ਸ਼ਿਮਲਾ, 11 ਮਾਰਚ, ਦੇਸ਼ ਕਲਿਕ ਬਿਊਰੋ :
ਹਿਮਾਚਲ ਪ੍ਰਦੇਸ਼ 'ਚ ਆਪਣੀ ਹੀ ਸਰਕਾਰ ਵਿਰੁੱਧ ਬਗਾਵਤ ਕਰਨ ਵਾਲੇ 6 ਕਾਂਗਰਸੀ ਵਿਧਾਇਕਾਂ ਦੇ ਮਾਮਲੇ ਦੀ ਸੁਪਰੀਮ ਕੋਰਟ 'ਚ ਭਲਕੇ ਸੁਣਵਾਈ ਹੋਵੇਗੀ। ਇਹ ਕੇਸ ਦਾਖਲੇ ਲਈ ਸੂਚੀਬੱਧ ਕੀਤਾ ਗਿਆ ਹੈ।ਚੈਤੰਨਿਆ ਸ਼ਰਮਾ ਅਤੇ ਹੋਰ ਬਨਾਮ ਸਪੀਕਰ ਹਿਮਾਚਲ ਅਸੈਂਬਲੀ ਕੇਸ ਦੀ ਸੁਣਵਾਈ ਭਲਕੇ ਮੰਗਲਵਾਰ ਨੂੰ ਜੱਜ ਸੰਜੀਵ ਖੰਨਾ ਦੇ ਸਾਹਮਣੇ ਅਦਾਲਤ ਨੰਬਰ ਦੋ ਵਿੱਚ ਹੋਵੇਗੀ।
ਇਸ ਤੋਂ ਪਹਿਲਾਂ ਰਾਜ ਵੱਲੋਂ ਐਸ.ਸੀ. ਵਿੱਚ ਇੱਕ ਕੈਵੀਏਟ ਵੀ ਦਾਇਰ ਕੀਤੀ ਜਾ ਚੁੱਕੀ ਹੈ ਤਾਂ ਜੋ ਬਾਗੀ ਵਿਧਾਇਕਾਂ ਦੀ ਪਟੀਸ਼ਨ 'ਤੇ ਫੈਸਲਾ ਸੁਣਾਉਣ ਤੋਂ ਪਹਿਲਾਂ ਰਾਜ ਨੂੰ ਵੀ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਮਿਲੇ।
ਸੂਬੇ ਦੇ ਲੋਕਾਂ ਦੀਆਂ ਨਜ਼ਰਾਂ ਹੁਣ ਸੁਪਰੀਮ ਕੋਰਟ ਦੇ ਫੈਸਲੇ 'ਤੇ ਟਿਕੀਆਂ ਹੋਈਆਂ ਹਨ। ਇਨ੍ਹਾਂ ਬਾਗੀ ਵਿਧਾਇਕਾਂ ਨੂੰ 29 ਫਰਵਰੀ ਨੂੰ ਹਿਮਾਚਲ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਅਯੋਗ ਕਰਾਰ ਦਿੱਤਾ ਸੀ। ਰਾਜ ਸਭਾ ਚੋਣਾਂ ਵਿੱਚ ਕਰਾਸ ਵੋਟਿੰਗ ਕਰਨ ਵਾਲੇ ਰਾਜੇਂਦਰ ਰਾਣਾ, ਸੁਧੀਰ ਸ਼ਰਮਾ, ਆਈਡੀ ਲਖਨਪਾਲ, ਰਵੀ ਠਾਕੁਰ, ਦੇਵੇਂਦਰ ਕੁਮਾਰ ਭੁੱਟੋ ਅਤੇ ਚੈਤੰਨਿਆ ਸ਼ਰਮਾ ਨੂੰ ਦਲ-ਬਦਲ ਵਿਰੋਧੀ ਕਾਨੂੰਨ ਦਾ ਦੋਸ਼ੀ ਠਹਿਰਾਇਆ ਗਿਆ ਹੈ।