ਮੋਰਿੰਡਾ 31 ਜੁਲਾਈ ( ਭਟੋਆ )
ਇੱਕ ਪਾਸੇ ਜਿੱਥੇ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਰੋਜ਼ ਐਲਾਨ ਕਰ ਰਹੇ ਹਨ ਕਿ ਅਧਿਆਪਕਾਂ ਤੋਂ ਸਿਰਫ ਅਧਿਆਪਨ ਕਾਰਜ ਲਿਆ ਜਾ ਰਿਹਾ ਹੈ ਉੱਥੇ ਹੀ ਅਸਲ ਸੱਚਾਈ ਇਸਤੋਂ ਬਿਲਕੁੱਲ ਉਲਟ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਐਸਸੀ ਬੀਸੀ ਅਧਿਆਪਕ ਯੂਨੀਅਨ ਜਿਲਾ ਰੂਪਨਗਰ ਦੇ ਪ੍ਰਧਾਨ ਪਰਵਿੰਦਰ ਭਾਰਤੀ, ਜਿਲਾ ਜਰਨਲ ਸਕੱਤਰ ਰਾਜ ਰੱਤੇਵਾਲ ਤੇ ਬਲਾਕ ਮੋਰਿੰਡਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੋਰਿੰਡਾ ਤੇ ਜਰਨਲ ਸਕੱਤਰ ਸ਼ੁਸ਼ੀਲ ਕੁਮਾਰ ਨੇ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਵਿੱਚ ਜ਼ਿਆਦਾਤਰ ਇੱਕ ਜਾਂ ਦੋ ਹੀ ਅਧਿਆਪਕ ਹਨ। ਇਹਨਾਂ ਵਿੱਚੋਂ ਜਿਆਦਾਤਰ ਅਧਿਆਪਕਾਂ ਦੀ ਬੀਐਲਓ ਡਿਊਟੀ ਲੱਗੀ ਹੋਈ ਹੈ।ਕਈ ਸਕੂਲਾਂ ਵਿੱਚ ਸਾਰੇ ਸਟਾਫ ਦੀ ਹੀ ਬੀਐਲਓ ਡਿਊਟੀ ਲਗਾਈ ਗਈ ਹੈ। ਜਿਸ ਕਰਕੇ ਬੱਚਿਆਂ ਦੀ ਪੜਾਈ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਪਹਿਲਾਂ ਆਧਾਰ ਕਾਰਡ ਵੈਰੀਫਿਕੇਸ਼ਨ ਤੇ ਹੁਣ ਘਰ ਘਰ ਸਰਵੇ ਵਰਗੇ ਗੈਰ ਵਿਦਿਅਕ ਕੰਮਾਂ ਨਾਲ ਜਿੱਥੇ ਕੌਮ ਦੇ ਨਿਰਮਾਤਾ ਖੁਆਰ ਹੋ ਰਹੇ ਹਨ ਉੱਥੇ ਹੀ ਗਰੀਬ ਵਿਦਿਆਰਥੀਆਂ ਦੇ ਭਵਿੱਖ ਨਾਲ ਸਰਕਾਰ ਦੁਆਰਾ ਖਿਲਵਾੜ ਕੀਤਾ ਜਾ ਰਿਹਾ ਹੈ। ਇਸਤੋਂ ਇਲਾਵਾ ਅਧਿਆਪਕਾਂ ਦੀਆਂ ਫਲੱਡ ਡਿਊਟੀਆਂ ਵੀ ਲਗਾਈਆਂ ਗਈਆਂ ਹਨ ਜਿੱਥੇ ਕਿ ਸ਼ਾਮ 5ਵਜੇ ਤੋਂ ਸਵੇਰੇ 9 ਵਜੇ ਤੱਕ ਡਿਊਟੀ ਕਰਨੀ ਪੈ ਰਹੀ ਹੈ। ਜਥੇਬੰਦੀ ਨੇ ਜ਼ੋਰਦਾਰ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਸਾਰੀਆਂ ਗੈਰ- ਵਿੱਦਿਅਕ ਡਿਊਟੀਆਂ ਕੱਟੀਆਂ ਜਾਣ ਤੇ ਸਕੂਲਾਂ ਵਿੱਚ ਅਧਿਆਪਕ ਪੂਰੇ ਕੀਤੇ ਜਾਣ। ਜੇਕਰ ਇਸਤੇ ਜਲਦੀ ਅਮਲ ਨਹੀਂ ਕੀਤਾ ਜਾਂਦਾ ਤਾਂ ਵਿਦਿਆਰਥੀ ਹਿੱਤਾਂ ਨੂੰ ਮੁੱਖ ਰੱਖਦਿਆਂ ਜਥੇਬੰਦੀ ਵੱਲੋਂ ਜ਼ੋਰਦਾਰ ਸ਼ੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਜਤਿੰਦਰ ਸਿੰਘ ਮੋਰਿੰਡਾ, ਗੁਰਜੰਟ ਸਿੰਘ, ਗੁਰਤੇਜ ਸਿੰਘ, ਕਰਮਜੀਤ ਸਕਰੁੱਲਾਂਪੁਰੀ, ਗੁਰਚਰਨ ਸਿੰਘ ਕੋਟਲੀ, ਨੱਥੂ ਰਾਮ, ਮਲਕੀਤ ਸਿੰਘ, ਵਰਿੰਦਰ ਸਿੰਘ, ਗੁਰਮੀਤ ਸਿੰਘ, ਦਲਵਿੰਦਰ ਸਿੰਘ, ਕਮਲਦੀਪ ਸਿੰਘ, ਜਸਵਿੰਦਰ ਸਿੰਘ, ਕਸ਼ਮੀਰ ਸਿੰਘ, ਬਿੱਕਰ ਸਿੰਘ, ਲਖਵੀਰ ਸਿੰਘ, ਦੀਦਾਰ ਸਿੰਘ, ਲਖਵਿੰਦਰ ਸਿੰਘ, ਅਮਰਿੰਦਰ ਸਿੰਘ ਆਦਿ ਅਧਿਆਪਕ ਹਾਜਰ ਸਨ।