ਓਟਾਵਾ, 20 ਅਕਤੂਬਰ, ਦੇਸ਼ ਕਲਿਕ ਬਿਊਰੋ :
ਕੈਨੇਡਾ ਨੇ ਆਪਣੇ 41 ਡਿਪਲੋਮੈਟਾਂ ਅਤੇ ਉਨ੍ਹਾਂ ਦੇ 42 ਆਸ਼ਰਿਤਾਂ ਨੂੰ ਭਾਰਤ ‘ਚੋਂ ਵਾਪਸ ਬੁਲਾ ਲਿਆ ਹੈ।ਇਹ ਜਾਣਕਾਰੀ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਦਿੱਤੀ ਹੈ। ਵੀਰਵਾਰ ਨੂੰ ਓਟਾਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਨੇਡੀਅਨ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੇ 20 ਅਕਤੂਬਰ ਤੱਕ ਦਿੱਲੀ ਵਿੱਚ 21 ਕੈਨੇਡੀਅਨ ਡਿਪਲੋਮੈਟਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਛੱਡ ਕੇ ਬਾਕੀ ਸਾਰਿਆਂ ਲਈ ਕੂਟਨੀਤਕ ਛੋਟ ਖਤਮ ਕਰਨ ਦੀ ਘੋਸ਼ਣਾ ਕੀਤੀ ਸੀ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਜੋਲੀ ਨੇ ਮੀਡੀਆ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ, ਭਾਰਤ ਦਾ ਫੈਸਲਾ ਗਲਤ ਹੈ, ਪਰ ਅਸੀਂ ਜਵਾਬੀ ਕਾਰਵਾਈ ਨਹੀਂ ਕਰਾਂਗੇ। ਜੋਲੀ ਨੇ ਕਿਹਾ ਕਿ ਹੁਣ ਤੋਂ ਸਿਰਫ਼ 21 ਕੈਨੇਡੀਅਨ ਡਿਪਲੋਮੈਟ ਹੀ ਭਾਰਤ ਵਿੱਚ ਤਾਇਨਾਤ ਹੋਣਗੇ। ਜੋਲੀ ਨੇ ਕਿਹਾ ਕਿ ਕੈਨੇਡੀਅਨ ਲੋਕਾਂ ਅਤੇ ਸਾਡੇ ਡਿਪਲੋਮੈਟਾਂ ਦੀ ਸੁਰੱਖਿਆ ਹਮੇਸ਼ਾ ਮੇਰੀ ਮੁੱਖ ਚਿੰਤਾ ਹੁੰਦੀ ਹੈ। ਉਸ ਨੇ ਭਾਰਤ 'ਤੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਕੇ ਕੂਟਨੀਤਕ ਵਿਸ਼ੇਸ਼ ਅਧਿਕਾਰਾਂ ਅਤੇ ਛੋਟਾਂ ਨੂੰ ਇਕਪਾਸੜ ਤੌਰ 'ਤੇ ਰੱਦ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ, ਇਹ ਵਿਆਨਾ ਕਨਵੈਨਸ਼ਨ ਦੀ ਸਪੱਸ਼ਟ ਉਲੰਘਣਾ ਹੈ।ਜ਼ਿਕਰਯੋਗ ਹੈ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਨੂੰ 20 ਅਕਤੂਬਰ ਤੱਕ ਆਪਣੇ ਡਿਪਲੋਮੈਟਿਕ ਸਟਾਫ਼ ਨੂੰ ਘਟਾਉਣ ਦਾ ਅਲਟੀਮੇਟਮ ਦਿੱਤਾ ਸੀ।