4 ਦਿਨਾਂ 'ਚ ਹੀਟ ਸਟ੍ਰੋਕ ਕਾਰਨ 267 ਲੋਕ ਕਰਾਚੀ ਦੇ ਸਿਵਲ ਹਸਪਤਾਲ 'ਚ ਭਰਤੀ
ਸੜਕਾਂ ‘ਤੇ ਪਈਆਂ ਲਾਸ਼ਾਂ, ਮੁਰਦਾਘਰਾਂ ਵਿੱਚ ਥਾਂ ਨਹੀਂ ਬਚੀ
ਇਸਲਾਮਾਬਾਦ, 27 ਜੂਨ, ਦੇਸ਼ ਕਲਿਕ ਬਿਊਰੋ :
ਪਾਕਿਸਤਾਨ 'ਚ ਗਰਮੀ ਦਾ ਕਹਿਰ ਖਤਮ ਨਹੀਂ ਹੋ ਰਿਹਾ ਹੈ। ਬੀਬੀਸੀ ਨਿਊਜ਼ ਮੁਤਾਬਕ ਪਿਛਲੇ 6 ਦਿਨਾਂ ਵਿੱਚ ਇੱਥੇ 568 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ ਮੰਗਲਵਾਰ (25 ਜੂਨ) ਨੂੰ 141 ਲੋਕਾਂ ਦੀ ਮੌਤ ਹੋ ਗਈ। ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਵਿੱਚ 24 ਜੂਨ ਨੂੰ ਪਾਰਾ 41 ਡਿਗਰੀ ਸੈਲਸੀਅਸ ਸੀ।
ਰਿਪੋਰਟ ਮੁਤਾਬਕ ਪਿਛਲੇ 3 ਦਿਨਾਂ 'ਚ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਹਵਾ 'ਚ ਜ਼ਿਆਦਾ ਨਮੀ ਕਾਰਨ ਹੁੰਮਸ ਲਗਾਤਾਰ ਵਧ ਰਹੀ ਹੈ। ਇਸ ਕਾਰਨ 40 ਡਿਗਰੀ ਤਾਪਮਾਨ ਵੀ 49 ਡਿਗਰੀ ਮਹਿਸੂਸ ਹੁੰਦਾ ਹੈ। ਪਿਛਲੇ 4 ਦਿਨਾਂ 'ਚ ਹੀਟ ਸਟ੍ਰੋਕ ਕਾਰਨ 267 ਲੋਕਾਂ ਨੂੰ ਕਰਾਚੀ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਪਾਕਿਸਤਾਨੀ ਐਨਜੀਓ ਈਧੀ ਫਾਊਂਡੇਸ਼ਨ ਦੇ ਮੁਖੀ ਫੈਜ਼ਲ ਨੇ ਕਿਹਾ ਕਿ ਉਹ ਕਰਾਚੀ ਵਿੱਚ 4 ਮੁਰਦਾਘਰ ਚਲਾ ਰਹੇ ਹਨ, ਪਰ ਸਥਿਤੀ ਅਜਿਹੀ ਹੈ ਕਿ ਲਾਸ਼ਾਂ ਨੂੰ ਰੱਖਣ ਲਈ ਮੁਰਦਾਘਰਾਂ ਵਿੱਚ ਥਾਂ ਨਹੀਂ ਬਚੀ ਹੈ। ਇੱਥੇ ਹਰ ਰੋਜ਼ 30-35 ਲਾਸ਼ਾਂ ਆ ਰਹੀਆਂ ਹਨ। ਡਾਨ ਨਿਊਜ਼ ਮੁਤਾਬਕ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀਆਂ ਨੂੰ ਹੁਣ ਤੱਕ ਕਰਾਚੀ ਦੀਆਂ ਸੜਕਾਂ 'ਤੇ 30 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ।