ਕੁੱਲੂ/11 ਦਸੰਬਰ/ਦੇਸ਼ ਕਲਿਕ ਬਿਊਰੋ:
ਹਿਮਾਚਲ ਦੇ ਕੁੱਲੂ ਜ਼ਿਲੇ ਦੀ ਸੈਂਜ ਘਾਟੀ ਦੇ ਮਝਾਨ ਪਿੰਡ 'ਚ ਅੱਜ ਸ਼ਨੀਵਾਰ ਦੁਪਹਿਰ ਨੂੰ ਭਿਆਨਕ ਅੱਗ ਲੱਗ ਗਈ। ਗਾੜਾਪਾਰਲੀ ਪੰਚਾਇਤ ਦਾ ਇਹ ਪਿੰਡ ਸੜਕ ਸਹੂਲਤ ਤੋਂ ਸੱਖਣਾ ਹੈ, ਜਿਸ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵੀ 8-10 ਕਿਲੋਮੀਟਰ ਦੂਰੋਂ ਆਉਣਾ ਪੈਂਦਾ ਹੈ। ਅੱਗ ਨਾਲ 12 ਤੋਂ ਵੱਧ ਘਰ ਸੜ ਕੇ ਸੁਆਹ ਹੋ ਗਏ ਹਨ। ਚਾਰੇ ਪਾਸੇ ਚੀਕ ਚਿਹਾੜਾ ਪੈ ਗਿਆ। ਅੱਗ ਲੱਗਣ ਕਾਰਨ ਸਥਾਨਕ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਪਿੰਡ ਮਝਾਨ 'ਚ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਲਾਰਜੀ ਤੋਂ ਅੱਗ ਬੂਝਾਊ ਟੀਮ ਵੀ ਮੌਕੇ 'ਤੇ ਪਹੁੰਚੀ ਪਰ ਇਸ ਪਿੰਡ ਤੱਕ ਪਹੁੰਚਣ ਲਈ ਟੀਮ ਨੂੰ ਲਾਰਜੀ ਤੋਂ ਕਰੀਬ 8 ਤੋਂ 10 ਕਿਲੋਮੀਟਰ ਦਾ ਸਫ਼ਰ ਵੀ ਕਰਨਾ ਪਿਆ।
ਅਜਿਹੇ 'ਚ ਪਿੰਡ 'ਚ ਅੱਗ 'ਤੇ ਕਾਬੂ ਪਾਉਣਾ ਚੁਣੌਤੀ ਬਣ ਗਿਆ। ਸਥਾਨਕ ਲੋਕ ਆਪਣੇ ਤਰੀਕੇ ਨਾਲ ਅੱਗ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ।
ਅੱਗ ਲੱਗਣ ਦੀ ਘਟਨਾ ਵਿੱਚ ਕਰੀਬ 12 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ। ਲੱਖਾਂ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਬੰਜਾਰ ਸਬ-ਡਿਵੀਜ਼ਨ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ। ਫਿਲਹਾਲ ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ਪਰ ਅੱਗ ਦੀ ਲਪੇਟ 'ਚ ਆ ਕੇ ਘਰ ਦਾ ਸਮਾਨ ਪੂਰੀ ਤਰ੍ਹਾਂ ਨਾਲ ਸੜ ਗਿਆ ਹੈ।