ਮੋਹਾਲੀ: 20 ਅਪ੍ਰੈਲ, ਜਸਵੀਰ ਸਿੰਘ ਗੋਸਲ
ਪੰਜਾਬ ਸਿਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸਕੂਲਾਂ ਵਿਦਿਆਰਥੀਆਂ ਨੂੰ ਦਾਖ਼ਲ ਕਰਨ ਲਈ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਰਕਾਰੀ ਸਹੂਲਤਾਂ, ਵਜ਼ੀਫ਼ੇ ਅਤੇ ਪੜ੍ਹਾਈ ਨਾਲ ਸਬੰਧਤ ਸਕੀਮਾਂ ਬਾਰੇ ਜਾਣਕਾਰੀ ਦੇ ਕੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਪ੍ਰੰਤੂ ਖ਼ਾਲੀ ਆਸਾਮੀਆਂ ਭਰਨ ਅਤੇ ਪਦੳਨਤੀ ਕਰਨ ਦੀ ਵਿਭਾਗ ਦੀ ਪ੍ਰੀਕਿਰਿਆ ਬਹੁਤ ਹੌਲੀ ਹੋਣ ਕਾਰਨ ਵਿਦਿਆਰਥੀਆਂ ਨੂੰ ਖਾਮਿਆਜ਼ਾ ਭੁਗਤਣਾ ਪੈਂਦਾ ਹੈ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਵਲੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਰਥ ਵਿਗਿਆਨ ਦੀਆਂ 188 ਆਸਾਮੀਆਂ ਖਾਲੀ ਹਨ ਜਿਵੇਂ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 6, ਬਰਨਾਲਾ ਜ਼ਿਲ੍ਹੇ ਦੇ 3, ਬਠਿੰਡਾ ਜ਼ਿਲ੍ਹੇ ਦੇ 10, ਫ਼ਤਿਹ ਗੜ੍ਹ ਸਾਹਿਬ ਜ਼ਿਲ੍ਹੇ ਦੇ 1, ਫਾਜ਼ਿਲਕਾ ਜ਼ਿਲ੍ਹੇ ਦੇ 8, ਫਿਰੋਜ਼ਪੁਰ ਜ਼ਿਲ੍ਹੇ ਦੇ 5, ਗੁਰਦਾਸਪੁਰ ਜ਼ਿਲ੍ਹੇ ਦੇ 27, ਹੁਸ਼ਿਆਰਪੁਰ ਜ਼ਿਲ੍ਹੇ ਦੇ 17, ਜਲੰਧਰ ਜ਼ਿਲ੍ਹੇ ਦੇ 7, ਕਪੂਰਥਲਾ ਜ਼ਿਲ੍ਹੇ ਦੇ 7, ਲੁਧਿਆਣਾ ਜ਼ਿਲ੍ਹੇ ਦੇ 10, ਮਲੇਰਕੋਟਲਾ ਜ਼ਿਲ੍ਹੇ ਦੇ 3,ਮਾਨਸਾ ਜ਼ਿਲ੍ਹੇ ਦੇ 1,ਮੋਗਾ ਜ਼ਿਲ੍ਹੇ ਦੇ 7,ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 6, ਪਠਾਨਕੋਟ ਜ਼ਿਲੇ ਦੇ 9, ਪਟਿਆਲਾ ਜ਼ਿਲ੍ਹੇ ਦੇ 8, ਸ਼ਹੀਦ ਭਗਤ ਸਿੰਘ ਜ਼ਿਲ੍ਹਾ ਦੇ 11, ਸੰਗਰੂਰ ਜ਼ਿਲ੍ਹੇ ਦੇ 12, ਮੋਹਾਲੀ ਜ਼ਿਲ੍ਹੇ ਦੇ 4, ਤਰਨਤਾਰਨ ਜ਼ਿਲ੍ਹੇ ਦੇ 22, ਅਤੇ ਰੋਪੜ ਜ਼ਿਲ੍ਹੇ ਦੇ 4 ਸਕੂਲਾਂ ਵਿੱਚ ਅਰਥ ਵਿਗਿਆਨ ਦੀਆਂ ਆਸਾਮੀਆਂ ਖ਼ਾਲੀ ਹਨ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਅਤੇ ਪ੍ਰੈਸ ਸਕੱਤਰ ਰਨਬੀਰ ਸਿੰਘ ਸੋਹਲ ਨੇ ਸਿਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਅਤੇ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੂੰ ਖਾਲੀ ਆਸਾਮੀਆਂ ਨੂੰ ਪਦ ਉੱਨਤ ਕਰਕੇ ਅਤੇ ਨਵੀਂ ਭਰਤੀ ਰਾਹੀਂ ਪੁਰਜ਼ੋਰ ਭਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਅਤੇ ਮਾਸਟਰ ਕੇਡਰ ਦੇ ਅਧਿਆਪਕਾਂ ਨੂੰ ਤਰੱਕੀਆਂ ਮਿਲਣਗੀਆਂ। ਆਮ ਆਦਮੀ ਪਾਰਟੀ ਦੇ ਸਿੱਖਿਆ ਸੁਧਾਰਾਂ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।