ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗੀਆਂ ਹੋਣ ਜਾਂ ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ
ਚੰਡੀਗੜ੍ਹ :7 ਅਗਸਤ, ਦੇਸ਼ ਕਲਿੱਕ ਬਿਊਰੋ:
ਆਗਾਮੀ ਸਾਉਣ ਦੀ ਅਸ਼ਟਮੀ ਅਤੇ ਨਵਰਾਤਿਆਂ ਦੇ ਦੌਰਾਨ 9 ਅਗਸਤ ਤੋਂ 17 ਤੱਕ ਹਿਮਾਚਲ ਪ੍ਰਦੇਸ਼ ਦੇ ਮੰਦਰਾਂ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਲਈ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ਜਾਂ ਕੋਵਿਡ ਟੀਕੇ ਦੀਆਂ ਦੋਵੇਂ ਖੁਰਾਕਾਂ ਦਾ ਸਰਟੀਫਿਕੇਟ ਲੈ ਕੇ ਜਾਣਾ ਜ਼ਰੂਰੀ ਹੈ ਨਹੀਂ ਤਾਂ ਦਾਖਲਾ ਨਹੀਂ ਮਿਲੇਗਾ ।ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਦੇ ਖਤਰੇ ਦੇ ਮੱਦੇਨਜ਼ਰ ਹਿਮਾਚਲ ਸਰਕਾਰ ਨੇ ਇਹ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ, ਸਿਰਫ ਉਹੀ ਲੋਕ ਜੋ ਮਾਸਕ ਪਾਏ ਹੋਏ ਹੋਣਗੇ ਉਨ੍ਹਾਂ ਨੂੰ ਮੰਦਰ ਜਾਂ ਹੋਰ ਧਾਰਮਿਕ ਸਥਾਨਾਂ ਦੇ ਅੰਦਰ ਜਾਣ ਦੀ ਆਗਿਆ ਹੋਵੇਗੀ।
ਸਾਉਣ ਮਹੀਨੇ ਦੇ ਨਵਰਾਤਰਿਆਂ ਵਿੱਚ, ਹਿਮਾਚਲ ਪ੍ਰਦੇਸ਼ ਵਿੱਚ ਦੂਜੇ ਰਾਜਾਂ ਦੇ ਨਾਲ ਨਾਲ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਜਾਂਦੇ ਹਨ।ਹਿਮਾਚਲ ਵਿੱਚ, ਮਾਤਾ ਚਿੰਤਪੁਰਨੀ ,ਮਾਤਾ ਜਵਾਲਾ ਜੀ ਅਤੇ ਮਾਤਾ ਨੈਣਾਂ ਦੇਵੀ ਸਮੇਤ ਹੋਰ ਮੰਦਰਾਂ ਵਿੱਚ ਇਸ ਸਮੇਂ ਦੌਰਾਨ ਭਾਰੀ ਭੀੜ ਹੁੰਦੀ ਹੈ।ਇਸ ਲਈ ਹਿਮਾਚਲ ਸਰਕਾਰ ਵੱਲੋਂ ਪੰਜਾਬ ਰਾਜ ਦੇ ਨਾਲ ਲੱਗਦੇ ਜ਼ਿਲਿਆਂ ਦੇ ਡੀਸੀ ਨੂੰ ਇਸ ਸਬੰਧੀ ਜਾਣਕਾਰੀ ਭੇਜੀ ਗਈ ਹੈ ।ਸ਼ਰਧਾਲੂਆਂ ਨੂੰ ਪਹਿਲਾਂ ਸੂਚਿਤ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਆਖਰੀ ਮੌਕੇ 'ਤੇ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।