ਇਸਲਾਮਾਬਾਦ, 16 ਜੂਨ, ਦੇਸ਼ ਕਲਿਕ ਬਿਊਰੋ :
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਇਕ ਪਿਤਾ ਨੇ ਆਪਣੀ 12 ਸਾਲ ਦੀ ਧੀ ਦਾ ਨਿਕਾਹ 72 ਸਾਲਾ ਵਿਅਕਤੀ ਨਾਲ ਕਰਨ ਦੀ ਕੋਸ਼ਿਸ਼ ਕੀਤੀ। ਪਾਕਿਸਤਾਨੀ ਮੀਡੀਆ ਏਰੀ ਨਿਊਜ਼ ਮੁਤਾਬਕ ਪੁਲਿਸ ਨੇ ਸਮੇਂ ਸਿਰ ਉਨ੍ਹਾਂ ਦੇ ਘਰ ਪਹੁੰਚ ਕੇ ਵਿਆਹ ਨੂੰ ਰੋਕ ਦਿੱਤਾ ਅਤੇ ਬੁੱਢੇ ਲਾੜੇ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਸ ਨੇ ਦੱਸਿਆ ਕਿ ਲੜਕੀ ਦੇ ਪਿਤਾ ਆਲਮ ਸਈਦ ਨੇ ਆਪਣੀ ਬੇਟੀ ਨੂੰ 72 ਸਾਲਾ ਹਬੀਬ ਖਾਨ ਨੂੰ 5 ਲੱਖ ਪਾਕਿਸਤਾਨੀ ਰੁਪਏ 'ਚ ਵੇਚ ਦਿੱਤਾ ਸੀ। ਇਸ ਤੋਂ ਬਾਅਦ ਦੋਹਾਂ ਦਾ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਗਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਲੜਕੀ ਦੇ ਘਰ ਪਹੁੰਚੀ। ਉਨ੍ਹਾਂ ਨੇ ਲਾੜੇ ਹਬੀਬ ਅਤੇ ਨਿਕਾਹ ਖ਼ਵਾਨ (ਵਿਆਹ ਕਰਵਾਉਣ ਵਾਲਾ ਵਿਅਕਤੀ) ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਲੜਕੀ ਦਾ ਪਿਤਾ ਉਥੋਂ ਫਰਾਰ ਹੋ ਗਿਆ।