ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਕੁਵੈਤ ਲਈ ਰਵਾਨਾ ਹੋਏ
ਨਵੀਂ ਦਿੱਲੀ, 13 ਜੂਨ, ਦੇਸ਼ ਕਲਿਕ ਬਿਊਰੋ :
ਕੁਵੈਤ ਦੇ ਮੰਗਾਫ ਸ਼ਹਿਰ 'ਚ 6 ਮੰਜ਼ਿਲਾ ਇਮਾਰਤ 'ਚ ਅੱਗ ਲੱਗਣ ਕਾਰਨ 49 ਮਜ਼ਦੂਰਾਂ ਦੀ ਮੌਤ ਹੋ ਗਈ। 50 ਤੋਂ ਵੱਧ ਲੋਕ ਜ਼ਖਮੀ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ ਮਰਨ ਵਾਲਿਆਂ 'ਚੋਂ 40 ਦੇ ਕਰੀਬ ਭਾਰਤੀ ਹਨ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ 42 ਮ੍ਰਿਤਕਾਂ ਦੀ ਪਛਾਣ ਭਾਰਤੀ ਵਜੋਂ ਹੋਈ ਹੈ। ਬਾਕੀ ਮ੍ਰਿਤਕ ਪਾਕਿਸਤਾਨ, ਫਿਲੀਪੀਨਜ਼, ਮਿਸਰ ਅਤੇ ਨੇਪਾਲ ਦੇ ਹਨ।
ਇਹ ਹਾਦਸਾ ਕੁਵੈਤ ਦੇ ਸਮੇਂ ਮੁਤਾਬਕ ਬੁੱਧਵਾਰ ਸਵੇਰੇ ਕਰੀਬ 4:30 ਵਜੇ ਵਾਪਰਿਆ। ਗਰਾਊਂਡ ਫਲੋਰ ਦੀ ਰਸੋਈ 'ਚ ਲੱਗੀ ਅੱਗ ਤੇਜ਼ੀ ਨਾਲ ਪੂਰੀ ਇਮਾਰਤ 'ਚ ਫੈਲ ਗਈ। ਕਈ ਲੋਕ ਇਮਾਰਤ ਦੇ ਅੰਦਰ ਫਸ ਗਏ ਅਤੇ ਧੂੰਏਂ ਵਿੱਚ ਦਮ ਘੁੱਟਣ ਕਾਰਨ ਮੌਤ ਹੋ ਗਈ।
ਪੀਐਮ ਮੋਦੀ ਨੇ ਹਾਦਸੇ ਨੂੰ ਲੈ ਕੇ ਦਿੱਲੀ ਵਿੱਚ ਸਮੀਖਿਆ ਬੈਠਕ ਬੁਲਾਈ, ਜਿਸ ਤੋਂ ਬਾਅਦ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਕੁਵੈਤ ਲਈ ਰਵਾਨਾ ਹੋ ਗਏ। ਉਹ ਅੱਗ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਰਾਹਤ ਪਹੁੰਚਾਉਣ ਅਤੇ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਜਲਦੀ ਵਾਪਸ ਲਿਆਉਣ ਵਿੱਚ ਮਦਦ ਕਰਨਗੇ।ਪੀਐਮ ਮੋਦੀ ਨੇ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ ਪੀੜਤਾਂ ਨੂੰ 2 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਹੈ।