ਕਿਨੌਰ : 25 ਜੁਲਾਈ, ਦੇਸ਼ ਕਲਿੱਕ ਬਿਓਰੋ
ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦੇ ਬਟਸੇਰੀ ਇਲਾਕੇ ‘ਚ ਪਹਾੜਾਂ ਤੋਂ ਵੱਡੀ ਪੱਧਰ ਤੇ ਪੱਥਰ ਖਿਸਕਣ ਨਾਲ ਇੱਕ ਟੈਂਪੂ ਟਰੈਵਲਰ ਗੱਡੀ ‘ਚ ਸਵਾਰ 9 ਸੈਲਾਨੀਆਂ ਦੀ ਮੌਤ ਦਾ ਸਮਾਚਾਰ ਹੈ।
ਚੀਨ ਦੀ ਸਰਹੱਦ ਦੇ ਨਾਲ ਲਗਦੇ ਇਸ ਜਿਲ੍ਹੇ ‘ਚ ਅਕਸਰ ਹੀ ਬਰਸਾਤਾਂ ਵਿੱਚ ਪਹਾੜ ਖਿਸਕਣ ਕਾਰਨ ਪੱਥਰ ਡਿੱਗਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜਿਸ ਕਰਕੇ ਸੈਲਾਨੀਆਂ ਨੂੰ ਇਸ ਖੇਤਰ ਵਿੱਚ ਨਾ ਜਾਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਪਰ ਪ੍ਰਸ਼ਾਸ਼ਨ ਨੇ ਇਸ ਮਾਮਲੇ ਵਿੱਚ ਅਵੇਸਲਾਪਨ ਕਿਉਂ ਦਿਖਾਇਆ ਇਸ ਦਾ ਪਤਾ ਬਾਅਦ ਵਿੱਚ ਹੀ ਲੱਗ ਸਕੇਗਾ।
ਹਾਦਸਾ ਇੰਨਾ ਦਿਲਕੰਬਾਊ ਸੀ ਕਿ ਉੱਚੇ ਪਹਾੜ ਤੋਂ ਵੱਡੇ ਵੱਡੇ ਪੱਥਰ ਤੁਫਾਨ ਦੀ ਤੇਜ਼ੀ ਨਾਲ ਸੜਕ ‘ਤੇ ਡਿੱਗਣੇ ਸ਼ੁਰੂ ਹੋ ਗਏ ਅਤੇ ਸੜਕ ਉੱਪਰ ਬਣੇ ਪੁਲ ਉੱਪਰ ਡਿੱਗੇ ਪੱਥਰਾਂ ਨੇ ਇਸ ਨੂੰ ਚਕਨਾਚੂਰ ਕਰ ਦਿੱਤਾ ਤੇ ਇਸੇ ਦੌਰਾਨ ਕੁਝ ਪੱਥਰ ਸੈਲਾਨੀਆਂ ਦੀ ਗੱਡੀ ਵਿੱਚ ਵੱਜੇ ਅਤੇ 9 ਸੈਲਾਨੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਤਿੰਨ ਜਖਮੀ ਹੋ ਗਏ ਜਿੰਨ੍ਹਾਂ ਨੂੰ ਛਾਂਗਲਾ ਦੀ ਸਿਟੀ ਹੈਲਥ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ।
ਪਤਾ ਲੱਗਾ ਹੈ ਕਿ ਇਹ ਪੱਥਰ ਕੱਲ੍ਹ ਤੋਂ ਡਿੱਗਣੇ ਸ਼ੁਰੂ ਹੋਏ ਸਨ ਜਿਸ ਬਾਰੇ ਪ੍ਰਸ਼ਾਸ਼ਨ ਵੱਲੋਂ ਸੈਲਾਨੀਆਂ ਨੂੰ ਰੋਕਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਕਾਰਨ ਅੱਜ ਦੀ ਦੁਰਘਟਨਾ ਵਾਪਰ ਗਈ।