ਮੋਰਿੰਡਾ 8 ਮਈ( ਭਟੋਆ)
ਪੰਜਾਬ ਦੇ ਸਿੱਖਿਆ ਵਿਭਾਗ ਨੇ ਸੂਬੇ ਦੇ 118 ਸਕੂਲ ਆਫ ਐਮੀਨੈਂਸ ਅਤੇ 10 ਮੈਰੀਟੋਰੀਅਸ ਸਕੂਲਾਂ ਵਿੱਚ ਗਿਆਰਵੀਂ ਜਮਾਤ ਵਿੱਚ ਦਾਖਲਾ ਪ੍ਰੀਕਿਰਿਆ ਸ਼ੁਰੂ ਕਰਨ ਲਈ ਕਾਂਊਸਲਿੰਗ ਸਬੰਧੀ ਸ਼ੈਡਿਊਲ ਜਾਰੀ ਕਰ ਦਿੱਤਾ ਹੈ।ਜਿਸ ਅਨੁਸਾਰ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਲੈਣ ਲਈ ਆਯੋਜਿਤ ਕੀਤੀ ਗਈ ਸਾਂਝੀ ਦਾਖਲਾ ਪ੍ਰੀਖਿਆ ਦੀਆਂ ਮੈਰਿਟ ਸੂਚੀਆਂ ਜਾਰੀ ਕਰਕੇ 9 ਮਈ ਤੋ 13 ਮਈ ਤੱਕ ਅਤੇ ਸਕੂਲ ਆਫ ਐਮੀਨੈਂਸ ਵਿੱਚ 15 ਮਈ ਤੋ ਕਾਂਊਸਲਿੰਗ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਲਈ ਸੂਬੇ ਦੇ 23 ਜਿਲਿਆਂ ਵਿੱਚ ,ਜਿਲਾ ਪੱਧਰ ਤੇ ਕਾਂਊਸਲਿੰਗ ਕੇਂਦਰ ਸਥਾਪਿਤ ਕੀਤੇ ਗਏ ਹਨ। ਜਿੱਥੇ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੇ ਦਸਤਾਵੇਜ ਵੈਰੀਫਾਈ ਕੀਤੇ ਜਾਣਗੇ ।
ਸਿੱਖਿਆ ਵਿਭਾਗ ਵੱਲੋ ਜਾਰੀ ਸ਼ੈਡਿਊਲ ਅਨੁਸਾਰ 9 ਮਈ ਤੋ ਮੈਰੀਟੋਰੀਅਸ ਸਕੂਲਾਂ ਵਿੱਚ 4600 ਸੀਟਾਂ ( 2875 ਲੜਕੀਆਂ ਤੇ 1725 ਲੜਕੇ) ਲਈ ਕਾਂਊਸਲਿੰਗ ਕੀਤੀ ਜਾਣੀ ਹੈ, ਜਿਸ ਲਈ ਵਿਭਾਗ ਵੱਲੋ ਮੈਰਿਟ ਸੂਚੀ ਵੀ ਜਾਰੀ ਕੀਤੀ ਗਈ ਹੈ । ਵਿਭਾਗ ਵੱਲੋ ਲੜਕੇ ਅਤੇ ਲੜਕੀਆਂ ਦੀ ਜਾਰੀ ਕੀਤੀ ਵੱਖੋ ਵੱਖਰੀ ਮੈਰਿਟ ਸੂਚੀ ਅਨੁਸਾਰ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਵਿਦਿਆਰਥੀਆਂ ਦੀਆਂ ਚਾਰ ਕੈਟਾਗਰੀਜ ਬਣਾਈਆਂ ਗਈਆਂ ਹਨ ਜਿਨਾਂ ਵਿੱਚ ਜਨਰਲ , ਪ੍ਰਾਈਵੇਟ ਸਕੂਲ, ਵੂਮਨ ਹੈਡਡ ਹਾਊਸ ਹੋਲਡ, ਅਤੇ ਦਿਵਿਆਂਗ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। 2421 ਲੜਕਿਆਂ ਦੀ ਮੈਰਿਟ ਸੂਚੀ ਅਨੁਸਾਰ ਜਨਰਲ ਵਰਗ ਦੇ ਵਿਦਿਆਰਥੀਆਂ ( ਲੜਕਿਆਂ) ਨੂੰ 83 ਅੰਕ ਤੋਂ ਲੈ ਕੇ 143 ਅੰਕ ਤੱਕ, ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਨੂੰ 53 ਅੰਕ ਤੋਂ ਲੈ ਕੇ 135 ਤੱਕ ਅਤੇ ਦਿਵਿਆਂਗ ਵਿਦਿਆਰਥੀਆਂ ਨੂੰ 54 ਅੰਕ ਤੋਂ ਲੈ ਕੇ 102 ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੌਂਸਲਿੰਗ ਲਈ ਬੁਲਾਇਆ ਗਿਆ ਹੈ ਜਦਕਿ 3843 ਵਿਦਿਆਰਥਣਾ ਜਾਰੀ ਦਿੱਤੀ ਗਈ ਮੈਰਿਟ ਸੂਚੀ ਵਿੱਚ 90 ਤੋ 143 ਅੰਕ ਹਾਸਲ ਕਰਨ ਵਾਲੀਆਂ ਜਨਰਲ ਵਰਗ ਦੀਆਂ ਵਿਦਿਆਰਥਣਾਂ ਨੂੰ, 53 ਤੋ 128 ਅੰਕ, ਵੂਮਨ ਹੈਡਡ ਹਾਊਸ ਨਾਲ ਸੰਬੰਧਿਤ ਵਿਦਿਆਰਥਣਾਂ ਲਈ 53 ਤੋ 122 ਅੰਕ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਅਤੇ 54 ਤੋ 93 ਅੰਕ ਲੈਣ ਵਾਲੀਆਂ ਦਿਵਿਆਂਗ ਵਿਦਿਆਰਥਣਾਂ ਨੂੰ ਕੌਂਸਲਿੰਗ ਲਈ ਯੋਗ ਐਲਾਨਿਆ ਗਿਆ।
ਪੰਜਾਬ ਦੇ, ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਾਰੇ 23 ਜਿਲ੍ਹਿਆਂ ਵਿੱਚ ਜਿਲਾ ਪੱਧਰ ਤੇ ਸਥਾਪਿਤ ਕੀਤੇ ਗਏ ਕੌਂਸਲਿੰਗ ਸੈਂਟਰਾਂ ਵਿੱਚ ਉਪਰੋਕਤ ਯੋਗ ਵਿਅਕਤੀਆਂ ਦੇ ਦਸਤਾਵੇਜ ਵੈਰੀਫਾਈ ਕਰਨ ਲਈ ਸਕੂਲ ਪ੍ਰਿੰਸੀਪਲਾਂ ਦੀ ਅਗਵਾਈ ਹੇਠ ਛੇ ਮੈਂਬਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਿਨਾਂ ਵਿੱਚ ਸਾਇੰਸ ਅਤੇ ਕਮਰਸ ਵਿਸ਼ਿਆਂ ਦੇ ਲੈਕਚਰਾਂ ਤੋਂ ਬਿਨਾਂ ਕੰਪਿਊਟਰ ਫੈਕਲਟੀ ਅਤੇ ਇੱਕ ਇੱਕ 9 ਟੀਚਿੰਗ ਸਟਾਫ ਮੈਂਬਰ ਨੂੰ ਸ਼ਾਮਿਲ ਕੀਤਾ ਗਿਆ ਹੈ।
ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਸੂਬੇ ਦੇ ਸਾਰੇ ਮੈਰੀਟੋਰੀਅਸ ਸਕੂਲਾਂ ਵਿੱਚ 60% ਸੀਟਾਂ ਲੜਕੀਆਂ ਲਈ ਅਤੇ 40% ਸੀਟਾਂ ਲੜਕਿਆਂ ਲਈ ਰਾਖਵੀਆਂ ਹਨ ਜਦਕਿ ਮੈਰੀਟੋਰੀਅਸ ਸਕੂਲ ਤਲਵਾੜਾ ਵਿੱਚ ਸਾਰੀਆਂ ਸੀਟਾਂ ਲੜਕੀਆਂ ਲਈ ਰਾਖਵੀਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਪ੍ਰਾਈਵੇਟ ਸਕੂਲ ਅਤੇ ਮਾਨਤਾ ਪ੍ਰਾਪਤ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਲਈ 10 ਪ੍ਰਤੀਸ਼ਤ ਸੀਟਾਂ ਆਟਾ ਦਾਲ ਸਕੀਮ ਤਹਿਤ ਰਿਜਰਵ ਹਨ, ਸਰੀਰਕ ਪੱਖੋਂ ਵਿਕਲਾਂਗ ਲੜਕੀਆਂ ਲਈ 10 ਪ੍ਰਤੀਸ਼ਤ ਅਤੇ ਲੜਕਿਆਂ ਲਈ ਪੰਜ ਪ੍ਰਤੀਸ਼ਤ ਸੀਟਾਂ, ਜਦ ਕਿ ਵੂਮੈਨ ਹੈਡਡ ਹਾਊਸ ਹੋਲਡ ਲਈ 20% ਸੀਟਾਂ ਰਾਖਵੀਂਆਂ ਕੀਤੀਆਂ ਗਈਆਂ ਹਨ।
ਇਹਨਾਂ ਸਕੂਲਾਂ ਵਿੱਚ ਦਾਖਲਾ ਲੈਣ ਲਈ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਵਿਦਿਆਰਥੀਆਂ ਦੇ ਦਸਵੀਂ ਜਮਾਤ ਵਿੱਚੋਂ 65 ਪ੍ਰਤੀਸ਼ਤ ਨੰਬਰ ਅਤੇ ਬਾਕੀ ਸਾਰੀ ਕੈਟਾਗਰੀਆਂ ਦੇ ਵਿਦਿਆਰਥੀਆਂ ਲਈ 70% ਨੰਬਰ ਹਾਸਲ ਕਰਨੇ ਲਾਜ਼ਮੀ ਕੀਤੇ ਗਏ ਹਨ, ਅਤੇ ਇਹਨਾਂ ਨੰਬਰਾਂ ਤੋਂ ਘੱਟ ਲੈਣ ਵਾਲੇ ਕਿਸੇ ਵੀ ਵਿਦਿਆਰਥੀ ਨੂੰ ਦਾਖਲੇ ਲਈ ਵਿਚਾਰਿਆਂ ਨੇ ਹੀ ਜਾਵੇਗਾ ਭਾਵੇਂ ਕਿ ਉਹਨਾਂ ਦਾ ਨਾਮ ਵਿਭਾਗ ਵੱਲੋਂ ਜਾਰੀ ਮੈਰਿਟ ਸੂਚੀ ਵਿੱਚ ਸ਼ਾਮਿਲ ਵੀ ਕਿਉਂ ਨਾ ਹੋਵੇ। ਸਿੱਖਿਆ ਵਿਭਾਗ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਇਹਨਾਂ ਸਕੂਲਾਂ ਵਿੱਚ ਦਾਖਲਾ ਮੈਰਿਟ ਸੁਚੀ ਅਨੁਸਾਰ ਹੀ ਕੀਤਾ ਜਾਵੇਗਾ ਅਤੇ ਦਾਖਲੇ ਲਈ ਚੁਣੇ ਜਾਣ ਵਾਲੇ ਵਿਦਿਆਰਥੀਆਂ ਨੂੰ ਦੋ ਦਿਨਾਂ ਦੇ ਅੰਦਰ ਅੰਦਰ ਅਲਾਟ ਹੋਏ ਸਕੂਲ ਨੂੰ ਹਾਜਰੀ ਦੇਣੀ ਹੋਵੇਗੀ।
ਸਿੱਖਿਆ ਵਿਭਾਗ ਵੱਲੋਂ ਮੈਰਿਟ ਸੂਚੀ ਵਿੱਚ ਆਏ ਵਿਦਿਆਰਥੀਆਂ ਨੂੰ ਸੂਬੇ ਦੇ ਕਿਸੇ ਵੀ ਕੌਂਸਲਿੰਗ ਕੇਂਦਰ ਤੇ ਜਾ ਕੇ ਕੌਂਸਲਿੰਗ ਅਟੈਂਡ ਕਰਨ ਦੀ ਸਹੂਲਤ ਦਿੱਤੀ ਗਈ ਹੈ।