ਅਬੁਜਾ, 30 ਜੂਨ, ਦੇਸ਼ ਕਲਿਕ ਬਿਊਰੋ :
ਨਾਈਜੀਰੀਆ ਦੇ ਉੱਤਰ-ਪੂਰਬੀ ਖੇਤਰ 'ਚ ਸ਼ਨੀਵਾਰ ਨੂੰ ਤਿੰਨ ਆਤਮਘਾਤੀ ਹਮਲੇ ਹੋਏ, ਜਿਸ 'ਚ 18 ਲੋਕ ਮਾਰੇ ਗਏ ਅਤੇ 48 ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਪਹਿਲਾ ਧਮਾਕਾ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 3 ਵਜੇ ਇਕ ਵਿਆਹ ਸਮਾਰੋਹ ਵਿਚ ਹੋਇਆ। ਇਸ ਤੋਂ ਬਾਅਦ ਦੂਜਾ ਧਮਾਕਾ ਜਨਰਲ ਹਸਪਤਾਲ ਗਵੋਜ਼ਾ ਵਿੱਚ ਹੋਇਆ ਅਤੇ ਤੀਜਾ ਧਮਾਕਾ ਅੰਤਿਮ ਸੰਸਕਾਰ ਦੌਰਾਨ ਹੋਇਆ।
ਦੇਸ਼ ਦੇ ਸੁਰੱਖਿਆ ਬਲ ਅਤੇ ਐਮਰਜੈਂਸੀ ਸੇਵਾ ਦਲ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਹਮਲਾ ਕਿਸ ਨੇ ਕੀਤਾ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।