ਸ਼ਿਮਲਾ, 1 ਅਕਤੂਬਰ, ਦੇਸ਼ ਕਲਿਕ ਬਿਊਰੋ :
ਹਿੰਦੁਸਤਾਨ-ਤਿੱਬਤ ਸਰਹੱਦ ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ-5 'ਤੇ ਹਿਮਾਚਲ ਦੇ ਕਿਨੌਰ ਦੇ ਨਿਗੁਲਸਰੀ 'ਚ ਅੱਜ ਐਤਵਾਰ ਸਵੇਰੇ ਫਿਰ ਤੋਂ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਕਾਰਨ ਸਮੁੱਚਾ ਕਿਨੌਰ ਜ਼ਿਲ੍ਹਾ ਦੇਸ਼ ਅਤੇ ਦੁਨੀਆ ਦੇ ਬਾਕੀ ਹਿੱਸਿਆਂ ਨਾਲੋਂ ਕਟ ਗਿਆ। ਹਾਈਵੇਅ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।ਨਿਗੁਲਸਰੀ ਵਿੱਚ ਐਨਐਚ-5 ਬੰਦ ਹੋਣ ਕਾਰਨ ਸੇਬ ਅਤੇ ਮਟਰ ਦੀ ਫ਼ਸਲ ਦੇ ਸੈਂਕੜੇ ਬਕਸੇ ਟੱਪਰੀ ਮੰਡੀ ਅਤੇ ਟਰੱਕਾਂ ਵਿੱਚ ਫਸ ਗਏ ਹਨ। ਇਸ ਨਾਲ ਬਾਗਬਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਲੋਕ ਨਿਰਮਾਣ ਵਿਭਾਗ ਸੜਕ ਦੀ ਮੁਰੰਮਤ ਵਿੱਚ ਲੱਗਾ ਹੋਇਆ ਹੈ ਪਰ ਪਹਾੜੀ ਤੋਂ ਵਾਰ-ਵਾਰ ਡਿੱਗ ਰਹੇ ਪੱਥਰ ਇਸ ਵਿੱਚ ਅੜਿੱਕਾ ਪੈਦਾ ਕਰ ਰਹੇ ਹਨ।