ਫਰੀਦਕੋਟ: 30 ਜੁਲਾਈ, ਦੇਸ਼ ਕਲਿੱਕ ਬਿਓਰੋ
ਕੱਲ੍ਹ ਮਿਤੀ 29/07/2023 ਨੂੰ ਡੈਮੋਕ੍ਰੈਟਿਕ ਟੀਚਰਜ਼ ਫਰੰਟ ਫਰੀਦਕੋਟ ਨੇ ਜਿਲਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਦੀ ਅਗਵਾਈ ਵਿੱਚ ਫਰੀਦਕੋਟ ਕਲੱਬ ਵਿਖੇ ਨਵੀਂ ਸਿੱਖਿਆ ਨੀਤੀ, ਸਕੂਲ ਆਫ ਐਮੀਨੈਂਸ ਅਤੇ ਸਿਲੇਬਸ ਵਿੱਚ ਕੀਤੀਆਂ ਜਾਣ ਵਾਲੀਆਂ ਸਾਜਿਸ਼ੀ ਤਬਦੀਲੀਆਂ ਅਤੇ ਲੁਕਵੇਂ ਏਜੰਡਿਆਂ ਉਪਰ ਵਿਚਾਰ ਚਰਚਾ ਕਰਵਾਈ ਗਈ। ਇਸ ਪ੍ਰੋਗਰਾਮ ਵਿੱਚ ਪ੍ਰੋਫੈਸਰ ਰਮਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਅਤੇ ਯਸ਼ਪਾਲ ਸੰਪਾਦਕ ਵਰਗ ਚੇਤਨਾ ਮੁੱਖ ਬੁਲਾਰਿਆਂ ਵਜੋਂ ਸ਼ਾਮਿਲ ਹੋਏ।
ਪ੍ਰੋਫੈਸਰ ਰਮਿੰਦਰ ਸਿੰਘ ਵੱਲੋਂ ਨਵੀਂ ਸਿੱਖਿਆ ਨੀਤੀ ਦੀ ਗੱਲ ਕਰਦੇ ਹੋਏ ਕੇੰਦਰ ਸਰਕਾਰ ਵੱਲੋਂ ਇਸ ਨੀਤੀ ਨੂੰ ਬਣਾਉਣ ਅਤੇ ਪੇਸ਼ ਕਰਨ ਸਮੇਂ ਵਰਤੇ ਗਏ ਅਸੰਵਿਧਾਨਿਕ ਅਤੇ ਗੈਰਰਵਾਇਤੀ ਤਰੀਕਿਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ। ਉਹਨਾਂ ਦੱਸਿਆ ਕਿ ਕਿਵੇਂ ਸਰਕਾਰ ਨਵੀਂ ਸਿੱਖਿਆ ਨੀਤੀ ਦੀ ਆੜ ਹੇਠ ਨਿੱਜੀਕਰਨ, ਵਪਾਰੀਕਰਨ ਅਤੇ ਭਗਵਾਂਕਰਨ ਦੇ ਆਪਣੇ ਏਜੰਡੇ ਨੂੰ ਲਾਗੂ ਕਰਨ ਲਈ ਯਤਨ ਕਰ ਰਹੀ ਹੈ।
ਯਸ਼ਪਾਲ ਸੰਪਾਦਕ ਵਰਗ ਚੇਤਨਾ ਵੱਲੋਂ ਨੈਸ਼ਨਲ ਕਰੀਕੁਲਮ ਫਰੇਮਵਰਕ 2023 ਰਾਹੀਂ ਸਿਲੇਬਸ ਵਿੱਚ ਕੀਤੇ ਜਾ ਰਹੇ ਬਦਲਾਅ ਉੱਪਰ ਸਵਾਲ ਖੜੇ ਕੀਤੇ ਗਏ ਅਤੇ ਪੰਜਾਬ ਸਰਕਾਰ ਵੱਲੋਂ ਇਸ ਮੁੱਦੇ ਉੱਪਰ ਧਾਰੀ ਹੋਈ ਚੁੱਪ ਬਾਰੇ ਵੀ ਸਵਾਲ ਉਠਾਇਆ।ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ ਵੱਲੋਂ ਸਕੂਲ ਆਫ ਐਮੀਨੈਂਸ ਜਿਸਦਾ ਸਰਕਾਰ ਵੱਲੋਂ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਬਾਰੇ ਦੱਸਿਆ ਕਿ ਕਿਵੇਂ ਇਹ ਸਕੂਲ ਸਾਰੇ ਵਿਦਿਆਰਥੀਆਂ ਦੇ ਸਾਮਾਨ ਸਿੱਖਿਆ ਦੇ ਅਧਿਕਾਰ ਨੂੰ ਅੱਖੋਂ ਪਰੋਖੇ ਕਰਦੇ ਹੋਏ ਸਿਰਫ ਸਰਕਾਰ ਦੇ ਝੂਠੇ ਏਜੰਡੇ ਅਤੇ ਕੂੜ ਪ੍ਰਚਾਰ ਦਾ ਹਿੱਸਾ ਹਨ।ਇਸ ਮੌਕੇ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਵੱਲੋਂ ਵੱਡੀ ਗਿਣਤੀ ਵਿੱਚ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਅਧਿਆਪਕਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਜ਼ਿਲਾ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਇਸ ਮੌਕੇ ਸ. ਬੂਟਾ ਸਿੰਘ, ਕੁਲਵਿੰਦਰ ਸਿੰਘ ਮੌੜ, ਖੁਸ਼ਵੰਤ ਬਰਗਾੜੀ, ਜਰਨਲ ਸਕੱਤਰ ਗਗਨ ਪਾਹਵਾ, ਸੀਨੀਅਰ ਮੀਤ ਪ੍ਰਧਾਨ ਹਰਜਸਦੀਪ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਰੰਧਾਵਾ, ਕੁਲਦੀਪ ਸਿੰਘ ਘਣੀਆ, ਅਜਾਇਬ ਸਿੰਘ, ਕੁਲਵਿੰਦਰ ਸਿੰਘ ਬਰਾੜ, ਕਰਨਵੀਰ ਸਿੰਘ, ਗੁਰਸੇਵਕ ਸਿੰਘ, ਜਸਪ੍ਰੀਤ ਸਿੰਘ ਸੰਧੂ, ਲਖਵਿੰਦਰ ਪਾਲ, ਨਵਪ੍ਰੀਤ ਸਿੰਘ ਬਰਾੜ, ਵਿੱਤ ਬੀ ਸਕੱਤਰ ਪ੍ਰਦੀਪ ਸਿੰਘ, ਪ੍ਰੈੱਸ ਸਕੱਤਰ ਲਵਕਰਨ ਸਿੰਘ, ਦਿਲਬਾਗ ਸਿੰਘ ਅਤੇ ਹੋਰ ਅਧਿਆਪਕ ਆਗੂ ਹਾਜ਼ਰ ਸਨ।