ਸ਼ਿਮਲਾ: 29 ਫਰਵਰੀ, ਦੇਸ਼ ਕਲਿੱਕ ਬਿਓਰੋ
ਰਾਜ ਸਭਾ ਚੋਣਾਂ ਵਿੱਚ ਕਰਾਸ ਵੋਟਿੰਗ ਨਾਲ ਸੰਬੰਧਿਤ 6 ਬਾਗੀ ਕਾਂਗਰਸੀ ਵਿਧਾਇਕਾਂ ਨੂੰ ਹਿਮਾਚਲ ਵਿਧਾਨ ਸਭਾ ਸਪੀਕਰ ਵੱਲੋਂ ਅਯੋਗ ਕਰਾਰ ਦਿੱਤਾ ਗਿਆ ਹੈ। ਵਿਧਾਨ ਸਭਾ ਦੇ ਸਪੀਕਰ ਕੁਲਦੀਪ ਪਠਾਨੀਆ ਨੇ ਉਨ੍ਹਾਂ ਨੂੰ ਪਾਰਟੀ ਵ੍ਹਿਪ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਹੈ। ਉਨ੍ਹਾਂ ‘ਤੇ ਵਿਪ੍ਹ ਦੇ ਬਾਵਜ਼ੂਦ ਸਦਨ ‘ਚੋ ਗੈਰਹਾਜ਼ਰ ਰਹਿਣ ਕਾਰਨ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਸਪੀਕਰ ਨੇ ਫੈਸਲਾ ਰਾਖਵਾਂ ਰੱਖ ਲਿਆ ਸੀ। ਮੈਂਬਰਸ਼ਿਪ ਰੱਦ ਕੀਤੇ ਜਾਣ ਵਾਲੇ ਵਿਧਾਇਕਾਂ ‘ਚ ਰਾਜਿੰਦਰ ਰਾਣਾ, ਸੁਧੀਰ ਸ਼ਰਮਾ. ਰਵੀ ਠਾਕੁਰ, ਦਵੇਂਦਰ ਭੁੱਟੋ, ਚੈਤੰਨਿਆਂ ਸ਼ਰਮਾ ਅਤੇ ਇੰਦਰ ਲੱਖਣਪਾਲ ਸ਼ਾਮਲ ਹਨ। ਮੈਂਬਰਸ਼ਿਪ ਰੱਦ ਕੀਤੇ ਜਾਣ ਖਿਲਾਫ ਬਾਗੀ ਵਿਧਾਇਕਾਂ ਨੇ ਸਪੀਕਰ ਦੇ ਫੈਸਲੇ ਵਿਰੁੱਧ ਹਾਈਕੋਰਟ ‘ਚ ਚੁਣੌਤੀ ਦੇਣ ਦੀ ਗੱਲ ਕਹੀ ਹੈ।