ਮੋਰਿੰਡਾ 6 ਮਾਰਚ ( ਭਟੋਆ)
ਸਰਕਾਰੀ ਹਾਈ ਸਕੂਲ ਮੜੋਲੀ ਕਲਾਂ ਦੇ ਵਿਦਿਆਰਥੀਆਂ ਨੇ ਗਣਿਤ ਪ੍ਰੀਮੀਅਰ ਲੀਗ ਵਿੱਚ ਲਗਾਤਾਰ ਦੋ ਹਫ਼ਤੇ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਕਮਲ ਸਿੰਘ ਕੰਗ ਨੇ ਦੱਸਿਆ ਕਿ ਐਸ ਸੀ ਈ ਆਰ ਟੀ ਪੰਜਾਬ ਵਲੋਂ ਵਿਦਿਆਰਥੀਆਂ ਦੀ ਗਣਿਤ ਵਿਸ਼ੇ ਵਿੱਚ ਪ੍ਰਤਿਭਾ ਵਧਾਉਣ ਲਈ ਖਾਨ ਅਕੈਡਮੀ ,ਦੇ ਸਹਿਯੋਗ ਨਾਲ਼ ਇਹ ਲੀਗ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਇਸ ਸਕੂਲ ਦੇ ਵਿਦਿਆਰਥੀਆਂ ਨੇ ਲਗਾਤਾਰ ਦੋ ਹਫ਼ਤੇ ਜਿਲ੍ਹੇ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮਾਣਮੱਤੀ ਪ੍ਰਾਪਤੀ ਲਈ ਡਾਇਰੈਕਟਰ ਐਸ ਸੀ ਈ ਆਰ ਟੀ ਅਮਨਿੰਦਰ ਕੌਰ ਬਰਾੜ ਵਲੋਂ ਸਕੂਲ ਦੇ ਗਣਿਤ ਅਧਿਆਪਕ ਅਜੇ ਅਰੋੜਾ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਸਕੂਲ ਵਿੱਚ ਮੁੱਖ ਅਧਿਆਪਕਾ ਕੁਲਵੰਤ ਕੌਰ ਦੀ ਅਗਵਾਈ ਵਿੱਚ ਪ੍ਰਾਪਤੀ ਹਾਸਲ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਮੇਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਮੌਕੇ ਸਟੇਟ ਐਵਾਰਡੀ ਸਤਵਿੰਦਰ ਸਿੰਘ, ਹਰਪ੍ਰੀਤ ਸਿੰਘ , ਭਵਨਦੀਪ ਸਿੰਘ , ਵਰਿੰਦਰਪਾਲ ਕੌਰ, ਸੁਖਵਿੰਦਰ ਕੌਰ, ਸਾ਼ਰਧਾ ਰਾਣੀ, ਬਬੀਤਾ ਰਾਣੀ, ਸੁਖਵਿੰਦਰ ਸਿੰਘ ,ਰਿਤੂ ਮਹਿਤਾ, ਸ਼ਵੇਤਾ ਬਾਂਸਲ, ਸ਼ੋਭਨਾ ਸ਼ਰਮਾ ਅਤੇ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।