ਲਹਿਰਾਗਾਗਾ 13 ਜਨਵਰੀ : ਦੇਸ਼ ਕਲਿੱਕ ਬਿਓਰੋ
ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਖੇ ਲੋਹੜੀ ਦਾ ਤਿਓਹਾਰ ਮਨਾਇਆ ਗਿਆ। ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਅਤੇ ਸਕੂਲ ਦਾ ਸਮੂਹ ਸਟਾਫ ਨੇ ਬੜੇ ਉਤਸ਼ਾਹ ਨਾਲ ਖ਼ੁਸ਼ੀਆਂ ਦਾ ਇਜ਼ਹਾਰ ਕੀਤਾ। ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਨੱਚ-ਗਾ ਕੇ ਇਸ ਤਿਉਹਾਰ ਨੂੰ ਮਨਾਇਆ ਗਿਆ। ਸਰਦੀ ਨੂੰ ਦੂਰ ਕਰਨ ਲਈ ਧੂਣੀਆਂ ਲਾ ਕੇ ਸੁੰਦਰ ਮੁੰਦਰੀਏ ਹੋ... ਅਤੇ ਹੋਰ ਲੋਕ-ਗੀਤਾਂ, ਬੋਲੀਆਂ ਅਤੇ ਟੱਪਿਆਂ ਦੀ ਪੇਸ਼ਕਾਰੀ ਦੇ ਨਾਲ-ਨਾਲ ਚਰਚਿਤ ਪੰਜਾਬੀ ਗੀਤਾਂ 'ਤੇ ਨਾਚ ਕੀਤਾ।
ਸਕੂਲ ਪ੍ਰਬੰਧਕ ਮੈਡਮ ਅਮਨ ਢੀਂਡਸਾ ਨੇ
ਲੋਹੜੀ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਦੁੱਲਾ ਭੱਟੀ ਦੀ ਦੰਦ ਕਥਾ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਮੁਕਾਬਲੇ ਦੇ ਯੁੱਗ ਵਿੱਚ ਵਿਦਿਆਰਥੀਆਂ ਨੂੰ ਦਲਿੱਦਰ ਭਾਵ ਕਿਸੇ ਵੀ ਮਾੜੀ ਆਦਤ ਤੋਂ ਦੂਰ ਰਹਿੰਦਿਆਂ ਮਿਹਨਤ ਨਾਲ ਈਸ਼ਵਰ ਭਾਵ ਸਫ਼ਲਤਾ ਨੂੰ ਹਾਸਲ ਕਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਇਹ ਤਿਉਹਾਰ ਸਾਡੇ ਭਾਈਚਾਰੇ ਵਿੱਚ ਮਿਲਵਰਤਨ ਦੀ ਭਾਵਨਾ ਨੂੰ ਵਧਾਉਂਦਾ ਹੈ। ਇਸ ਮੌਕੇ ਗੁੜ੍ਹ ਦੀਆਂ ਰਿਓੜੀਆਂ, ਗੱਚਕ ਅਤੇ ਮੰਗਫਲੀ ਸਭਨੇ ਰਲ਼ ਬਹਿਕੇ ਖਾਧੀਆਂ। ਇਸ ਮੌਕੇ ਪ੍ਰਿੰਸੀਪਲ ਬਿਬਿਨ ਅਲੈਗਜ਼ੈਂਡਰ, ਹੋਲੀ ਮਿਸ਼ਨ ਸਕੂਲ ਦੇ ਪ੍ਰਿੰਸੀਪਲ ਮੈਡਮ ਚਰਨਦੀਪ ਕੌਰ, ਕੋਆਰਡੀਨੇਟਰ ਨਰੇਸ਼ ਚੌਧਰੀ, ਹਰਵਿੰਦਰ ਸਿੰਘ, ਸੁਭਾਸ਼ ਮਿੱਤਲ ਵੀ ਮੌਜੂਦ ਸਨ।