65 ਵਾਰ ਕਰ ਚੁੱਕੇ ਨੇ ਖੂਨਦਾਨ
ਮੋਹਾਲੀ: 30 ਦਸੰਬਰ, ਜਸਵੀਰ ਸਿੰਘ ਗੋਸਲ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਸੁਰਜੀਤ ਸਿੰਘ ਲੱਗਭੱਗ 30 ਸਾਲਾਂ ਦੀ ਅਧਿਆਪਨ ਸੇਵਾ ਪਿੱਛੋਂ 31 ਦਸੰਬਰ 2023 ਨੂੰ ਸਸਸਸ ਬੂਟਾ ਸਿੰਘ ਵਾਲਾ ( ਮੋਹਾਲੀ ) ਤੋਂ ਸੇਵਾ ਨਵਿਰਤ ਹੋ ਰਹੇ ਹਨ । 30 ਸਾਲਾਂ ਦੀ ਲਾ-ਮਿਸਾਲ ਸੇਵਾ ਦੌਰਾਨ ਉਨ੍ਹਾਂ ਨਾ ਸਿਰਫ ਇੱਕ ਅਧਿਆਪਕ ਵੱਜੋਂ ਸਗੋ ਇੱਕ ਯੋਗ ਆਗੂ ਵੱਜੋ ਸੂਬੇ ਭਰ ਦੇ ਅਧਿਆਪਕਾਂ ਦੇ ਹਿਤਾਂ ਦੀ ਰਾਖੀ ਲਈ ਇੱਕ ਰਾਹ ਦਸੇਰੇ, ਨਿਧੜਕ ਯੋਧੇ ਦੀ ਭੂਮਿਕਾ ਨਿਭਾਈ।
ਅਧਿਆਪਕ ਵੱਜੋ ਸਰਕਾਰੀ ਸੇਵਾ ਵਿੱਚ ਆਉਂਦਿਆ ਹੀ ਸੁਰਜੀਤ ਸਿੰਘ ਅਤੇ ਨਾਲ ਭਰਤੀ ਹੋਏ ਹੋਰ ਅਧਿਆਪਕਾਂ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਉੱਚ ਅਦਾਲਤ ਵੱਲੋਂ ਉਹਨਾਂ ਸਮੇਤ ਸੂਬੇ ਭਰ ਦੇ ਅਧਿਆਪਕਾਂ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ। ਮੁੜ ਨਿਯੁਕਤੀ ਦੇ ਸੰਘਰਸ਼ ਲਈ ਨਵ ਨਿਯੁਕਤ ਅਧਿਆਪਕ ਯੂਨੀਅਨ ਪੰਜਾਬ ਦੀ ਸਥਾਪਨਾ ਕੀਤੀ ਗਈ ਜਿਸ ਵਿੱਚ ਸੁਰਜੀਤ ਸਿੰਘ ਨੇ ਪੰਜਾਬ ਦੇ ਜਨਰਲ ਸਕੱਤਰ ਦੇ ਤੌਰ ਤੇ ਅਗਵਾਈ ਕੀਤੀ ਤੇ ਇਸ ਸੰਘਰਸ਼ ਕਰਕੇ ਸਰਕਾਰ ਨੂੰ ਸਾਰੇ ਅਧਿਆਪਕਾਂ ਨੂੰ ਦੁਬਾਰਾ ਪੂਰੇ ਲਾਭਾਂ ਸਮੇਤ ਨੌਕਰੀ ਤੇ ਬਹਾਲ ਕਰਨਾ ਪਿਆ। ਬਾਅਦ ਵਿੱਚ ਸੁਰਜੀਤ ਸਿੰਘ ਅਧਿਆਪਕਾਂ ਦੀ ਮੁੱਖ ਜਥੇਬੰਦੀ ਜੀ.ਟੀ.ਯੂ. ਵਿੱਚ ਸ਼ਾਮਲ ਹੋ ਗਏ ਅਤੇ ਉਸ ਵਿੱਚ ਬਲਾਕ ਪ੍ਰਧਾਨ , ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਦੇ ਪ੍ਰੈਸ ਸਕੱਤਰ ਤੱਕ ਦੀ ਜਿੰਮੇਵਾਰੀ ਨਿਭਾਈ ।
ਅਧਿਆਪਕ ਹਿਤਾਂ ਦੀ ਪ੍ਰਾਪਤੀ ਲਈ ਯੂਨੀਅਨ ਦੇ ਉਲੀਕੇ ਹਰ ਪ੍ਰੋਗਰਾਮ ਨੂੰ ਸਫਲ ਬਣਾਉਣਾ ਸਾਥੀ ਸੁਰਜੀਤ ਨੇ ਆਪਣਾ ਪਹਿਲਾ ਫਰਜ਼ ਮੰਨਿਆ। ਸਮੂਹ ਅਧਿਆਪਕ ਅਤੇ ਬੱਚਿਆਂ ਦੇ ਹਿਤਾਂ ਲਈ ਲੜਦੇ ਸਮੇਂ ਕਈ ਵਾਰ ਇਹਨਾਂ ਨੂੰ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਵੀ ਹੋਣਾ ਪਿਆ , ਇੱਥੋਂ ਤੱਕ ਕਿ ਨੌਕਰੀ ਤੋਂ ਸਸਪੈਂਡ ਵੀ ਹੋਣਾ ਪਿਆ ।ਪਰ ਸੁਰਜੀਤ ਸਿੰਘ ਹਮੇਸ਼ਾ ਬੁਲੰਦ ਹੌਸਲੇ ਚ ਰਹੇ ਤੇ ਲੋਕ ਸੰਘਰਸ਼ਾਂ ਚ ਵੱਧ ਚੜ ਕੇ ਅਗਵਾਈ ਕਰਦੇ ਰਹੇ।
ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਾਥੀ ਸੁਰਜੀਤ ਸਿੰਘ ਇੱਕ ਯੋਗ ਅਧਿਆਪਕ, ਨਿਧੜਕ ਆਗੂ, ਨਿਸ਼ਵਾਰਥ ਸਮਾਜ ਸੇਵੀ,ਤਰਕਸ਼ੀਲ , ਬੁੱਧੀਜੀਵੀ, ਅਤੇ ਯੋਗ ਨਿਰਵਾਣ ਵਿਅਕਤੀ ਦੇ ਤੌਰ 'ਤੇ ਜਾਣੇ ਜਾਂਦੇ ਹਨ।ਸਮਾਜ ਵਿੱਚੋਂ ਅੰਧ-ਵਿਸ਼ਵਾਸਾਂ ਦੇ ਖ਼ਾਤਮੇ ਲਈ ਆਪ ਤਰਕਸ਼ੀਲ ਲਹਿਰ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਤੇ ਹੁਣ ਮੌਜੂਦਾ ਸਮੇ ਮੋਹਾਲੀ ਇਕਾਈ ਦੇ ਜਥੇਬੰਦਕ ਮੁਖੀ ਦੇ ਤੌਰ ਤੇ ਸੇਵਾ ਨਿਭਾਅ ਰਹੇ ਹਨ। ਪਿੰਡ-ਪਿੰਡ ਜਾ ਕੇ ਵਹਿਮਾਂ-ਭਰਮਾਂ , ਅੰਧ-ਵਿਸ਼ਵਾਸਾਂ ਵਿਰੁੱਧ ਤਰਕਸ਼ੀਲਾਂ ਵੱਲੋਂ ਨਾਟਕਾਂ, ਸਾਹਿਤ, ਭਾਸ਼ਣਾ ਆਦਿ ਦੀ ਮੁਹਿੰਮ ਨੂੰ ਚਲਾਈ ਰੱਖਣ ਲਈ ਆਪਣਾ ਭਰਵਾਂ ਸਹਿਯੋਗ ਦੇ ਰਹੇ ਹਨ ।
ਇਹਨਾਂ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਜਿੱਥੇ ਇਹ ਨੌਜਵਾਨਾਂ ਨੂੰ ਸਮਾਜ ਸੇਵਾ ਲਈ ਉਤਸ਼ਾਹਿਤ ਕਰਦੇ ਹਨ ਉੱਥੇ ਪਹਿਲਾਂ ਆਪ ਰਾਹ ਦਸੇਰਾ ਬਣਦੇ ਹਨ । ਇਹ ਆਪ ਹੁਣ ਤੱਕ 65 ਵਾਰ ਖੂਨਦਾਨ ਕਰ ਚੁੱਕੇ ਹਨ। ਬੇਸ਼ੱਕ ਇੱਕ ਨੌਜਵਾਨ ਅਧਿਆਪਕ ਵਜੋਂ ਸੇਵਾ ਵਿੱਚ ਆਉਣ ਤੋਂ ਲੈ ਕੇ ਬਤੌਰ ਜੀਵ-ਵਿਗਿਆਨ ਲੈਕਚਰਾਰ ਵੱਜੋਂ ਸੇਵਾ ਨਵਿਰਤ ਹੋਣ ਤੱਕ ਸਾਥੀ ਸੁਰਜੀਤ ਸਿੰਘ ਦਾ ਜੀਵਨ ਇੱਕ ਤਿੱਖੇ ਪਰ ਸਫਲ ਸੰਘਰਸ਼ੀ ਯੋਧੇ ਦੀ ਮਿਸਾਲ ਰਿਹਾ ਹੈ। ਸੂਬੇ ਅਤੇ ਦੇਸ਼ ਵਿੱਚ ਸਾਮਰਾਜ ਵਿਰੁੱਧ ਮੱਧਮ ਪੈ ਰਹੀ ਸੰਘਰਸ਼ਾਂ ਦੀ ਸਮਾਜਵਾਦੀ ਲੋਕ-ਲਹਿਰ ਨੂੰ ਮਘਾਈ ਰੱਖਣ ਲਈ ਸਾਥੀ ਸੁਰਜੀਤ ਦਾ ਸੰਘਰਸ਼ਮਈ ਅਧਿਆਪਨ ਕਾਲ ਨਵੀਂ ਪੀੜ੍ਹੀ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਲਈ ਰਾਹ-ਦਸੇਰਾ ਰਹੇਗਾ।