ਬੱਸ,ਟਰੱਕ ਸਮੇਤ ਕਈ ਵਾਹਨ ਯਾਤਰੀਆਂ ਸਮੇਤ ਦਬੇ
ਬਚਾਓ ਟੀਮਾਂ ਰਾਹਤ ਕਾਰਜਾਂ ‘ਚ ਜੁਟੀਆਂ
ਕਿਨੌਰ (ਹਿਮਾਚਲ ਪ੍ਰਦੇਸ਼) 11 ਅਗਸਤ,2021,ਦੇਸ਼ ਕਲਿਕ ਬਿਊਰੋ:
ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਦੇ ਨਿਗੁਲਸਰੀ ਵਿਖੇ ਪਹਾੜ ਖਿਸਕਣ ਨਾਲ ਇੱਕ ਬੱਸ, ਇੱਕ ਟਰੱਕ ਤੇ ਦੋ ਕਾਰਾਂ ਮਲਬੇ ਹੇਠ ਦੱਬ ਗਏ ਹਨ। ਬੱਸ ਸੜਕ ਤੋਂ ਖਾਈ ਵਿੱਚ ਡਿੱਗ ਗਈ ਅਤੇ ਹੁਣ ਤੱਕ ਚਾਰ ਲੋਕਾਂ ਨੂੰ ਹੀ ਬਚਾਇਆ ਗਿਆ ਹੈ। ਇਹ ਐਚਆਰਟੀਸੀ ਦੀ ਬੱਸ ਕਿੰਨੌਰ ਦੇ ਮੁਰੰਗ ਤੋਂ ਹਰਿਦੁਆਰ ਨੂੰ ਜਾ ਰਹੀ ਸੀ। ਇਹ ਹਾਦਸਾ ਕਰੀਬ 12:45 ਵਜੇ ਵਾਪਰਿਆ। ਬੱਸ ਦੇ ਕੰਡਕਟਰ ਅਤੇ ਡਰਾਈਵਰ ਨੂੰ ਬਚਾ ਲਿਆ ਗਿਆ ਹੈ।
ਕਿੰਨੌਰ ਜ਼ਿਲ੍ਹੇ ਦੇ ਭਵਾਨਗਰ ਸਬ-ਡਵੀਜ਼ਨ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਹੈ। ਅਚਾਨਕ ਇੱਕ ਵੱਡਾ ਪਹਾੜ ਖਿਸਕ ਗਿਆ। ਜਿਸ ਕਾਰਨ ਇੱਕ ਐਚਆਰਟੀਸੀ ਬੱਸ ਅਤੇ ਟਰੱਕ ਸਮੇਤ ਹਲਕੇ ਵਾਹਨ ਦੱਬ ਗਏ ।ਵਾਹਨਾਂ ਵਿੱਚ ਬਹੁਤ ਸਾਰੇ ਲੋਕ ਸਵਾਰ ਸਨ। ਅਜਿਹੀ ਸਥਿਤੀ ਵਿੱਚ ਵੱਡੀ ਗਿਣਤੀ ਜਾਨਾਂ ਜਾਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।ਐਸਡੀਐਮ ਭਵਾਨਗਰ ਮਨਮੋਹਨ ਸਿੰਘ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 12:45 ਵਜੇ ਵਾਪਰੀ। ਜਿਵੇਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ, ਰਾਹਤ ਅਤੇ ਬਚਾਅ ਕਾਰਜਾਂ ਦੀ ਟੀਮ ਮੌਕੇ 'ਤੇ ਭੇਜੀ ਗਈ ਹੈ।
ਹਿਮਾਚਲ ਦੇ ਸੀਐਮ ਨੇ ਕਿਹਾ ਕਿ ਉਨ੍ਹਾਂ ਨੂੰ ਹੁਣੇ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਪੂਰਾ ਵੇਰਵਾ ਲੈਣ ਤੋਂ ਪਹਿਲਾਂ ਕੁਝ ਨਹੀਂ ਕਿਹਾ ਜਾ ਸਕਦਾ।ਉਨ੍ਹਾਂ ਕਿਹਾ ਕਿ ਬਚਾਅ ਕਾਰਜ ਕੀਤੇ ਜਾ ਰਹੇ ਹਨ ਪਰ ਵੱਡੀ ਸਮੱਸਿਆ ਇਹ ਹੈ ਕਿ ਹੁਣ ਵੀ ਪਹਾੜ ਤੋਂ ਪੱਥਰ ਡਿੱਗ ਰਹੇ ਹਨ।ਪ੍ਰਸ਼ਾਸਨ ਪੁਲਿਸ, ਐਨਡੀਆਰਐਫ ਅਤੇ ਆਈਟੀਬੀਪੀ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ।
ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮਾਮਲੇ ਸੰਬੰਧੀ ਸੀਐਮ ਜੈ ਰਾਮ ਠਾਕੁਰ ਨਾਲ ਗੱਲ ਕੀਤੀ ਹੈ ਅਤੇ ਘਟਨਾ ਬਾਰੇ ਪੁੱਛਗਿੱਛ ਕੀਤੀ ਹੈ। ਉਨ੍ਹਾਂ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿਵਾਇਆ ।