ਮੋਹਾਲੀ, 1 ਮਈ, ਜਸਵੀਰ ਗੋਸਲ :
ਅੱਜ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਮੀਟਿੰਗ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਜੀ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਨਵ ਪਦ ਉਨਤ ਹੋਏ ਪ੍ਰਿੰਸੀਪਲਾਂ ਦੀ ਰਿਵਰਸ਼ਨ ਦੀ ਸਮੱਸਿਆ ਤੇ ਚਰਚਾ ਕੀਤੀ ਗਈ |ਇਸ ਸੰਬੰਧ ਵਿੱਚ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਮਿਤੀ 25-11-2022 ਨੂੰ ਲੈਕਚਰਾਰ, ਹੈੱਡ ਮਾਸਟਰ ਤੇ ਵੋਕੇਸ਼ਨਲ ਮਾਸਟਰ ਤੋਂ ਬਤੌਰ ਪ੍ਰਿੰਸੀਪਲ ਪਦ ਉਨਤੀਆਂ ਲਈ 194 ਅਸਾਮੀਆਂ ਲਈ ਡੀ. ਪੀ. ਸੀ. ਕੀਤੀ ਗਈ ਸੀ| ਇਸ ਡੀ. ਪੀ. ਸੀ. ਨੂੰ ਆਪਣੇ ਨਿੱਜੀ ਮੁਫ਼ਾਦ ਲਈ ਰੁਕਵਾਉਣ ਹਿੱਤ ਪ੍ਰਿੰਸੀਪਲ ਸ੍ਰੀ ਸੁਰਿੰਦਰਪਾਲ ਸਿੰਘ ਤੇ ਲੈਕਚਰਾਰ ਸ੍ਰੀ ਕ੍ਰਿਸ਼ਨ ਸਿੰਘ ਦੁੱਗਾ ਲਗਾਤਾਰ ਯਤਨਸ਼ੀਲ ਸਨ।ਇਹਨਾਂ ਵੱਲੋਂ ਨੈਸ਼ਨਲ ਪੱਧਰ ਤੇ ਮਾਨਯੋਗ ਐੱਸ. ਸੀ. ਕਮਿਸ਼ਨ ਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਥਾਪਿਤ ਲੇਕਚਰਾਰਜ਼ ਦੀ ਸੀਨੀਅਰਤਾ ਸੂਚੀ ਦੇ ਵਿਰੁੱਧ ਸ਼ਕਾਇਤ ਕੀਤੀ ਗਈ ਸੀ | ਉਹਨਾਂ ਦੱਸਿਆ ਕਿ ਇਹ ਜ਼ਿਕਰਯੋਗ ਹੈ ਕਿ ਉਕਤ ਡੀ . ਪੀ. ਸੀ. ਵਿੱਚ ਐੱਸ. ਸੀ. ਵਰਗ ਦੀਆਂ 4 ਬੇਕਲਾਗ ਦੀਆਂ ਅਸਾਮੀਆਂ ਸਹਿਤ 31 ਪਦ ਉਨਤੀਆਂ ਕੀਤੀਆਂ ਗਈਆਂ ਸਨ | ਹੁਣ ਇਸ ਸ਼ਿਕਾਇਤ ਤੇ ਮਾਨਯੋਗ ਐੱਸ. ਸੀ. ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਇਹ ਪਦ ਉਨਤੀਆਂ ਰੱਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ|ਇਸ ਸੰਬੰਧੀ ਗੱਲ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਸ੍ਰੀ ਅਮਨ ਸ਼ਰਮਾ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਨਵੰਬਰ 2019 ਤੋਂ ਬਾਅਦ ਨਵੰਬਰ 2023 ਵਿੱਚ ਵੱਖ ਵੱਖ ਸਕੂਲਾਂ ਵਿਚ ਪਦ ਉਨਤੀ ਦੇ ਅਧਾਰ ' ਤੇ ਪ੍ਰਿੰਸੀਪਲਾਂ ਦੀ ਨਿਯੁਕਤੀ ਕੀਤੀ ਗਈ ਸੀ । ਇਸ ਸਬੰਧੀ ਪਿਛਲੇ ਦਿਨੀਂ ਸਿੱਖਿਆ ਵਿਭਾਗ ਨੇ ਨੈਸ਼ਨਲ ਐਸਸੀ ਕਮਿਸ਼ਨ ਨੂੰ ਲਿਖ ਕੇ ਦਿੱਤਾ ਹੈ ਕਿ ਇਸ ਸਬੰਧੀ ਜਾਰੀ ਚਿੱਠੀ ਵਾਪਸ ਲਈ ਜਾਵੇਗੀ, ਜਿਸ ਕਰਕੇ ਇਨ੍ਹਾਂ ਪਦ - ਉਨਤ ਹੋਏ ਪ੍ਰਿੰਸੀਪਲਾਂ ਦੀ ਰਿਵਰਸ਼ਨ ਦਾ ਖਤਰਾ ਪੈਦਾ ਹੋ ਗਿਆ ਹੈ ਜੋ ਬਹੁਤ ਹੀ ਮੰਦਭਾਗਾ ਹੈ | ਇਸ ਸੰਬੰਧ ਵਿੱਚ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਦ ਉਨਤੀਆਂ ਨੂੰ ਵਾਪਸ ਲੈਣਾ 31 ਨਵ ਪਦ ਉਨਤ ਐੱਸ. ਸੀ. ਭਾਈਚਾਰੇ ਦੇ ਪ੍ਰਿੰਸੀਪਲਾਂ ਸਮੇਤ ਨਵ ਪਦ ਉਨਤ ਹੋਏ ਸਮੁੱਚੇ ਪ੍ਰਿੰਸੀਪਲਾਂ ਨਾਲ਼ ਵੱਡੀ ਬੇ ਇਨਸਾਫੀ ਹੋਵੇਗੀ ਅਤੇ ਇਹਨਾਂ ਨੂੰ ਭਾਰੀ ਮਾਨਸਿਕ ਪ੍ਰੇਸ਼ਾਨੀ ਚੋਂ ਗੁਜਰਨਾ ਪਵੇਗਾ|ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਮੁੱਦੇ ਨੂੰ ਮੈਰਿਟ ਦੇ ਆਧਾਰ ਤੇ ਵਿਚਾਰਿਆ ਜਾਵੇ ਤੇ ਨਵ ਪਦ ਉਨਤ ਪ੍ਰਿੰਸੀਪਲਾਂ ਨਾਲ਼ ਇਨਸਾਫ਼ ਕਰਦੇ ਹੋਏ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਤਕਰੀਬਨ 580 ਖ਼ਾਲੀ ਪਈਆਂ ਪ੍ਰਿੰਸੀਪਲਾਂ ਦੀਆਂ ਪੋਸਟਾਂ ਵਿਦਿਆਰਥੀਆਂ ਦੇ ਹਿੱਤ ਵਿੱਚ ਜਲਦੀ ਭਰੀਆਂ ਜਾਣ|
ਇਸ ਸਮੇਂ ਸ਼੍ਰੀ ਰਾਜ ਕੁਮਾਰ,ਸ਼੍ਰੀ ਸਿਕੰਦਰ ਸਿੰਘ,ਸ਼੍ਰੀਮਤੀ ਸੀਮਾ ਖੈਰਾ, ਸ਼੍ਰੀਮਤੀ ਵਰਿੰਦਰਜੀਤ ਕੌਰ,ਸ਼੍ਰੀਮਤੀ ਵੰਦਨਾ, ਸ਼੍ਰੀ ਸ਼ਾਮ ਕੁਮਾਰ ਆਦਿ ਹਾਜ਼ਰ ਸਨ।