਕਈ ਜ਼ਿਲ੍ਹਿਆਂ ਵਿੱਚ ਕਰਫਿਊ ਵੀ ਲਗਾਇਆ ਗਿਆ ਹੈ।ਇਸ ਤੋਂ ਪਹਿਲਾਂ ਸੋਮਵਾਰ ਨੂੰ ਭੜਕੀ ਹਿੰਸਾ ਵਿੱਚ ਕਾਕਚਿੰਗ ਜ਼ਿਲ੍ਹੇ ਦੇ ਸੇਰੋ ਪਿੰਡ ਵਿੱਚ ਕੁਝ ਲੋਕਾਂ ਨੇ 100 ਘਰਾਂ ਨੂੰ ਅੱਗ ਲਾ ਦਿੱਤੀ ਸੀ। ਇਸ ਵਿੱਚ ਕਾਂਗਰਸੀ ਵਿਧਾਇਕ ਰਣਜੀਤ ਸਿੰਘ ਦਾ ਘਰ ਵੀ ਸ਼ਾਮਲ ਹੈ।ਜ਼ਿਕਰਯੋਗ ਹੈ ਕਿ ਅਮਿਤ ਸ਼ਾਹ ਦੇ ਦੌਰੇ ਤੋਂ ਬਾਅਦ ਸੁਰੱਖਿਆ ਬਲ ਸੂਬੇ 'ਚ ਤਲਾਸ਼ੀ ਮੁਹਿੰਮ ਚਲਾ ਰਹੇ ਹਨ।