ਮੋਹਾਲੀ, 20 ਦਸੰਬਰ, ਦੇਸ਼ ਕਲਿੱਕ ਬਿਓਰੋ
ਇਲਾਕੇ ਦੀ ਸਿਰਮੌਰ ਵਿਦਿਅਕ ਸੰਸਥਾ ਸੇਂਟ ਸੋਲਜਰ ਇੰਟਰਨੈਸ਼ਨਲ ਕਾਨਵੈਂਟ ਸਕੂਲ, ਫੇਜ਼ 7, ਮੋਹਾਲੀ ਵਲੋਂ ਸਕੂਲ ਦੇ ਸੰਸਥਾਪਕ ਚੇਅਰਮੈਨ ਸ. ਕਰਨੈਲ ਸਿੰਘ ਬਰਾੜ ਦੇ ਜਨਮ ਦਿਨ ਦੀ ਯਾਦ ਵਿੱਚ ਅੱਜ ਸੰਸਥਾਪਕ ਦਿਵਸ ਮਨਾਇਆ ਗਿਆ। ਇਹ ਸਮਾਗਮ ਇੱਕ ਅਧਿਆਤਮਿਕ ਅਤੇ ਖੁਸ਼ੀ ਭਰੇ ਮਾਹੌਲ ਦਾ ਵਾਅਦਾ ਕਰਦਾ ਚੇਅਰਮੈਨ ਸਾਹਿਬ ਦੀ ਸੋਚ ਨੂੰ ਸਮਰਪਿਤ ਹੋਇਆ। ਇਸ ਦਿਨ ਨੂੰ ਮਨਾਉਣ ਦਾ ਮੁੱਖ ਟੀਚਾ ਸਮਾਗਮ ਵਿਚ ਮੌਜੂਦ ਹਰ ਕਿਸੇ ਵਿਚ ਏਕਤਾ ਅਤੇ ਅਦੁੱਤੀ ਆਨੰਦ ਦਾ ਸੰਦੇਸ਼ ਦੇਣਾ ਸੀ।
ਇਸ ਸਮਾਗਮ ਦੀ ਸ਼ੁਰੂਆਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਵਿੱਤਰ ਪਾਠ ਨਾਲ ਹੋਈ। ਇਸ ਪਵਿੱਤਰ ਬਾਣੀ ਦੇ ਲੜ ਲਗਦਿਆਂ ਉਹਨਾਂ ਆਪਣੀ ਜ਼ਿੰਦਗੀ ਵਿਚ ਲੋਕ ਸੇਵਾ ਅਤੇ ਵਿਦਿਆ ਦੇ ਚਾਨਣ ਨੂੰ ਘਰ ਘਰ ਵਿਚ ਫੈਲਾਉਣ ਦਾ ਪ੍ਰਣ ਕੀਤਾ। ਇਸ ਮਾਰਗ ਉਤੇ ਚਲਦਿਆਂ ਉਹਨਾਂ ਸਮਾਜ ਵਿਚ ਭਾਈਚਾਰਕ ਸਾਂਝ ਬਣਾਈ ਰੱਖਣ, ਸ਼ਾਂਤੀ ਅਤੇ ਏਕਤਾ ਦੀ ਭਾਵਨਾ ਦਾ ਸੱਦਾ ਦਿੱਤਾ।
ਇਸ ਦੌਰਾਨ ਸਕੂਲ ਦੇ ਨੰਨ੍ਹੇ ਮੁੰਨੇ ਬੱਚਿਆਂ ਵਲੋਂ ਆਪਣੀ ਮਾਸੂਮੀਅਤ ਦਰਸਾਉਂਦਿਆਂ ਪਾਠ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਦੀਆਂ ਮਾਸੂਮ ਆਵਾਜ਼ਾਂ, 'ਸ਼ਬਦ ਗਾਇਨ' ਦੀਆਂ ਤੁਕਾਂ ਨਾਲ ਗੂੰਜਦੀਆਂ ਹੋਈਆਂ, ਮਰਹੂਮ ਚੇਅਰਮੈਨ ਦੇ ਸਾਰਿਆਂ ਲਈ ਪਿਆਰ ਅਤੇ ਹਮਦਰਦੀ ਦੇ ਦਿੱਤੇ ਸੰਦੇਸ਼ ਸਦਕਾ ਸਕੂਲ ਦਾ ਸਮੂਹ ਚੌਗਿਰਦਾ ਮਨਮੋਹਕ ਮਾਹੌਲ ਨਾਲ ਗੂੰਜ ਉੱਠਿਆ।
ਇਸ ਦੌਰਾਨ ਸਕੂਲ ਦੇ ਮੌਜੂਦਾ ਡਾਇਰੈਕਟਰ ਸ੍ਰੀ ਬਰਾੜ ਵਲੋਂ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਉਹ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਵਧੀਆ ਤੇ ਮਿਆਰੀ ਸਿੱਖਿਆ ਦੇ ਕੇ ਦੇਸ਼ ਦੇ ਚੰਗੇ ਨਾਗਰਿਕ ਬਣਾਉਣ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਕੂਲ ਦੇ ਫਾਊਂਡਰ ਚੇਅਰਮੈਨ ਸਾਹਿਬ ਦੇ ਟੀਚਿਆਂ ਨੂੰ ਪੂਰਾ ਕੀਤਾ ਜਾ ਸਕੇ।
ਇਸ ਸਮਾਗਮ ਵਿਚ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਰਲ ਮਿਲ ਕੇ ਲੰਗਰ ਤਿਆਰ ਕਰਨ ਦੀ ਨਿਰਸਵਾਰਥ ਸੇਵਾ ਨਿਭਾਉਂਦਿਆਂ ਭਾਈਚਾਰਕ ਸਾਂਝ ਦੀਆਂ ਕਦਰਾਂ-ਕੀਮਤਾਂ ਨੂੰ ਉਜਾਗਰ ਕੀਤਾ। ਅਖ਼ੀਰ ਵਿਚ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਲੰਗਰ ਵਰਤਾਇਆ ਗਿਆ।