ਮੋਹਾਲੀ: 6 ਜੂਨ, ਜਸਵੀਰ ਸਿੰਘ ਗੋਸਲ
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਸ਼ਵ ਵਾਤਾਵਰਣ ਦਿਵਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ ਵਿਖੇ ਪ੍ਰਿੰਸੀਪਲ ਪੁਸ਼ਪਿੰਦਰ ਕੌਰ ਅਤੇ ਚੇਅਰਮੈਨ ਕੁਲਵਿੰਦਰ ਸਿੰਘ, ਸਰਪੰਚ ਸਾਧੂ ਸਿੰਘ ਦੇ ਸਹਿਯੋਗ ਨਾਲ ਵਿਦਿਆਰਥੀਆਂ ਅਤੇ ਪਤਵੰਤਿਆਂ ਵੱਲੋਂ ਪੌਦੇ ਲਗਾ ਕੇ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਪੁਸ਼ਪਿੰਦਰ ਕੌਰ ਨੇ ਜਾਣਕਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਿੰਘਪੁਰਾ, ਗੋਸਲਾਂ, ਕਾਲੇਵਾਲ,ਬਰੌਲੀ ਅਤੇ ਚੁਤਾਮਲੀ ਦੇ ਬੱਚੇ ਪੜ੍ਹਨ ਲਈ ਆਉਂਦੇ ਹਨ। ਸਕੂਲ ਵਿੱਚ ਸਾਇੰਸ ਗਰੁੱਪ ਅਤੇ ਆਰਟਸ ਗਰੁੱਪ ਦੀਆਂ ਕਲਾਸਾਂ ਸ਼ੁਰੂ ਹਨ। ਪ੍ਰੰਤੂ ਸਾਇੰਸ ਗਰੁੱਪ ਦੇ ਲੈਕਚਰਾਰਜ਼ ਦੀਆਂ ਆਸਾਮੀਆਂ ਖ਼ਾਲੀ ਹੋਣ ਕਾਰਨ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਮੁਸ਼ਕਲ ਆਉਂਦੀ ਹੈ।
ਪਿੰਡ ਦੇ ਸਰਪੰਚ ਸਾਧੂ ਸਿੰਘ ਜੋ ਆਪ,ਪੜ੍ਹੇ ਲਿਖੇ, ਇਮਾਨਦਾਰ ਅਤੇ ਖੇਡ ਪ੍ਰੇਮੀ ਹਨ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕੀਤੀ ਹੈ ਕਿ ਸਾਇੰਸ ਗਰੁੱਪ ਦੀਆਂ ਆਸਾਮੀਆਂ ਨੂੰ ਪਹਿਲ ਦੇ ਆਧਾਰ ਪੂਰ ਕੀਤਾ ਜਾਵੇ ਤਾਂ ਜੋ ਇਲਾਕੇ ਵਿੱਚ ਇਹ ਸਕੂਲ ਨੰਬਰ ਇੱਕ ਬਣ ਸਕੇ।ਇਸ ਮੌਕੇ ਚੇਅਰਮੈਨ ਕੁਲਵਿੰਦਰ ਸਿੰਘ, ਸਰਪੰਚ ਸਾਧੂ ਸਿੰਘ, ਪ੍ਰਧਾਨ ਅਰਵਿੰਦਰ ਸਿੰਘ ਪੈਂਟਾ , ਲੈਕਚਰਾਰ ਰਾਜਨ ਸ਼ਰਮਾ ਅਤੇ ਵਿਦਿਆਰਥੀ ਹਾਜ਼ਰ ਸਨ।