ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਸਿਹਤ ਦਾ ਲਿਆ ਜਾਇਜ਼ਾ
ਮੈਰੀਟੋਰੀਅਸ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਤੋਂ ਹਰ ਮਹੀਨੇ ਲਿਆ ਜਾਵੇਗਾ ਫੀਡਬੈਕ ਫਾਰਮ: ਹਰਜੋਤ ਸਿੰਘ ਬੈਂਸ
ਫੀਡਬੈਕ ਫਾਰਮ ਰਾਹੀਂ ਮਿਲਣ ਵਾਲੇ ਗੰਭੀਰ ਮਾਮਲਿਆਂ ਉਤੇ ਤੁਰੰਤ ਹੋਵੇਗੀ ਕਾਰਵਾਈ
ਸਾਰੇ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਾਡੀ ਮੁੱਖ ਤਰਜੀਹ: ਸਿੱਖਿਆ ਮੰਤਰੀ
ਮੈੱਸ ਠੇਕੇਦਾਰ ਵਿਰੁੱਧ ਪੁਲਿਸ ਕੇਸ ਦਰਜ ਕਰਕੇ ਕੀਤਾ ਗਿਆ ਗ੍ਰਿਫਤਾਰ, ਮੈਰੀਟੋਰੀਅਸ ਸਕੂਲ ਦਾ ਪ੍ਰਿੰਸੀਪਲ ਮੁਅੱਤਲ: ਸਿੱਖਿਆ ਮੰਤਰੀ
ਘਬਰਾਹਟ ਮਹਿਸੂਸ ਹੋਣ ਕਾਰਨ ਦਾਖਲ ਹੋਏ ਬਹੁਤੇ ਵਿਦਿਆਰਥੀ
ਦਲਜੀਤ ਕੌਰ
ਸੰਗਰੂਰ, 2 ਦਸੰਬਰ, 2023: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਿਵਲ ਹਸਪਤਾਲ ਸੰਗਰੂਰ ਦਾ ਦੌਰਾ ਕਰਕੇ ਉਥੇ ਦਾਖਲ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਦੀ ਸਿਹਤ ਸਬੰਧੀ ਸਥਿਤੀ ਦਾ ਜਾਇਜ਼ਾ ਲਿਆ। ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ।
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਮੁਕੰਮਲ ਤੌਰ 'ਤੇ ਠੱਲ੍ਹ ਪਾਉਣ ਲਈ ਹਰ ਮਹੀਨੇ ਸਾਰੇ ਮੈਰੀਟੋਰੀਅਸ ਸਕੂਲਾਂ ਦੇ ਵਿਦਿਆਰਥੀਆਂ ਤੋਂ ਫੀਡਬੈਕ ਫਾਰਮ ਲਏ ਜਾਣਗੇ ਜੋ ਕਿ ਵਿਦਿਆਰਥੀ ਖੁਦ ਆਪਣੇ ਹੱਥੀਂ ਭਰਨਗੇ । ਸਿੱਖਿਆ ਮੰਤਰੀ ਨੇ ਦੱਸਿਆ ਕਿ ਉਹ ਖੁਦ ਇਨ੍ਹਾਂ ਫੀਡਬੈਕ ਫਾਰਮਾਂ ਨੂੰ ਪੜ੍ਹਨਗੇ ਅਤੇ ਵਿਦਿਆਰਥੀਆਂ ਵੱਲੋਂ ਦਰਜ ਕੀਤੇ ਜਾਣ ਵਾਲੇ ਵੇਰਵਿਆਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਹੀ ਇਹ ਫਾਰਮ ਪੰਜਾਬ ਦੇ ਸਾਰੇ ਮੈਰੀਟੋਰੀਅਸ ਸਕੂਲਾਂ ਵਿੱਚ ਭੇਜ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਘਾਬਦਾਂ ਵਿਖੇ ਇਸ ਠੇਕੇਦਾਰ ਨਾਲ ਫਰਵਰੀ 2023 ਵਿੱਚ ਕੰਟਰੈਕਟ ਕੀਤਾ ਗਿਆ ਸੀ ਅਤੇ ਵਿਦਿਆਰਥੀਆਂ ਦੇ ਹਿੱਤਾਂ ਤੇ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਨਿਯਮ ਤੇ ਸ਼ਰਤਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਤੋਂ ਲਈ ਜਾਣਕਾਰੀ ਵਿਚ ਪਤਾ ਲੱਗਿਆ ਹੈ ਕਿ ਦੀਵਾਲੀ ਤੋਂ ਬਾਅਦ ਖਾਣੇ ਦੀ ਗੁਣਵੱਤਾ ਵਿੱਚ ਨਿਘਾਰ ਆਇਆ ਜਿਸ ਬਾਰੇ ਇਨ੍ਹਾਂ ਵਿਦਿਆਰਥੀਆਂ ਨੇ ਸਕੂਲ ਪ੍ਰਬੰਧਕਾਂ ਨੂੰ ਵੀ ਜਾਣੂ ਕਰਵਾਇਆ ਪਰ ਸਥਿਤੀ ਵਿੱਚ ਸੁਧਾਰ ਨਹੀਂ ਹੋਇਆ।
ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਗੰਭੀਰ ਵਿਸ਼ਾ ਹੈ ਅਤੇ ਜਾਂਚ ਦੌਰਾਨ ਇਸ ਸਬੰਧੀ ਤੱਥ ਸਾਹਮਣੇ ਆਉਣ ਉੱਤੇ ਉਨ੍ਹਾਂ ਹੋਰ ਵਿਅਕਤੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਨੇ ਵਿਦਿਆਰਥੀਆਂ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੈਰੀਟੋਰੀਅਸ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਹਸਪਤਾਲ ਵਿੱਚ ਦਾਖ਼ਲ ਬੱਚਿਆਂ ਦੀ ਸਿਹਤ ਠੀਕ ਹੈ ਅਤੇ ਬਹੁਤੇ ਵਿਦਿਆਰਥੀ ਘਬਰਾਹਟ ਮਹਿਸੂਸ ਕਰਨ ਕਰਕੇ ਹਸਪਤਾਲ ਆਏ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਬੱਚੇ ਨੇ ਉਲਟੀ ਜਾਂ ਦਸਤ ਦੀ ਸ਼ਿਕਾਇਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੈਰੀਟੋਰੀਅਸ ਸਕੂਲ ਘਾਬਦਾਂ ਵਿਚ ਪਰੋਸੀ ਜਾ ਰਹੀ ਖਾਧ ਸਮੱਗਰੀ ਦੇ ਨਮੂਨੇ ਜਾਂਚ ਲਈ ਭੇਜੇ ਹੋਏ ਹਨ ਅਤੇ ਨਤੀਜੇ ਸਾਹਮਣੇ ਆਉਂਦੇ ਹੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਕੂਲੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਮਿਲ ਕੇ ਮੁਢਲੀ ਜਾਣਕਾਰੀ ਲੈਣ ਦੇ ਨਾਲ ਨਾਲ ਹਰ ਪੱਧਰ ਉੱਤੇ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ ਹੈ। ਸਿੱਖਿਆ ਮੰਤਰੀ ਨੇ ਕਿਹਾ ਪੰਜਾਬ ਦੇ ਬਾਕੀ 9 ਮੈਰੀਟੋਰੀਅਸ ਸਕੂਲਾਂ ਵਿੱਚ ਖਾਧ ਪਦਾਰਥਾਂ ਦੇ ਸੈਂਪਲ ਸਿੱਖਿਆ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੈ ਲਏ ਗਏ ਹਨ ਅਤੇ ਇਸ ਸਮੁੱਚੀ ਕਾਰਵਾਈ ਉਤੇ ਉਹ ਖੁਦ ਨਜ਼ਰ ਰੱਖ ਰਹੇ ਹਨ।