ਸ਼ਿਮਲਾ, 24 ਜਨਵਰੀ, ਦੇਸ਼ ਕਲਿਕ ਬਿਊਰੋ :
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਮੈਹਲੀ-ਸ਼ੋਘੀ ਬਾਈਪਾਸ 'ਤੇ ਸੋਮਵਾਰ ਦੇਰ ਰਾਤ ਇਕ ਸੜਕ ਹਾਦਸਾ ਵਾਪਰਿਆ, ਜਿਸ 'ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਨੌਜਵਾਨ ਜ਼ਖਮੀ ਹੋ ਗਿਆ, ਜਿਸ ਦਾ ਆਈਜੀਐੱਮਸੀ 'ਚ ਇਲਾਜ ਚੱਲ ਰਿਹਾ ਹੈ। ਮਰਨ ਵਾਲਿਆਂ ਵਿੱਚ ਕ੍ਰਿਸ਼ਨ (30), ਅਮਰ (15) ਤੇ ਰਾਜਵੀਰ (15) ਸ਼ਾਮਲ ਹਨ। ਲਖਨ (31) ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਹ ਸਾਰੇ ਵਿਅਕਤੀ ਪਿੰਡ ਭਾਗਲ, ਤਹਿਸੀਲ ਨੰਗਲ, ਜ਼ਿਲ੍ਹਾ ਰੂਪਨਗਰ (ਰੋਪੜ) ਦੇ ਵਸਨੀਕ ਹਨ। ਰਾਜਵੀਰ (15) ਪੁੱਤਰ ਇਤਵਾਰੀ ਮਾਛੀਵਾੜਾ (ਲੁਧਿਆਣਾ) ਦਾ ਰਹਿਣ ਵਾਲਾ ਸੀ। ਇਹ ਲੋਕ ਕਬਾੜ ਦਾ ਕੰਮ ਕਰਦੇ ਹਨ ਅਤੇ ਸੋਲਨ ਵਿੱਚ ਰਹਿੰਦੇ ਸਨ। ਹਾਦਸਾ ਬੀਤੀ ਰਾਤ 8 ਵਜੇ ਵਾਪਰਿਆ। ਇੱਕ ਟੈਂਪੂ ਕਰੀਬ 700 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗਾ। ਜ਼ਖ਼ਮੀ ਲਖਨ ਕਰੀਬ 100 ਮੀਟਰ ਪਿੱਛੇ ਜੰਗਲ ਵਿੱਚ ਡਿੱਗ ਗਿਆ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਕਾਰ ਦੇ ਨਾਲ 3 ਲੋਕ ਖੱਡੇ ਵਿੱਚ ਡਿੱਗ ਗਏ। ਪੁਲਿਸ ਨੇ ਫਾਇਰ ਬ੍ਰਿਗੇਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਕਰੀਬ 3 ਘੰਟੇ ਤੱਕ ਬਚਾਅ ਮੁਹਿੰਮ ਚਲਾਈ। ਐਸਐਚਓ ਬਾਲੂਗੰਜ ਦੀਪਕ ਕੁਮਾਰ ਮੌਕੇ ’ਤੇ ਪੁੱਜੇ ਅਤੇ ਟੀਮ ਨਾਲ ਬਚਾਅ ਕਾਰਜ ਵਿੱਚ ਜੁੱਟ ਗਏ।