ਨਵੀਂ ਦਿੱਲੀ, 31 ਮਈ, ਦੇਸ਼ ਕਲਿੱਕ ਬਿਓਰੋ :
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅਦਾਲਤ ਨੇ ਤਕੜਾ ਝਟਕਾ ਦਿੰਦੇ ਹੋਏ 34 ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਸਾਬਕਾ ਰਾਸ਼ਟਰਪਤੀ ਟਰੰਪ ਨੂੰ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਹੈ। ਅਦਾਲਤ ਨੇ ਟਰੰਪ ਨੂੰ ਹਸ਼ ਮਨੀ ਕੇਸ ਵਿੱਚ ਸਾਰੇ 34 ਮਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਇਹ ਫੈਸਲਾ ਪੋਰਨ ਸਟਾਰ ਸਟਾਰਮੀ ਡੇਨੀਅਲਸ ਨੂੰ ਚੁੱਪ ਕਰਾਉਣ ਲਈ ਕੀਤੇ ਗਏ ਭੁਗਤਾਨ ਨੂੰ ਛੁਪਾਉਣ ਬਦਲੇ ਰਿਕਾਰਡ ਵਿੱਚ ਹੇਰਾਫੇਰੀ ਕਰਨ ਦੇ 34 ਮਾਮਲਿਆਂ ਵਿੱਚ ਆਇਆ ਹੈ।
ਜੂਰੀ ਦੇ ਫੈਸਲੇ ਤੋਂ ਬਾਅਦ ਟਰੰਪ ਨੇ ਮੁਕਦਮੇ ਦੀ ਸਖਤ ਨਿੰਦਾ ਕੀਤੀ, ਇਸ ਨੂੰ ਅਪਮਾਨਜਨਕ ਕਰਾਰ ਦਿੱਤਾ ਅਤੇ ਧੰਦਲੀ ਦੱਸਿਆ। ਟਰੰਪ ਨੇ ਅਦਾਲਤ ਵਿਚੋਂ ਨਿਕਲਣ ਬਾਅਦ ਆਪਣਾ ਅਸਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ, ਅਸੀਂ ਕੋਈ ਗਲਤ ਕੰਮ ਨਹੀਂ ਕੀਤਾ।
ਟਰੰਪ ਦੀ ਕਾਨੂੰਨੀ ਟੀਮ ਨੇ ਫੈਸਲੇ ਨੂੰ ਚੁਣੌਤੀ ਦੇਣ ਦੀ ਗੱਲ ਕਹੀ ਹੈ। ਜੱਜ ਜੁਆਨ ਮਰਚਨ ਨੇ ਟਰੰਪ ਨੂੰ ਬਰੀ ਕਰਨ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਅਤੇ 11 ਜੁਲਾਈ ਨੂੰ ਸਜ਼ਾ ਸੁਣਾਉਣ ਦੀ ਮਿਤੀ ਤੈਅ ਕੀਤੀ ਗਈ ਹੈ।