ਪੰਜਾਬ ਸਰਕਾਰ ਨੇ 5 ਨਾਂਵਾਂ ਦਾ ਪੈਨਲ ਰਾਜਪਾਲ ਬੀ.ਐੱਲ. ਪੁਰੋਹਿਤ ਨੂੰ ਭੇਜਿਆ
ਚੰਡੀਗੜ੍ਹ,6 ਜੂਨ,ਦੇਸ਼ ਕਲਿਕ ਬਿਊਰੋ:
ਪੰਜਾਬ ਸਰਕਾਰ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਹੈਲਥ ਐਂਡ ਸਾਇੰਸ ਦੇ ਵਾਈਸ ਚਾਂਸਲਰ (ਵੀਸੀ) ਦੀ ਨਿਯੁਕਤੀ ਜਲਦ ਕੀਤੇ ਜਾਣ ਦੀ ਸੰਭਾਵਨਾ ਹੈ। ਸੂਬਾ ਸਰਕਾਰ ਨੇ ਪੰਜਾਬ ਦੇ ਰਾਜਪਾਲ ਬੀ.ਐੱਲ. ਪੁਰੋਹਿਤ ਨੂੰ 5 ਮੈਂਬਰੀ ਪੈਨਲ ਭੇਜਿਆ ਹੈ। ਰਾਜਪਾਲ ਜਲਦੀ ਹੀ ਪੈਨਲ ਵਿੱਚੋਂ ਇੱਕ ਮੈਂਬਰ ਦੇ ਨਾਮ 'ਤੇ ਮੋਹਰ ਲਗਾ ਸਕਦੇ ਹਨ।ਪੈਨਲ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਨਾਵਾਂ ਵਿੱਚ ਪੀਜੀਆਈ ਦੇ ਡੀਨ ਪ੍ਰੋਫੈਸਰ ਰਾਕੇਸ਼ ਸਹਿਗਲ, ਪੀਜੀਆਈ ਨਿਊਕਲੀਅਰ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਬਲਜਿੰਦਰ ਸਿੰਘ, ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਕੇਕੇ ਅਗਰਵਾਲ, ਚੰਡੀਗੜ੍ਹ ਜੀਐਮਸੀਐਚ-32 ਮਾਈਕਰੋਬਾਇਓਲੋਜੀ ਵਿਭਾਗ ਦੇ ਸਾਬਕਾ ਐਚਓਡੀ ਪ੍ਰੋਫੈਸਰ ਜਗਦੀਸ਼ ਚੰਦਰ ਅਤੇ ਦਿੱਲੀ ਦੇ ਪ੍ਰੋ. ਰਾਜੀਵ ਸੂਦ ਹਨ।ਰਾਜਪਾਲ ਨੂੰ ਪੈਨਲ ਭੇਜਣ ਤੋਂ ਪਹਿਲਾਂ ਮੁੱਖ ਸਕੱਤਰ ਵੀਕੇ ਜੰਜੂਆ ਦੀ ਅਗਵਾਈ ਵਾਲੀ ਕਮੇਟੀ ਨੇ ਸਾਰੇ ਪੰਜ ਨਾਵਾਂ 'ਤੇ ਚਰਚਾ ਕੀਤੀ ਸੀ। ਸਾਰਿਆਂ ਦੀ ਸਹਿਮਤੀ ਤੋਂ ਬਾਅਦ ਕਿਸੇ ਇੱਕ ਨਾਂ 'ਤੇ ਫੈਸਲੇ ਲਈ ਫਾਈਲ ਪੰਜਾਬ ਦੇ ਰਾਜਪਾਲ ਨੂੰ ਭੇਜ ਦਿੱਤੀ ਗਈ। ਰਾਜਪਾਲ ਇੱਕ ਹਫ਼ਤੇ ਦੇ ਅੰਦਰ ਕਿਸੇ ਇੱਕ ਨਾਮ 'ਤੇ ਮੋਹਰ ਲਗਾ ਸਕਦੇ ਹਨ।