ਲੰਡਨ, 22 ਜੁਲਾਈ, ਦੇਸ਼ ਕਲਿਕ ਬਿਊਰੋ :
ਮਣੀਪੁਰ 'ਚ 3 ਮਈ ਨੂੰ ਸ਼ੁਰੂ ਹੋਈ ਦੋ ਭਾਈਚਾਰਿਆਂ ਵਿਚਾਲੇ ਹਿੰਸਾ ਅਜੇ ਵੀ ਜਾਰੀ ਹੈ। ਇਸ ਦੌਰਾਨ ਬ੍ਰਿਟੇਨ ਦੀ ਸੰਸਦ 'ਚ ਵੀ ਇਹ ਮੁੱਦਾ ਉਠਾਇਆ ਗਿਆ ਹੈ।ਬ੍ਰਿਟੇਨ ‘ਚ ਧਾਰਮਿਕ ਆਜ਼ਾਦੀ ਨਾਲ ਜੁੜੇ ਮਾਮਲਿਆਂ ਦੀ ਵਿਸ਼ੇਸ਼ ਰਾਜਦੂਤ ਅਤੇ ਸੰਸਦ ਮੈਂਬਰ ਫਿਓਨਾ ਬਰੂਸ ਨੇ ਵੀਰਵਾਰ ਨੂੰ ਬੀਬੀਸੀ 'ਤੇ ਮਣੀਪੁਰ ਹਿੰਸਾ ਦੀ ਸਹੀ ਰਿਪੋਰਟ ਨਾ ਕਰਨ ਦਾ ਦੋਸ਼ ਲਗਾਇਆ। ਬ੍ਰਿਟੇਨ ਦੇ ਹੇਠਲੇ ਸਦਨ 'ਚ ਬਰੂਸ ਨੇ ਸਵਾਲ ਕੀਤਾ ਕਿ ਮਣੀਪੁਰ 'ਚ ਮਈ ਤੋਂ ਲੈ ਕੇ ਹੁਣ ਤੱਕ ਕਈ ਚਰਚਾਂ ਨੂੰ ਸਾੜ ਦਿੱਤਾ ਗਿਆ ਹੈ, 100 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ। ਨਾ ਸਿਰਫ਼ ਚਰਚ ਸਗੋਂ ਉਨ੍ਹਾਂ ਨਾਲ ਜੁੜੇ ਸਕੂਲਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਬਰੂਸ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਇਹ ਸਭ ਯੋਜਨਾਬੰਦੀ ਤਹਿਤ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਹਮਲਿਆਂ ਵਿਚ ਧਰਮ ਇਕ ਵੱਡਾ ਕਾਰਕ ਹੈ।ਬਰੂਸ ਨੇ ਕਿਹਾ ਕਿ ਮਣੀਪੁਰ ਵਿੱਚ ਲੋਕ ਮਦਦ ਲਈ ਦੁਹਾਈ ਦੇ ਰਹੇ ਹਨ। ਉਨ੍ਹਾਂ ਨੇ ਪੁੱਛਿਆ ਹੈ ਕਿ ਚਰਚ ਆਫ ਇੰਗਲੈਂਡ ਉਨ੍ਹਾਂ ਲੋਕਾਂ ਵੱਲ ਧਿਆਨ ਦੇਣ ਲਈ ਕੀ ਕਰ ਸਕਦਾ ਹੈ।ਇਸ ਦੌਰਾਨ ਐਂਡਰਿਊ ਸੇਲਸ ਨਾਂ ਦੇ ਇਕ ਹੋਰ ਸੰਸਦ ਮੈਂਬਰ ਨੇ ਬ੍ਰਿਟਿਸ਼ ਸੰਸਦ ਵਿਚ ਮਣੀਪੁਰ ਦਾ ਮੁੱਦਾ ਉਠਾਉਣ ਲਈ ਬਰੂਸ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਬਰੂਸ ਨੇ ਇਹ ਮੁੱਦਾ ਸੰਸਦ ਦੇ ਧਿਆਨ ਵਿੱਚ ਲਿਆ ਕੇ ਬਹੁਤ ਵਧੀਆ ਕੰਮ ਕੀਤਾ ਹੈ।